ਜਿਸ ਵਿਚ ਨਾ ਜੁਰਮ ਸੀ ਨਾ ਜੰਗ।
ਮੈਂ ਆਤੰਕਵਾਦ ਨੂੰ ਆਦਰਸ਼ ਦੇ ਉਹਲੇ ਵਿਚ ਕੀਤਾ ਜਾਣ ਵਾਲਾ ਜੁਰਮ ਮੰਨਦਾ ਹਾਂ। ਮੇਰੀ ਜਾਚੇ ਇਸ ਜੁਰਮ ਨੂੰ ਵੀ ਬੇਕਾਰੀ ਨਾਲ ਜੋੜਨਾ ਉਚਿਤ ਨਹੀਂ। ਜਿਨ੍ਹਾਂ ਮਨੁੱਖਾਂ ਵਿਚ ਜੀਵਨ ਦੇ ਨਿਰਾਦਰ ਦੀ ਭਾਵਨਾ ਅਤੇ ਅੰਨ੍ਹੇ-ਵਾਹ ਕਿਸੇ ਆਦਰਸ਼ ਦੇ ਪਿੱਛੇ ਲੱਗਣ ਦੀ ਤਰਕ-ਹੀਣਤਾ ਹੁੰਦੀ ਹੈ। ਕੇਵਲ ਉਹ ਹੀ ਆਤੰਕਵਾਦ ਦੇ ਅਪਰਾਧੀ ਹੋਣ ਦੀ ਸੰਭਾਵਨਾ ਵਾਲੇ ਹੁੰਦੇ ਹਨ। ਸਿਆਸੀ ਆਦਰਸ਼ਾਂ ਦੇ ਪ੍ਰਚਾਰਕ ਪ੍ਰਚਲਿਤ ਸਮਾਜਕ ਮਾਨਤਾਵਾਂ ਪ੍ਰਤੀ ਨਿਰਾਦਰ ਪਹਿਲਾਂ ਪੈਦਾ ਕਰਦੇ ਹਨ ਅਤੇ ਆਦਰਸ਼ ਦਾ ਟੀਕਾ ਮਗਰੋਂ ਲਾਉਂਦੇ ਹਨ। ਇਸ ਪ੍ਰਕਾਰ ਦੇ ਅਪਰਾਧ ਵਿਚ ਤੇਜ਼ੀ ਨਾਲ ਵਾਧਾ ਹੋ ਜਾਂਦਾ ਹੈ। ਇਸ ਦਾ ਮੂਲ ਕਾਰਣ ਬੇਕਾਰੀ ਦੀ ਥਾਂ ਆਦਰਸ਼ ਦਾ ਉਹਲਾ ਹੁੰਦਾ ਹੈ। ਇਸ ਅਪਰਾਧ ਦੇ ਕਰਨ ਵਾਲਿਆਂ ਨੂੰ ਅਪਰਾਧੀ ਹੋਣ ਦੀ ਨਮੋਸ਼ੀ ਨਹੀਂ ਹੁੰਦੀ, ਸਗੋਂ ਕੌਮਾਂ ਦੀ ਕਿਸਮਤ ਦੇ ਉਸਰੱਈਏ ਹੋਣ ਦਾ ਗੌਰਵਮਈ ਭੁਲੇਖਾ ਹੁੰਦਾ ਹੈ। ਆਤੰਕਵਾਦੀਆਂ ਦੇ ਪਿੱਛੇ ਆਮ ਕਰਕੇ ਕਿਸੇ ਨਾ ਕਿਸੇ ਸਰਕਾਰ ਜਾਂ ਸਰਕਾਰੀ ਸ੍ਰੋਭ ਦਾ ਹੱਥ ਹੁੰਦਾ ਹੈ। ਕੁਝ ਇਕ ਹਾਲਤਾਂ ਵਿਚ ਇਹ ਜੁਰਮ ਸਜ਼ਾ ਦੇ ਭੈ ਤੋਂ ਵੀ ਮੁਕਤ ਹੁੰਦਾ ਹੈ। ਜਿਸ ਜੁਰਮ ਨੂੰ ਵਧਣ ਫੁੱਲਣ ਲਈ ਏਨੀਆਂ ਸਹੂਲਤਾਂ ਪ੍ਰਾਪਤ ਹੋਣ, ਉਸਨੂੰ ਆਪਣੀ ਹੋਂਦ ਲਈ ਬੇਕਾਰੀ ਵਰਗੀ ਨਿਕੰਮੀ ਚੀਜ਼ ਉੱਤੇ ਨਿਰਭਰ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਉਸਨੂੰ ਕਰਨ ਵਾਲੇ ਸੋ ਕੰਮ ਛੱਡ ਕੇ ਆ ਜਾਣਗੇ।
ਜਿਨ੍ਹਾਂ ਦੇਸ਼ਾਂ ਵਿਚ ਆਤੰਕਵਾਦ ਜ਼ੋਰਾਂ ਉੱਤੇ ਹੈ, ਉਨ੍ਹਾਂ ਵਿਚ ਆਤੰਕਵਾਦੀਆਂ ਦੀ ਗਿਣਤੀ, ਬੇਕਾਰਾਂ ਦੀ ਗਿਣਤੀ ਦੇ ਇਕ ਜਾਂ ਦੋ ਪ੍ਰਤੀਸ਼ਤ ਤੋਂ ਵੱਧ ਨਹੀਂ ਹੋ ਸਕਦੀ। ਜਦੋਂ ਉੱਤਰੀ ਭਾਰਤ ਮਿਡਲ ਈਸਟ ਦੀ ਮਜ਼ਦੂਰ-ਮੰਡੀ ਬਣਿਆ ਹੋਇਆ ਹੋਵੇ, ਉਦੋਂ ਉਥੋਂ ਦੇ ਉਹ ਨੌਜੁਆਨ ਆਤੰਕਵਾਦੀ ਹੋਣ ਦੀ ਗੱਲ ਸੋਚਣਗੇ, ਜਿਨ੍ਹਾਂ ਦੀ ਕੰਮ ਵਿਚ ਰੁਚੀ ਨਹੀਂ ਅਤੇ ਕੰਮ ਵਿਚ ਰੁਚੀ ਉਨ੍ਹਾਂ ਦੀ ਨਹੀਂ ਹੁੰਦੀ, ਜਿਹੜੇ ਜੀਵਨ ਦਾ ਆਦਰ ਨਹੀਂ ਕਰਦੇ। ਜਿਨ੍ਹਾਂ ਦਾ ਜੀਵਨ ਨਾਲ ਕਿਸੇ ਪ੍ਰਕਾਰ ਦਾ ਸੁੰਦਰ ਸੰਬੰਧ ਜੁੜ ਚੁੱਕਾ ਹੈ, ਉਨ੍ਹਾਂ ਨੂੰ ਬੇਕਾਰੀ ਉਦਾਸ ਕਰ ਸਕਦੀ ਹੈ, ਉਪਦਰ ਦੀ ਸਲਾਹ ਨਹੀਂ ਦੇ ਸਕਦੀ। ਜਿਹੜੇ ਜੀਵਨ ਦਾ ਨਿਰਾਦਰ ਕਰਨਾ ਚਾਹੁੰਦੇ ਹਨ, ਬੇਕਾਰੀ ਉਨ੍ਹਾਂ ਲਈ ਅਵਸਰ ਭਾਵੇਂ ਪੈਦਾ ਕਰਦੀ ਹੈ, ਪਰ ਸੰਭਾਵਨਾ ਉਨ੍ਹਾਂ ਵਿਚ ਪਹਿਲਾਂ ਮੌਜੂਦ ਹੁੰਦੀ ਹੈ।