ਸ੍ਰੀ ਗੁਰੂ ਜੀ ਸਾਰਾ ਕੱਤਕ ਤੇ ਸਾਰਾ ਮੱਘਰ ਸਾਡੇ ਨੱਗਰ ਹੀ ਰਹੇ, ਤੱਪਾ ਤੇ ਲਾਗੇ ਦੇ ਗਿਰਾਈਂ ਦੂਰ ਦੂਰ ਤੱਕ "ਧੰਨ ਸ੍ਰੀ ਗੁਰੂ ਨਾਨਕ, ਧੰਨ ਸ੍ਰੀ ਗੁਰੂ ਨਾਨਕ" ਹੋ ਗਿਆ। ਬੜੇ ਬੜੇ ਅਧਮ ਜੀਵ ਤਰ ਗਏ। ਹੁਣ ਆਪ ਨੇ ਕਿਸੇ ਹੋਰ ਧਰਤੀ ਨੂੰ ਤਾਰਨ ਲਈ ਜਾਣਾ ਸੀ, ਮੇਰਾ ਪਿਆਰ ਕਦ ਇਹ ਸਹਿ ਸਕਦਾ ਸੀ ਕਿ ਉਹ ਵਿਛੁੜਨ? ਪਰ ਹੁਣ ਮੇਰੇ ਪਿਆਰ ਦਾ ਅਕਾਸ਼ ਤੇ ਹੱਦਾਂ ਉਚੇਰੀਆਂ ਹੋ ਗਈਆਂ ਸਨ। ਉਹਨਾਂ ਦਾ ਅਵਤਾਰ ਸੰਸਾਰ ਪਰ ਪ੍ਰਾਣੀ ਮਾਤ੍ਰ ਲਈ ਸੀ ਤੇ ਮੈਨੂੰ ਇਹ ਜਾਪਦਾ ਸੀ ਕਿ ਉਹਨਾਂ ਦੀ ਪ੍ਰਸੰਨਤਾ ਵਿਚ ਪ੍ਰਸੰਨ ਤੋਂ ਉਹਨਾਂ ਦੀ ਆਸ਼ਾ ਵਿਚ ਹਾਜ਼ਰ ਇਹ ਮੇਰਾ ਅਦਬ ਵਾਲਾ ਪ੍ਰੇਮ ਹੋ ਸਕਦਾ ਹੈ। ਜੀ ਖੁਸਦਿਆਂ ਤੇ ਕਾਲਜੇ ਵਿਚ ਤੀਰ ਵਜਦਿਆਂ ਇਸ ਉੱਚੇ ਭਾਵ ਨੇ ਮੈਨੂੰ ਪਹਿਲੇ ਦਿਨਾਂ ਦੇ ਹੱਦ ਬੰਨੇ ਵਾਲੇ ਪਿਆਰ ਵਿਚ ਨਹੀਂ ਘੁੱਟਿਆ। ਮੈਂ ਖੁਸ਼ ਸੀ ਅਰ ਇਹ ਅਰਦਾਸ ਕਰਦੀ ਸਾਂ:-
ਜਿਨ੍ਹ ਰਾਹੀਂ ਚੱਲੋ ਹੋ ਸਤਿਗੁਰ! ਮੁੜ ਉਨ੍ਹ ਰਾਹੀਂ ਆਣਾ।
ਦਿਲ ਮੇਰੇ ਵਿਚ ਵਾਸ ਰਹੇ ਜਦ ਅੱਖ ਉਹਲੇ ਹੋ ਜਾਣਾ।
ਯਾਦ ਰੂਸਾਂ ਜੋ ਬਖਸ਼ੀ ਆਪੇ ਉਸ ਨੂੰ ਆਪ ਪੁਗਾਣਾਂ,-
ਇਕ ਦਮ ਕਦੇ ਨ ਵਿਸਰ ਸਾਨੂੰ, ਚਰਨਾਂ ਵਿਚ ਰਹਾਣਾਂ।
ਯਾਦ ਅਸਾਡੀ ਪਵੇ ਜਿ ਦਿੱਲੀ ਇਸ ਨੂੰ ਖਿੱਚ ਰਖਾਣਾਂ।
ਅੱਜ ਚਲੇ ਹੋ ਜੇ ਸਤਿਗੁਰ ਜੀ! ਮੁੜ ਬੀ ਫੇਰਾ ਪਾਣਾਂ।
ਰੁਲਦਿਆਂ ਖੁਲਦਿਆਂ, ਨੀਵਿਆਂ ਕੋਲੋਂ ਲੜ ਨਾ ਕਦੇ ਛੁਡਾਣਾਂ।
ਇਸ ਤਰ੍ਹਾਂ ਦੇ ਪਿਆਰ ਬਿਰਹੋਂ ਦੇ ਸਾਡੇ ਰੰਗਾਂ ਵਿਚ ਸਤਿਗੁਰਾਂ ਨੇ ਤਿਆਰੀ ਕਰ ਲਈ। ਤੁਰਨ ਦੇ ਦਿਨਾਂ ਤੋਂ ਪਹਿਲੇ ਮੇਰੇ ਵਿਆਹ ਦੀ ਗੱਲ ਛਿੜੀ, ਪਿਤਾ ਜੀ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ। ਜਦ ਆਪ ਜੀ ਨੇ ਕਿਰਪਾ ਕਰੋ ਨੇਤਰਾਂ ਨਾਲ ਮੇਰੀ ਵੱਲ ਤੱਕਿਆ ਤਾਂ ਮੈਂ ਚਰਨ ਪਕੜਕੇ ਰੋ ਪਈ ਤੇ ਬੇਨਤੀ ਕੀਤੀ:"ਹੈ ਜਾਣੀ ਜਾਣ ਜੀ! ਸੰਸਾਰ ਅਗਨਿ ਤੋਂ ਰੱਖ ਲਵੋ।"
ਆਖਣ ਲੱਗੇ "ਅਸਾਂ ਅੱਗ ਵਿਚ ਪਾਣੀ ਰੱਖਿਆ ਹੈ, ਤੇ ਬੰਧਨ ਵਿਚ ਮੁਕਤਿ ਰਖੀ ਹੈ, ਗ੍ਰਿਹਸਤ ਵਿਚ ਨਿਰਬਾਣ ਸਿਖਲਾਣ ਆਏ ਹਾਂ।" ਮੈਂ ਕਿਹਾ: 'ਸੱਤਿ ਬਚਨ! ਜੋ ਆਪ ਦਾ ਹੁਕਮ ਹੈ ਉਹ ਮੇਰਾ ਜੀਵਨ ਹੈ।" ਤਦ ਆਪ ਬੋਲੇ: "ਗ੍ਰਿਹਸਤੀ ਵਾਹਿਗੁਰੂ ਤੱਕ ਪਹੁੰਚੇ। 'ਵਾਹਿਗੁਰੂ ਦਾ ਪਿਆਰ' ਤੇ 'ਗ੍ਰਿਹਸਤ