ਜੁਰਮ-2
ਜੁਰਮ ਅਤੇ ਸੱਭਿਅਤਾ
ਉੱਪ ਤਾਂ ਕਾਰਲ ਮਾਰਕਸ ਦੀ ਆਰੰਭਕ ਸਾਂਝੀਵਾਲਤਾ ਦਾ ਵਿਸ਼ਵਾਸੀ ਸੀ ਪਰ ਪੁਰਾਤਨ ਭਾਰਤੀ ਆਰੀਆ ਲੋਕਾਂ ਨੇ ਇਸ ਗੱਲ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ ਕਿ ਮਨੁੱਖ ਦੇ ਸਮਾਜਕ ਜੀਵਨ ਦਾ ਵਿਕਾਸ ਕ੍ਰਿਤ ਯੁਗ ਜਾਂ ਸਤਯੁਗ ਦੇ ਸੁਖ ਅਤੇ ਸੌਂਦਰਯ ਵੱਲੋਂ ਕਲਯੁਗ ਦੇ ਕਲੇਸ਼ ਅਤੇ ਕੋਙ ਵੱਲ ਨੂੰ ਹੋਇਆ ਹੈ। ਪੱਛਮੀ ਪਰੰਪਰਾ ਵਿਚ ਰੂਸੋ ਇਕ ਅਜਿਹਾ ਵਿਚਾਰਵਾਨ ਸੀ, ਜਿਸ ਨੇ ਅਸੱਭਿਅ ਮਨੁੱਖ ਦੇ ਕੁਦਰਤੀ ਜੀਵਨ ਦੀ ਸਾਦਗੀ, ਸੁੰਦਰਤਾ ਅਤੇ ਖੁਸ਼ੀ ਦਾ ਸ਼ਰਧਾ-ਭਰਪੂਰ ਵਰਣਨ ਕਰਨ ਦੇ ਨਾਲ ਨਾਲ ਸੱਭਿਅਤਾ ਦੀਆਂ ਬੁਰਾਈਆਂ ਵੱਲ ਵੀ ਸੰਕੇਤ ਕੀਤਾ ਹੈ। ਸਤਯੁਗ ਦੇ ਵਿਸ਼ਵਾਸੀ ਭਾਰਤੀ ਆਰੀਆ ਅਤੇ ਅਸੱਭਿਆ ਸਾਊ (Noble Savage) ਦਾ ਆਸ਼ਕ ਰੂਸੋ 'ਮਾਨਸਿਕ ਸੰਤੋਖ' ਨੂੰ ਪਹਿਲ ਦਿੰਦੇ ਹਨ ਜਦ ਕਿ ਸੱਭਿਅਤਾ ਦਾ ਵਿਕਾਸ 'ਸਰੀਰਕ ਸੁਖ' ਦੀ ਸੇਧ ਵਿਚ ਹੋਇਆ ਹੈ। ਇਸ ਵਿਕਾਸ ਵਿਚ ਮਨ, ਸੰਤੋਖ ਦੀ ਸੀਤਲਤਾ ਵੱਲੋਂ ਤ੍ਰਿਸ਼ਨਾ ਦੀ ਅਗਨ ਵੱਲ ਵਧਦਾ ਗਿਆ ਹੈ। ਇਉਂ ਸੋਚਣ ਵਾਲੇ ਲੋਕ ਇਹ ਮੰਨਦੇ ਹਨ ਕਿ ਮਨੁੱਖ ਸੁਭਾਵਕ ਸਾਊ ਅਤੇ ਸਹਿਯੋਗੀ ਪਸ਼ੂ ਹੈ, ਜਿਸ ਨੇ ਜੰਗਲੀ ਜੀਵਨ ਵਿਚੋਂ ਕਿਸਾਨੇ ਜੀਵਨ ਵਿਚ ਪਰਵੇਸ਼ ਕਰਦਿਆਂ ਹੀ ਸਿੱਧੇ-ਸਾਦੇ ਸਹਿਯੋਗੀ ਸਮਾਜਾਂ ਦੀ ਸਥਾਪਨਾ ਕਰ ਲਈ ਸੀ। ਸ਼ਾਂਤੀ, ਮਿੱਤਰਤਾ ਅਤੇ ਸਿਆਣਪ ਦੇ ਸਤੋਗੁਣੀ ਪ੍ਰਤੀਕ 'ਵਰੁਣ' ਦੀ ਪ੍ਰੇਰਣਾ ਨਾਲ ਜੀਵਨ ਬਿਤਾਉਣ ਵਾਲੇ ਇਹ ਸਕਰੂਗੀ ਮਨੁੱਖ ਸੁਖਾਂ ਦੇ ਮੋਹ ਸਦਕਾ ਸ਼ਕਤੀ ਦੇ ਪ੍ਰਤੀਕ ਰਜੋਗੁਣੀ 'ਵਿਸ਼ਨੂੰ' ਦੀ ਅਧੀਨਗੀ ਨੂੰ ਆਪਣਾ ਸੁਭਾਗ ਮੰਨਦੇ ਗਏ ਹਨ। ਇਹ ਸਤਯੁਗ ਤੋਂ ਕਲਯੁਗ ਵੱਲ ਨੂੰ ਸੱਭਿਅਤਾ ਦੇ ਵਿਕਾਸ ਦਾ ਸੰਖੇਪ ਜਿਹਾ ਵਰਣਨ ਹੈ।
ਕੁਝ ਲੋਕ ਇਹ ਵੀ ਮੰਨਦੇ ਹਨ ਕਿ ਮਨੁੱਖ ਵਿਚ ਰੂਹਾਨੀ ਸਾਤਵਿਕਤਾ ਨਾਂ ਦੀ ਕੋਈ ਸੁੰਦਰਤਾ ਨਹੀਂ। ਉਹ ਸੁਭਾਵਕ ਤੌਰ ਉੱਤੇ ਹਿੰਸਕ, ਝਗੜਾਲੂ ਅਤੇ ਫਸਾਦੀ ਹੈ। ਸੱਭਿਅਤਾ ਨੇ ਉਸ ਵਿਚੋਂ ਜਾਂਗਲੀਅਤ ਕੱਢ ਕੇ ਉਸ ਵਿਚ ਨਾਗਰਿਕਤਾ ਜਾਂ ਸਾਊਪੁਣੇ ਨੂੰ ਵਿਕਸਾਇਆ ਹੈ। ਇਸ ਲਈ ਸੱਭਿਅਤਾ ਪਸੂ-ਪੁਣੇ ਵੱਲੋਂ ਇਨਸਾਨੀਅਤ ਵੱਲ ਨੂੰ ਕੀਤਾ ਗਿਆ ਲੰਮਾ ਸਫਰ ਹੈ।
ਇਥੇ ਇਨ੍ਹਾਂ ਦੋਹਾਂ ਦਾਅਵਿਆਂ ਦੀ ਦਲੀਲਬਾਜ਼ੀ ਨੂੰ ਦੁਹਰਾਉਣਾ ਮੇਰਾ ਮਨੋਰਥ ਨਹੀਂ। ਜੁਰਮ ਦੀ ਦ੍ਰਿਸ਼ਟੀ ਤੋਂ ਵੇਖਿਆ ਇਹ ਗੱਲ ਠੀਕ ਜਾਪਦੀ ਹੈ ਕਿ ਸਾਡਾ ਸਮਾਜਕ ਵਿਕਾਸ ਸਤਯੁਗ ਵੱਲੋਂ ਕਲਯੁਗ ਵੱਲ ਨੂੰ ਹੋਇਆ ਹੈ। ਦੂਜੀ ਪ੍ਰਕਾਰ ਦੇ ਦਾਅਵੇਦਾਰ ਨੂੰ ਪੁੱਗਿਆ ਜਾ ਸਕਦਾ ਹੈ ਕਿ "ਪਸੂ-ਪੁਣੇ ਵੱਲੋਂ ਇਨਸਾਨੀਅਤ ਵੱਲ ਨੂੰ ਵਧਦਾ ਹੋਇਆ ਮਨੁੱਖ ਜਾਂ ਮਨੁੱਖੀ ਸਮਾਜ, ਜੇ ਅਪਰਾਧ ਦੀ ਰੁਚੀ ਵਿਚ ਵਾਧਾ ਹੁੰਦਾ ਮਹਿਸੂਸ ਕਰਦਾ ਹੈ ਤਾਂ ਉਹ ਕਿਹੜਾ