ਨੇੜਲੇ ਜੀਵਨ ਦੀ ਸੁੰਦਰਤਾ ਸਾਡੇ ਮਨ ਉੱਤੇ ਸੁੰਦਰ ਅਤੇ ਸਿਹਤਮੰਦ ਪ੍ਰਭਾਵ ਪਾਉਣ ਦੀ ਥਾਂ ਇਸ ਨੂੰ ਕਈ ਪ੍ਰਕਾਰ ਦੀ ਸੂਖਮ ਕੁਰੂਪਤਾ ਨਾਲ ਭਰ ਦਿੰਦੀ ਹੈ। ਆਪਣੀ ਸੰਸਕ੍ਰਿਤੀ ਦੀ ਪੁਰਾਤਨਤਾ, ਉੱਤਮਤਾ ਅਤੇ ਗੰਭੀਰਤਾ ਦਾ ਗੌਰਵ ਮਨੁੱਖੀ ਮਨ ਵਿਚ ਆਪਣੇ ਆਪ ਨੂੰ ਦੂਜਿਆਂ ਨਾਲੋਂ ਸ੍ਰੇਸ਼ਟ ਸਮਝਣ ਦਾ 'ਪੇਤਲਾਪਨ' ਪੈਦਾ ਕਰ ਸਕਦਾ ਹੈ। ਇਸ 'ਪੇਤਲੇਪਨ' ਵਿਚ ਰੜਕਦੀਆਂ 'ਮੱਛੀਆਂ' ਨੇ ਮਨੁੱਖੀ ਜੀਵਨ ਦੇ ਪਾਣੀਆਂ ਨੂੰ ਬਾਰ ਬਾਰ ਗਿੰਝਾਲਣ (ਗੰਦਾ ਕਰਨ) ਦੀ ਮੂਰਖਤਾ ਕੀਤੀ ਹੈ। ਮੈਂ ਜਿੰਨਾ ਚਿਰ ਮਾਰਕਸ ਆਰਿਲੀਅਸ ਬਾਰੇ ਜਾਣਦਾ ਨਹੀਂ ਸਾ, ਓਨਾ ਚਿਰ ਰਾਜਾ ਜਨਕ ਨੂੰ ਮਾਇਆ ਵਿਚ ਉਦਾਸੀ (ਨਿਰਲੇਪ) ਮੰਨ ਕੇ ਭਾਰਤੀ ਸਿਧਾਂਤਕਾਰਾਂ ਦਾ ਗੁਣ-ਗਾਨ ਕਰਨ ਵਿਚ ਗੋਰਵ ਮਹਿਸੂਸ ਕਰਦਾ ਸਾਂ। ਜਦੋਂ ਤੋਂ ਇਹ ਜਾਣਿਆ ਹੈ ਕਿ ਆਰਿਲੀਅਸ ਨਿਰਲੇਪ ਨਹੀਂ ਸੀ, ਸਗੋਂ ਰਾਜ-ਕਾਜ ਨੂੰ ਆਪਣੇ ਮਨ ਦੀ ਉਦਾਸੀ ਦਾ ਕਾਰਨ ਸਮਝਦਾ ਸੀ, (ਨਿਰਾ 'ਇਕ ਕਾਰਨ' ਹੀ ਨਹੀਂ, ਸਗੋਂ 'ਮੂਲ ਕਾਰਨ' ਸਮਝਦਾ ਸੀ) ਓਦੋਂ ਤੋਂ ਰਾਜਾ ਜਨਕ ਦੀ ਨਿਰਲੇਪਤਾ ਮੈਨੂੰ ਸੰਭਵ ਅਤੇ ਸਾਰਥਕ ਪ੍ਰਤੀਤ ਹੋਣੋਂ ਹਟ ਕੇ ਆਪਣੇ ਆਪ ਨਾਲ ਕੀਤਾ ਜਾਣ ਵਾਲਾ ਧੋਖਾ ਜਾਪਣ ਲੱਗ ਪਈ ਹੈ। ਕਿਸੇ ਨਿਰਲੇਪਤਾ ਦੀ ਨਿਰਜਿੰਦ, ਨੀਰਸ ਅਤੇ ਅਣ-ਮਨੁੱਖੀ ਮਾਨਸਿਕ ਸ਼ਕਤੀ ਨਾਲੋਂ ਸਹਾਨਭੂਤੀ ਦੀ ਮਾਨਸਿਕ ਕਮਜ਼ੋਰੀ ਕਿਤੇ ਵੱਧ ਸਤਿਕਾਰਯੋਗ ਅਤੇ ਸੁੰਦਰ ਹੈ, ਕਿਉਂਜ਼ ਇਹ ਕਮਜ਼ੋਰੀ ਇਸ ਧਰਤੀ ਉਤਲੇ ਜੀਵਨ ਦੀ ਹੈ; ਇਸ ਵਿਚਲੀਆਂ ਸਾਂਝਾਂ ਦੀ ਉਪਜ ਹੈ ਅਤੇ ਨਿਰਲੇਪਤਾ ਆਕਾਸ਼ੋਂ ਉਤਰੇ ਕਿਸੇ ਆਦਰਸ਼ ਦੀ ਅਧੀਨਗੀ ਹੈ, ਜਿਸ ਦੀ ਸੱਚਾਈ ਦੀ ਕੋਈ ਪਰਖ ਹੈ ਹੀ ਨਹੀਂ।
ਵਿਸ਼ਵ-ਨਾਗਰਿਕਤਾ ਦੇ ਵਿਚਾਰ ਨੂੰ ਵਿਸਥਾਰਣ ਅਤੇ ਪ੍ਰਚਾਰਣ ਦਾ ਕੰਮ ਆਧੁਨਿਕ ਯੁਗ ਵਿਚ, ਪੁਰਾਤਨ ਯੁਗ ਨਾਲੋਂ ਜ਼ਿਆਦਾ ਜ਼ਰੂਰੀ ਬਣ ਗਿਆ ਹੈ। ਸਾਇੰਸ, ਸਨਅਤ ਅਤੇ ਤਕਨੀਕ ਨੇ ਦੁਨੀਆਂ ਛੋਟੀ ਕਰ ਦਿੱਤੀ ਹੈ। ਪੱਛਮੀ ਸੱਭਿਅਤਾ, ਜਿਸ ਨੂੰ ਹੁਣ ਪੱਛਮੀ ਦੀ ਥਾਂ ਮਸ਼ੀਨੀ ਕਹਿਣਾ ਵਧੇਰੇ ਯੋਗ ਹੈ, ਹਰ ਮਨੁੱਖ ਨੂੰ ਮੋਹਣ ਦਾ ਮੋਹਿਨੀ-ਮੰਤ੍ਰ ਜਾਣਦੀ ਹੈ। ਸੰਸਾਰ ਦੀਆਂ ਦੂਜੀਆਂ ਸਾਰੀਆਂ ਸੱਭਿਅਤਾਵਾਂ ਆਪਣੇ ਇਤਿਹਾਸ, ਵਿਕਾਸ ਅਤੇ ਪ੍ਰਕਾਸ਼ ਲਈ ਮਸ਼ੀਨੀ ਸੱਭਿਅਤਾ ਦੁਆਰਾ ਦੱਸੇ ਹੋਏ ਤਰੀਕਿਆਂ ਅਤੇ ਇਸੇ ਦੀਆਂ ਦਿੱਤੀਆਂ ਹੋਈਆਂ ਤਕਨੀਕੀ ਦਾਤਾਂ ਲਈ ਝੋਲੀ ਫੈਲਾਉਣ ਉੱਤੇ ਮਜਬੂਰ ਹਨ। ਉਹ ਦਿਨ ਆ ਗਏ ਹਨ, ਜਦੋਂ ਮਨੁੱਖ ਆਪਣੇ ਨਾਲੋਂ ਵਿਰੋਧੀ ਵਿਚਾਰਾਂ ਅਤੇ ਹਿਤਾਂ ਦੇ ਧਾਰਨੀਆਂ ਨੂੰ ਮਸ਼ੀਨੀ ਯੁਗ ਵਿਚ, ਵਿਗਿਆਨ ਦੀ ਕਿਰਪਾ ਨਾਲ ਉਪਜੇ ਹਵਾਈ ਜਹਾਜ਼ਾਂ, ਤੋਪਾਂ, ਬੰਬਾਂ, ਰਾਕਟਾਂ, ਟੈਂਕਾਂ, ਮਿਜ਼ਾਈਲਾਂ, ਮਸ਼ੀਨ ਗੰਨਾਂ ਅਤੇ ਹੋਰ ਕਈ ਹਥਿਆਰਾਂ ਨਾਲ ਇਕੋ ਪ੍ਰਕਾਰ ਦੀ ਮੌਤ ਦੇਣ ਵਿਚ ਕਿਸੇ ਪ੍ਰਕਾਰ ਦੀ ਸਾਂਸਕ੍ਰਿਤਿਕ ਹੀਣਤਾ ਨਹੀਂ ਮੰਨਦਾ, ਤਾਂ ਉਹ ਦਿਨ ਕਿਉਂ ਨਹੀਂ ਆ ਸਕਦੇ, ਜਦੋਂ ਸਾਇੰਸ, ਸਨਅਤ ਅਤੇ ਤਕਨੀਕ ਦੀ ਸਹਾਇਤਾ ਨਾਲ ਧਰਤੀ ਉੱਤੇ ਵੱਸਦੇ ਸਾਰੇ ਮਨੁੱਖ ਇਕੋ ਜਿਹਾ ਜਾਂ ਲਗਭਗ ਇਕੋ ਜਿਹਾ ਸੁਖੀ ਅਤੇ ਸੁੰਦਰ ਜੀਵਨ ਜਿਊਣ ਵਿਚ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਹਾਨੀ ਹੁੰਦੀ ਮਹਿਸੂਸ ਨਾ ਕਰਨ ? ਉਨ੍ਹਾਂ ਦਿਨਾਂ ਨੂੰ ਲਾਗੇ ਲਿਆਉਣ ਦੀ ਇੱਛਾ ਅਜੋਕੇ ਮਨੁੱਖ ਦੀ ਪ੍ਰਾਰਥਨਾ ਹੈ ਅਤੇ ਲਾਗੇ ਲਿਆਉਣ ਦਾ ਯਤਨ ਉਸਦਾ ਤਪ ਹੈ। ਮਨੁੱਖਾਂ ਦੀ ਵੱਡੀ ਗਿਣਤੀ ਇਸ ਪ੍ਰਕਾਰ ਦੇ ਤਪ ਲਈ ਨਾ ਪੁਰਾਤਨ ਸਮੇਂ ਵਿਚ ਤਿਆਰ ਸੀ, ਨਾ ਆਧੁਨਿਕ ਸਮੇਂ ਵਿਚ ਹੀ ਤਿਆਰ ਕੀਤੀ ਜਾ ਸਕਦੀ ਹੈ। ਪਰ ਕੋਈ ਵਿਚਾਰ ਵੀ ਪਹਿਲਾਂ ਪਹਿਲ ਸਾਰੀ ਮਨੁੱਖ ਜਾਤੀ ਲਈ