Back ArrowLogo
Info
Profile

ਜੁਰਮ-1

ਜੁਰਮ ਦੀ ਕਾਨੂੰਨੀ ਪਰਿਭਾਸ਼ਾ ਤਾਂ ਜ਼ਰੂਰ ਗੁੰਝਲਦਾਰ ਹੋਵੇਗੀ ਪਰ ਆਮ ਕਰਕੇ ਸਮਾਜਕ ਨੇਮਾਂ ਦੀ ਸੋਚੀ ਸਮਝੀ ਉਲੰਘਣਾ ਨੂੰ ਜੁਰਮ ਆਖਿਆ ਜਾ ਸਕਦਾ ਹੈ। ਜੰਗਲੀ ਜੀਵਨ ਵਿਚ ਜੁਰਮ ਹੈ ਜਾਂ ਨਹੀਂ, ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਸਮਾਜਕ ਜੀਵਨ ਨਾਲ ਸੰਬੰਧਤ ਪਸ਼ੂ ਵੀ ਜੁਰਮ ਕਰਦੇ ਜਾਪਦੇ ਹਨ। ਹੁਣ ਤਾਂ ਪੰਜਾਬ ਦੇ ਪਿੰਡਾਂ ਦੀਆਂ ਰਸੋਈਆਂ ਕੁਝ ਨਵੇਂ ਢੰਗ ਦੀਆਂ ਬਣ ਗਈਆਂ ਹਨ ਪਰ ਇਸ ਸਦੀ ਦੀ ਦੂਜੀ ਚੌਥਾਈ ਦੇ ਆਰੰਭ ਵਿਚ ਘਰ ਦੇ ਵਿਹੜੇ ਵਿਚ ਵਲੇ ਹੋਏ ਕੁਝ ਕੁ ਥਾਂ ਨੂੰ ਚੌਂਕਾ ਆਖਿਆ ਜਾਂਦਾ ਸੀ ਅਤੇ ਹਰ ਇਕ ਪਿੰਡ ਵਿਚ ਇਕ ਅੱਧ ਕੁੱਤਾ ਜ਼ਰੂਰ ਏਨਾ ਚਾਲਾਕ ਹੁੰਦਾ ਸੀ ਕਿ ਗ੍ਰਹਿ-ਲਕਸ਼ਮੀ ਦੀ ਅੱਖ ਬਚਾ ਕੇ ਚੌਂਕੇ ਵਿਚ ਪਈ ਚੰਗੇਰ ਵਿਚੋਂ ਰੋਟੀ ਚੁੱਕ ਲੈ ਜਾਣ ਵਿਚ ਸਫਲ ਹੋ ਜਾਵੇ। ਆਦਿ ਮਨੁੱਖ ਦੇ ਜੁਰਮ ਕੁਝ ਇਸੇ ਪ੍ਰਕਾਰ ਦੀ ਸਿੱਧੀ-ਸਾਦੀ ਅਤੇ ਭੋਲੀ-ਭਾਲੀ ਮਜਬੂਰੀ ਹੀ ਹੁੰਦੇ ਹੋਣਗੇ।

ਸਮੇਂ ਦੇ ਬੀਤਣ ਨਾਲ ਸਮਾਜਕ ਢਾਂਚੇ ਵੀ ਗੁੰਙਲਦਾਰ ਹੁੰਦੇ ਗਏ ਹਨ ਅਤੇ ਅਪਰਾਧ ਦਾ ਆਕਾਰ ਪਾਸਾਰ ਵੀ ਵਧਦਾ ਗਿਆ ਹੈ। ਜਿਵੇਂ ਜਿਵੇਂ ਕਾਨੂੰਨ, ਕਚਹਿਰੀ, ਪੁਲਿਸ, ਜੱਜ, ਜੁਰਮਾਨਾ, ਜੇਲ੍ਹ, ਜਲਾਵਤਨੀ ਅਤੇ ਫਾਂਸੀ ਆਦਿਕ ਦਾ ਪ੍ਰਬੰਧ ਪਕੇਰਾ ਹੁੰਦਾ ਗਿਆ ਹੈ, ਤਿਵੇਂ ਤਿਵੇਂ ਜੁਰਮ ਵੀ ਪੱਕੇ ਪੈਰਾਂ ਉੱਤੇ ਖਲੋਣ ਦੀ ਜਾਚ ਸਿੱਖਦਾ ਗਿਆ ਹੈ। ਸੰਸਾਰ ਦੇ ਪ੍ਰਬੰਧਕਾਂ ਅਤੇ ਅਪਰਾਧੀਆਂ ਵਿਚ ਜ਼ਰੂਰ ਹੀ ਕੋਈ ਨਾ ਕੋਈ ਸੁਭਾਵਕ ਤਦਰੂਪਤਾ ਹੈ, ਜਿਸ ਕਰਕੇ ਕਾਨੂੰਨ, ਸਰਕਾਰ ਅਤੇ ਸਮਾਜ ਵੱਲੋਂ ਸੋਚੀ ਜਾਣ ਵਾਲੀ ਹਰ ਵਿਉਂਤ ਨੂੰ ਨਿਸਫਲ ਅਤੇ ਨਾਕਾਮ ਬਣਾ ਕੇ ਅਪਰਾਧੀ ਆਪਣੇ ਆਸ਼ੇ ਵਿਚ ਸਫਲ ਹੋ ਜਾਂਦੇ ਹਨ। ਪਿਛਲੇ ਸਮਿਆਂ ਵਿਚ ਵੀ ਅਪਰਾਧੀਆਂ ਦੀਆਂ ਜਥੇਬੰਦੀਆਂ ਹੁੰਦੀਆਂ ਸਨ ਅਤੇ ਜਥੇਬੰਦੀਆਂ ਦੇ ਆਪੋ ਆਪਣੇ ਵਿਧਾਨ ਵੀ ਪਰ ਅਜੋਕੇ ਸਮੇਂ ਵਿਚ ਜਥੇਬੰਦ ਅਪਰਾਧ ਮਨੁੱਖਤਾ ਦੀਆਂ ਵੱਡੀਆਂ ਚਿੰਤਾਵਾਂ ਵਿਚੋਂ ਇਕ ਹੈ। ਸਰਕਾਰੀ ਪ੍ਰਬੰਧ ਅਤੇ ਅਪਰਾਧ ਦੀ ਮਿੱਤਰਤਾ ਦਿਨੋ ਦਿਨ ਗੂਹੜੀ ਹੁੰਦੀ ਜਾ ਰਹੀ ਹੈ। ਜਥੇਬੰਦ ਅਪਰਾਧ ਦੇ ਸੰਚਾਲਕ, ਦੇਸ਼ਾਂ ਦੇ ਪ੍ਰਧਾਨਾਂ ਅਤੇ ਪ੍ਰਧਾਨ ਮੰਤਰੀਆਂ ਨਾਲੋਂ ਵੱਧ ਸ਼ਾਨੇ-ਸ਼ੌਕਤ (ਐਸ਼ਵਰਜ) ਨਾਲ ਜੀਵਨ ਗੁਜ਼ਾਰਦੇ ਹਨ ਅਤੇ ਦੋਸ਼ਾਂ ਦੇ ਪ੍ਰਧਾਨ, ਪ੍ਰਧਾਨ ਮੰਤਰੀ ਅਤੇ ਮੰਤਰੀ ਸਮੱਗਲਿੰਗ ਅਤੇ ਰਿਸ਼ਵਤ ਦੇ ਜੁਰਮ ਵਿਚ ਜੇਲ੍ਹ ਜਾਣ ਨੂੰ ਆਪਣੇ ਕੰਮ ਦਾ ਹਿੱਸਾ ਸਮਝਦੇ ਹਨ। ਪਿੱਛੇ ਜਿਹੇ ਇਟਲੀ ਦੇ ਵੱਡੇ ਵੱਡੇ ਸਰਕਾਰੀ ਸੰਚਾਲਕ, ਵਾਪਾਰੀ ਅਤੇ ਕਾਰਖ਼ਾਨੇਦਾਰ ਜੇਲ੍ਹਾਂ ਵਿਚ ਬੰਦ ਸਨ ਅਤੇ ਮੁਕੱਦਮਿਆਂ ਦੀ ਉਡੀਕ ਕਰ ਰਹੇ ਸਨ। ਕੁਝ ਇਕ ਜੁਰਮ ਤਾਂ ਏਨੇ ਸਤਿਕਾਰਯੋਗ ਮੰਨੇ ਜਾਣ ਲੱਗ ਪਏ ਹਨ ਕਿ ਆਤੰਕਵਾਦ ਦੀ ਛਤਰ-ਛਾਇਆ 'ਚ ਅੱਜ ਦੇ ਹਤਿਆਰੇ ਕੱਲ ਦੇ ਹਾਕਮ ਹੋਣ ਦੀ ਆਸ ਲਾਈ ਬੈਠੇ ਹਨ।

103 / 140
Previous
Next