

ਸਮਝਣ, ਮੰਨਣ ਅਤੇ ਅਪਣਾਉਣ ਯੋਗ ਨਹੀਂ ਹੁੰਦਾ। ਪਹਿਲਾਂ ਕੁਝ ਗਿਣਤੀ ਦੇ ਲੋਕ ਹੀ ਕਿਸੇ ਨਵੇਂ ਵਿਚਾਰ ਦੀ ਹੋਂਦ ਨੂੰ ਅਤੇ ਉਸ ਦੀ ਸਾਰਥਕਤਾ ਨੂੰ ਸਮਝਦੇ ਹਨ। ਦੁਨੀਆਂ ਦੇ ਬਹੁਤੇ ਲੋਕ ਕੋਪਰਨੀਕਸ ਅਤੇ ਗੈਲੀਲੀਓ ਨਾਲ ਸਹਿਮਤ ਨਹੀਂ ਸਨ। ਬਹੁਤਿਆ ਦੀ ਸਹਿਮਤੀ ਮੇਰਾ ਵੀ ਮਨੋਰਥ ਨਹੀਂ; ਸੂਝਵਾਨਾਂ ਦਾ ਸਹਿਯੋਗ ਹੀ ਮੇਰਾ ਸੁਭਾਗ ਹੈ। ਆਧੁਨਿਕ ਸੰਸਾਰ ਦੇ ਸਾਰੇ ਸੂਝਵਾਨ ਮਸ਼ੀਨੀ ਦੁਨੀਆਂ ਦੇ ਪੰਘੂੜੇ ਵਿਚ ਪਲਦੇ ਹਨ; ਜਿਨ੍ਹਾਂ ਵਿੱਦਿਆ-ਮੰਦਰਾਂ ਅਤੇ ਵਿਸ਼ਵ-ਵਿਦਿਆਲਿਆਂ ਵਿਚ ਉਨ੍ਹਾਂ ਦੀ ਸੁਰਤ, ਮੱਤ, ਮਨ ਅਤੇ ਬੁੱਧ ਦੀ ਘਾੜਤ ਘੜੀ ਜਾਂਦੀ ਹੈ, ਉਹ ਅਦਾਰੇ ਪੱਛਮ ਦੀ ਦੇਣ ਹਨ; ਜਿਨ੍ਹਾਂ ਵਿੱਦਿਅਕ ਅਦਾਰਿਆਂ, ਕਾਨੂੰਨੀ ਅਦਾਲਤਾਂ, ਤਜਾਰਤੀ ਸੰਸਥਾਵਾਂ, ਬੈਂਕਾਂ, ਰੇਲਾਂ, ਡਾਕਖ਼ਾਨਿਆ, ਪੁਲਿਸਾਂ, ਹਸਪਤਾਲਾਂ, ਮਸ਼ੀਨਾਂ ਅਤੇ ਪਾਰਲੀਮੈਂਟਾਂ ਨੂੰ ਇਨ੍ਹਾਂ ਨੇ ਚਲਾਉਣਾ ਹੁੰਦਾ ਹੈ ਉਹ ਪੱਛਮ ਦੀ ਉਪਜ ਹਨ। ਅਜੋਕੇ ਗੋਵਰਧਨਾਂ ਦੀਆਂ ਮਾਵਾਂ ਭਾਵੇਂ ਦੇਵਕੀਆਂ ਹਨ, ਪਰ ਉਨ੍ਹਾਂ ਦਾ ਪਾਲਣ ਪੋਸ਼ਣ ਪੱਛਮੀ ਸੱਭਿਅਤਾ ਦੀ ਯਸ਼ੋਧਾਂ ਦੇ ਘਰ ਹੁੰਦਾ ਹੈ। ਗੋਕੁਲ ਦੀਆਂ ਗਾਵਾਂ ਦਾ ਮੱਖਣ ਪਾ ਕੇ ਜੁਆਨ ਹੋਣ ਵਾਲੇ ਗੋਵਰਧਨ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਰਾਜ-ਕੰਨਿਆ ਦੇਵਕੀ ਦਾ ਪੁੱਤਰ ਹੋਣ ਦੇ ਮਾਣ ਵਿਚ ਯਸ਼ੋਧਾਂ ਨੂੰ ਗਵਾਲਣ ਕਹਿ ਕੇ ਉਸ ਦੇ ਦੁੱਧ ਅਤੇ ਉਸ ਦੀ ਮਮਤਾ ਦਾ ਨਿਰਾਦਰ ਕਰੋ। ਇਨ੍ਹਾਂ ਦੋਹਾਂ ਮਾਤਾਵਾਂ ਦਾ ਮਾਣ ਰੱਖਣ ਵਿਚ ਹੀ ਮਧੁਸੂਦਨ ਦੀ ਸਿਆਣਪ ਹੈ। ਆਪਣੀ ਸੱਭਿਅਤਾ ਦੀ ਭੂਤ-ਪੂਰਵਕ ਉੱਤਮਤਾ ਦੇ ਟਾਕਰੇ ਵਿਚ ਰੱਖ ਕੇ ਅਜਕੀ ਪੱਛਮੀ ਸੱਭਿਅਤਾ ਦੇ ਐਗੁਣ ਚਿਤਾਰਨ ਵਿਚ ਥੋੜ੍ਹੀ ਜਿਹੀ ਅਕ੍ਰਿਤਘਣਤਾ ਹੈ। ਅੱਗੇ ਵੱਲ ਵੇਖ ਕੇ ਤੁਰਿਆ ਸੱਭਿਅਤਾਵਾਂ ਵਿਚ ਮਿੱਤਰਤਾ ਦੇ ਸੰਬੰਧ ਦੀ ਸੰਭਾਵਨਾ ਸਾਕਾਰ ਕੀਤੀ ਜਾ ਸਕਦੀ ਹੈ।