

ਸੁਭਾਵਕ ਸੀ। ਇਸ ਨਿਰਾਦਰ-ਭਰਪੂਰ ਰਿਸ਼ਤੇ ਦੀ ਸਿਖਰ ਗੁਲਾਮੀ ਵਿਚ ਵਿਅਕਤ ਹੋਈ ਹੈ ਅਤੇ ਮਨੁੱਖ ਦਾ ਇਹ ਅਪਰਾਧ ਏਨਾ ਵੱਡਾ ਹੈ ਕਿ ਕਿਸੇ ਕਾਨੂੰਨੀ ਘੇਰੇ ਵਿਚ ਨਾ ਆਉਂਦਾ ਹੋਣ ਕਰਕੇ ਇਸਦੀ ਫਾਈਲ ਬੰਦ ਕਰ ਦੇਣੀ ਹੀ ਉੱਚਿਤ ਹੈ।
ਧਰਮ ਦਾ ਬੀਜ ਭਾਵੇਂ ਜੰਗਲੀ ਮਨੁੱਖ ਦੇ ਜੀਵਨ ਵਿਚ ਵੀ ਮੌਜੂਦ ਸੀ ਪਰ ਇਹ ਵਧਿਆ ਅਤੇ ਵਿਕਸਿਆ ਕਿਸਾਨੇ ਯੁਗ ਵਿਚ ਹੀ ਹੈ। ਜੰਗਲੀ ਜੀਵਨ ਵਿਚ (ਅਤੇ ਕਿਸਾਨੇ ਯੁਗ ਦੇ ਆਰੰਡ ਵਿਚ ਵੀ) ਮਨੁੱਖ, ਦੂਜੇ ਪਸ਼ੂਆਂ ਵਾਂਗ ਕੁਦਰਤ ਦਾ ਇਕ ਹਿੱਸਾ ਸੀ ਅਤੇ ਉਸ ਦਾ ਹਰ ਕਰਮ ਇਸੇ ਸੱਚ ਵਿਚੋਂ ਜਨਮ ਲੈਂਦਾ ਹੈ। ਕੁਦਰਤ ਦਾ ਇਹ ਮਹੱਤਵਪੂਰਣ ਭਾਗ, ਮਨੁੱਖ, ਕੁਦਰਤ ਦੇ ਭੈ ਅਤੇ ਪਿਆਰ ਵਿਚ ਵਿਚਰਦਾ ਸੀ ਅਤੇ ਉਸਦਾ ਧਰਮ ਜਾਂ ਮਜ਼ਹਬ ਕੁਦਰਤ ਦੇ ਭੈ ਅਤੇ ਪਿਆਰ ਤੋਂ ਫੁੱਟ ਹੋਰ ਕੁਝ ਨਹੀਂ ਸੀ। ਭੈ ਅਤੇ ਪਿਆਰ ਨੂੰ, ਮੇਰੀ ਪਰਿਭਾਸ਼ਾ ਅਨੁਸਾਰ, ਆਦਰ ਵੀ ਆਖਿਆ ਜਾ ਸਕਦਾ ਹੈ, ਇਸ ਲਈ ਮੈਨੂੰ ਇਹ ਮੰਨਣ ਵਿਚ ਸੰਕੋਚ ਨਹੀਂ ਕਿ ਮਨੁੱਖ ਦੇ ਮਜ਼ਹਬ ਦਾ ਮੁਢਲਾ ਰੂਪ-ਸਰੂਪ ਆਪਣੇ ਆਲੇ-ਦੁਆਲੇ ਪਸਰੀ ਹੋਈ ਕੁਦਰਤ ਦੇ ਆਦਰ ਨਾਲ ਭਰਪੂਰ ਸੀ। ਇਹ ਜਿੰਨਾਂ-ਭੂਤਾਂ ਦੇ ਭਿਆਨਕ ਰੂਪ ਵਿਚ ਵੀ ਆਦਰ ਸੀ ਅਤੇ ਚੰਨਾਂ-ਸੂਰਜਾਂ, ਨਦੀਆਂ-ਨਾਲਿਆਂ, ਬਿਰਖਾਂ-ਬੂਟਿਆਂ, ਪੱਥਰਾਂ-ਪਰਬਤਾਂ ਦੀ ਪੂਜਾ ਦੇ ਰੂਪ ਵਿਚ ਵੀ ਆਦਰ ਸੀ।
ਸੱਭਿਅਤਾ ਦੇ ਵਿਕਾਸ ਨਾਲ ਮਨੁੱਖ ਦੀ ਸੁਰੱਖਿਆ ਦੀ ਸਮੱਸਿਆ ਹੱਲ ਹੁੰਦੀ ਗਈ ਹੈ ਅਤੇ ਗੁੰਝਲਦਾਰ ਵਿਸ਼ਾਲ ਸਮਾਜਾਂ ਦਾ ਵਿਕਾਸ ਹੁੰਦਾ ਗਿਆ ਹੈ। ਅਜਿਹਾ ਹੋ ਜਾਣ ਨਾਲ ਮਨੁੱਖ ਦੀਆਂ ਸਮੱਸਿਆਵਾਂ ਕੁਦਰਤੀ ਨਾ ਰਹਿ ਕੇ ਸਮਾਜਕ ਬਣਦੀਆਂ ਗਈਆਂ ਹਨ। ਵੱਡੇ ਵੱਡੇ ਸਮਾਜਾਂ ਦੇ ਸਿਆਸੀ ਅਤੇ ਆਰਥਕ ਪ੍ਰਬੰਧ ਦੀ ਸਮੱਸਿਆ ਸਦਾ ਹੀ ਪ੍ਰਧਾਨ ਸਮੱਸਿਆ ਸਮਝੀ ਜਾਂਦੀ ਰਹੀ ਹੈ ਅਤੇ ਇਸ ਸਮੱਸਿਆ ਨੂੰ ਸੁਲਝਾਉਣ ਵਾਲੀ ਹਾਕਮ ਸ੍ਰੇਣੀ ਦਾ ਮਹੱਤਵ ਵਧਦਾ ਗਿਆ ਹੈ। ਫਲਸਫ਼ਾ ਅਤੇ ਕਲਾ ਇਸ ਸ਼੍ਰੇਣੀ ਦੀ ਸੇਵਾ ਨੂੰ ਆਪਣਾ ਸੁਭਾਗ ਸਮਝਦੇ ਆਏ ਹਨ। ਦਰਸ਼ਨ ਅਤੇ ਇਲਹਾਮ ਦੀ ਕਿਰਪਾ ਨਾਲ ਮਨੁੱਖ ਦੇ ਕੁਦਰਤੀ ਧਰਮ ਨੂੰ ਜੜ੍ਹੋਂ ਪੁੱਟ ਕੇ ਦਰਿਆ-ਬੁਰਦ ਕਰਨ ਵਿਚ ਸਫਲਤਾ ਪ੍ਰਾਪਤ ਕਰ ਲਈ ਗਈ ਹੈ। ਇਸ ਦੀ ਥਾਂ ਲੈਣ ਲਈ ਜਿਨ੍ਹਾਂ ਧਰਮਾਂ ਦਾ ਜਨਮ ਹੋਇਆ ਹੈ ਉਹ ਮਨੁੱਖ ਦੇ ਗੁੰਝਲਦਾਰ ਸਮਾਜਕ ਢਾਂਚੇ ਦੀ ਉਪਜ ਹਨ; ਉਸ ਢਾਂਚੇ ਦੀ ਜਿਸਦੀ ਸਰਦਾਰੀ ਸਿਆਸੀ ਹਾਕਮਾਂ ਕੋਲ ਸੀ। ਇਸ ਹਾਲਤ ਵਿਚ ਧਰਮ ਜਾਂ ਤਾਂ ਸਿਆਸੀ ਸੱਤਾ ਦਾ ਇਕ ਅੰਗ ਬਣ ਸਕਦਾ ਸੀ ਜਾਂ ਆਪਣੇ ਅਧਿਕਾਰ ਦੇ ਖੇਤਰ ਨੂੰ ਬਦਲ ਕੇ ਆਪਣੀ ਵੱਖਰੀ ਹੋਂਦ ਅਤੇ ਪ੍ਰਭੁਤਾ ਕਾਇਮ ਕਰ ਸਕਦਾ ਸੀ। ਫਲਸਫੇ ਨੇ ਧਰਮ ਨੂੰ ਆਪਣਾ ਅਧਿਕਾਰ ਖੇਤਰ ਬਦਲਣ ਦੀ ਸਲਾਹ ਦਿੱਤੀ ਹੈ ਅਤੇ ਧਰਮ ਨੇ ਸੰਸਾਰਕ ਜੀਵਨ ਦੀ ਸੁੰਦਰਤਾ ਦੀ ਚਿੰਤਾ ਛੱਡ ਕੇ ਕਿਸੇ ਅਲੋਕਿਕ, ਅਪਹੁੰਚ ਅਤੇ ਅਸਮਾਨੀ ਆਦਰਸ਼ ਦੀ ਪ੍ਰਾਪਤੀ ਨੂੰ ਮਨੁੱਖੀ ਜੀਵਨ ਦਾ ਮਨੋਰਥ ਸਿੱਧ ਕਰਨ ਦਾ ਯਤਨ ਕੀਤਾ ਹੈ। ਇਹ ਧਰਤੀ ਉੱਤੇ ਜੀਵੇ ਜਾਣ ਵਾਲੇ ਜੀਵਨ ਦਾ ਸਿੱਧਾ ਨਿਰਾਦਰ ਹੈ। ਨਿਸਚੇ ਨਾਲ ਇਹ ਪਤਾ ਨਹੀਂ ਕਿ ਮਰਨ ਪਿੱਛੋਂ ਮੁਕਤੀ ਕਿੰਨੇ ਕੁ ਲੋਕਾਂ ਨੂੰ ਮਿਲੀ ਹੈ ਜਾਂ ਮਿਲੀ ਵੀ ਹੈ ਕਿ ਨਹੀਂ: ਪਰ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਸਿੱਧੇ ਪੁੱਠੇ ਆਦਰਸ਼ਾਂ ਦੀ ਆੜ ਵਿਚ ਮਨੁੱਖਤਾ ਨੂੰ ਪੀੜ ਦੇਣ ਦਾ ਅਪਰਾਧ ਅਤੇ ਮਨੁੱਖਤਾ ਨੂੰ ਠੱਗਣ ਦੀ ਨੀਚਤਾ ਕਿੰਨੀ ਆਮ ਹੈ।
ਆਧੁਨਿਕ ਯੁੱਗ ਵਿਚ ਵਾਪਾਰ ਆਖੀ ਜਾਣ ਵਾਲੀ ਅਤਿਅੰਤ ਗੁੰਝਲਦਾਰ ਕਿਰਿਆ ਕਈ ਹਜ਼ਾਰ ਸਾਲ ਪਹਿਲਾਂ ਲੋੜ ਦੀਆਂ ਵਸਤਾਂ ਦੇ ਵਟਾਂਦਰੇ ਤੋਂ ਆਰੰਭ ਹੋਈ ਸੀ। ਉਸ ਸਮੇਂ