

ਦਸਾਂ ਨਹੁੰਆਂ ਦੀ ਕਿਰਤ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੇ ਕਾਮੇ ਨੂੰ ਬੇਕਾਰ ਕਰ ਕੇ ਉਸ ਕੋਲੋਂ ਕਮਾਊ ਹੋਣ ਦਾ ਅਹਿਸਾਸ ਖੋਹ ਲੈਣਾ: ਉਸ ਵਿਚੋਂ ਆਪਣੇ ਪਰਿਵਾਰ ਦਾ ਰੱਬ ਵਰਗਾ ਪਰਵਰਦਿਗਾਹ ਹੋਣ ਦਾ ਮਾਣ ਮੁਕਾ ਦੇਣਾ: ਆਪਣੀ ਕਮਾਈ ਵਿਚੋਂ ਆਪਣੇ ਹਿੱਸੇ ਦਾ ਟੈਕਸ ਦੇ ਕੇ ਆਪਣੇ ਸਮਾਜਕ ਜੀਵਨ ਦੀ ਸੁੰਦਰਤਾ ਦੀ ਉਸਾਰੀ ਵਿਚ ਹਿੱਸੇਦਾਰ ਹੋਣ ਦਾ ਗੌਰਵ, ਉਸ ਕੋਲੋਂ ਖੋਹ ਲੈਣਾ; ਅਤੇ ਉਸ ਨੂੰ ਬੇਕਾਰੀ ਕੁੱਤੇ ਉੱਤੇ ਜੀਉਣ ਲਈ ਮਜਬੂਰ ਕਰ ਕੇ ਧਰਤੀ ਉੱਤੇ ਭਾਰ ਹੋਣ ਦੀ ਨਮੋਸ਼ੀ ਨਾਲ ਨੱਕੋ ਨੱਕ ਕਰ ਦੇਣਾ, ਉਸਦੇ ਹੱਥ ਵੱਢ ਦੇਣ ਨਾਲੋਂ ਕਿਤੇ ਵੱਡੀ ਕਠੋਰਤਾ ਹੈ। ਸਾਇੰਸ ਅਤੇ ਟੈਕਨਾਲੋਜੀ ਕੰਪਿਊਟਰ ਅਤੇ ਰੋਬੋਟਸ ਬਣਾ ਕੇ ਜੀਵਨ ਦਾ ਘੋਰ ਅਪਮਾਨ ਕਰ ਰਹੇ ਹਨ। ਮਨੁੱਖ ਨੂੰ ਬੇਲੋੜਾ ਅਤੇ ਬੇਕਾਰ ਬਣਾ ਦੇਣ ਵਾਲੀਆਂ ਮਸ਼ੀਨਾਂ, ਮਨੁੱਖ ਦੀ ਹੱਤਿਆ ਕਰਨ ਵਾਲੇ ਐਟਮੀ ਹਥਿਆਰਾ ਨਾਲੋਂ ਘੱਟ ਨਿੰਦਨੀਅ ਨਹੀਂ ਹਨ। ਮਰਿਆ ਹੋਇਆ ਮਨੁੱਖ ਅੱਜ ਮਰ ਕੇ ਕੱਲ ਨੂੰ ਸਾਡੀ ਯਾਦ ਦਾ ਹਿੱਸਾ ਹੋਣੋਂ ਹਟਣ ਲੱਗ ਪੈਂਦਾ ਹੈ, ਪਰ ਤ੍ਰਿਸਕਾਰਿਆ ਹੋਇਆ ਮਨੁੱਖ ਕਈ ਸਾਲਾਂ ਤਕ ਜੀਵਨ ਅਤੇ ਮਨੁੱਖਤਾ ਦੇ ਮੱਥੇ ਦਾ ਕਲੰਕ ਬਣਿਆ ਰਹਿੰਦਾ ਹੈ।
ਕਿੰਨੇ ਅਪਰਾਧੀ ਹਨ ਜੀਵਨ ਵਿਚ । ਕਿੱਨੇ ਸ਼ਕਤੀਸ਼ਾਲੀ ਹਨ ਇਹ ਅਪਰਾਧੀ । ਇਨ੍ਹਾਂ ਵਿਚੋਂ ਬਹੁਤਿਆਂ ਨੂੰ ਨਿਆਏਧੀਸ਼ ਹੋਣ ਦਾ ਮਾਣ ਪ੍ਰਾਪਤ ਹੈ।
ਮੁਨਾਵੇ ਦੇ ਮੋਹ ਵੱਸ ਸਾਰੇ ਉੱਨਤ ਦੇਸ਼ ਆਪਣੇ ਕਾਮਿਆਂ ਨੂੰ ਬੇਕਾਰ ਕਰ ਕੇ, ਕੰਪਿਊਟਰਾਂ ਅਤੇ ਰੋਬੋਟਾਂ ਤੋਂ ਕੰਮ ਲੈ ਕੇ, ਆਪਣੇ ਬੇਕਾਰ ਕਾਮਿਆਂ ਨੂੰ ਬੇਕਾਰੀ ਭੱਤਾ ਦੇਣ ਲਈ ਵਰਲਡ ਬੈਂਕ (World Bank) ਕੋਲੋਂ ਕਰੋੜਾਂ ਨਹੀਂ, ਅਰਬਾਂ ਡਾਲਰਾਂ ਦਾ ਕਰਜ਼ਾ ਲੈਂਦੇ ਹਨ। ਸਾਧਾਰਣ ਆਦਮੀ ਨੂੰ ਇਹ ਮੂਰਖਤਾ ਮਾਲੂਮ ਹੁੰਦੀ ਹੈ; ਪਰ ਸਾਧਾਰਣ ਆਦਮੀ ਦੀ ਸੁਣਦਾ ਕੌਣ ਹੈ। ਪਰਜਾਤੰਤਰਾਂ ਵਿਚ ਹਰ ਚਾਰ ਜਾਂ ਪੰਜ ਸਾਲਾਂ ਪਿੱਛੋਂ ਪਰਜਾ ਦੀ ਪੁੱਛ ਹੁੰਦੀ ਹੈ, ਜਦੋਂ ਪਰਜਾ ਆਉਣ ਵਾਲੇ ਚਾਰ ਜਾਂ ਪੰਜ ਸਾਲਾਂ ਲਈ ਆਪਣੇ ਹਾਕਮ ਚੁਣਨ ਦਾ ਉੱਚ-ਅਧਿਕਾਰ ਵਰਤ ਕੇ ਉਨ੍ਹਾਂ ਆਦਮੀਆਂ ਦੀ ਅਧੀਨਗੀ ਲਈ ਮਜਬੂਰ ਹੋ ਜਾਂਦੀ ਹੈ ਜਿਹੜੇ ਉਸਨੂੰ ਮੂਰਖ ਬਣਾਉਣ ਦੀ ਕਲਾ ਵਿਚ ਕਾਮਯਾਬ ਹੋ ਗਏ ਹੋਣ। ਪਰਜਾ ਇਕ ਦਿਨ ਮੂਰਖ ਬਣ ਕੇ ਕੁਝ ਕੁ ਹੁਸ਼ਿਆਰ ਆਦਮੀਆਂ ਨੂੰ ਪੰਜ ਸਾਲਾਂ ਲਈ ਲੋਕਾਂ ਨੂੰ ਮੂਰਖ ਬਣਾਉਣ ਦਾ ਸੰਪੂਰਣ ਅਧਿਕਾਰ ਦੇ ਦਿੰਦੀ ਹੈ। ਸੱਭਿਅ ਸਮਾਜਾਂ ਦਾ ਕਿੰਨਾ ਕੁਝ ਨਿਰਾਦਰ ਉੱਤੇ ਆਧਾਰਿਤ ਹੈ। ਉਸ ਨਿਰਾਦਰ ਉੱਤੇ, ਜਿਸਨੂੰ ਮੈਂ ਜੁਰਮ ਦੀ ਜੜ੍ਹ ਆਖਦਾ ਹਾਂ। ਜੁਰਮ ਦਾ ਅੰਤ ਜੀਵਨ ਵਿਚੋਂ ਨਿਰਾਦਰ ਦਾ ਅੰਤ ਕੀਤੇ ਬਿਨਾਂ ਸੰਭਵ ਨਹੀਂ। ਜੀਵਨ ਵਿਚੋਂ ਨਿਰਾਦਰ ਦੇ ਅੰਤ ਦਾ ਭਾਵ ਹੈ, ਕਈ ਇਕ ਸਤਿਕਾਰਯੋਗ ਸਮਝੇ ਜਾਂਦੇ ਵਿਚਾਰਾਂ, ਵਿਸ਼ਵਾਸਾਂ, ਸਿਧਾਂਤਾਂ, ਸੰਸਥਾਵਾਂ, ਸ਼ਕਤੀਆਂ, ਵਿਅਕਤੀਆਂ, ਸੰਬੰਧਾਂ, ਪ੍ਰਬੰਧਾਂ ਅਤੇ ਪਰੰਪਰਾਵਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਦੀ ਦਲੇਰੀ ਕਰਨਾ। ਜਿੰਨਾ ਚਿਰ ਅਸੀਂ ਇਹ ਦਲੇਰੀ ਨਹੀਂ ਕਰਦੇ, ਓਨਾ ਚਿਰ ਇਹੋ ਜਿਹੇ ਹਾਸੋ-ਹੀਣੇ ਬਿਆਨ ਸਾਨੂੰ ਸੰਤੁਸ਼ਟ ਕਰਦੇ ਰਹਿਣਗੇ ਕਿ, "ਫਲਾਣੀ ਕੌਂਸਲ ਸਟੇਟ ਵਿਚ ਬਾਰਾਂ ਸਾਲ ਤੋਂ ਛੋਟੀ ਉਮਰ ਦੇ ਉਪੱਦਰੀ ਮੁੰਡਿਆਂ ਨੇ ਤੀਹ ਮਿਲੀਅਨ ਪੌਂਡਾਂ ਦਾ ਇਮਾਰਤੀ ਨੁਕਸਾਨ ਕਰ ਦਿੱਤਾ ਹੈ ਅਤੇ ਪੁਲਿਸ ਉਨ੍ਹਾਂ ਨੂੰ ਕਾਬੂ ਕਰਨ ਵਿਚ ਉੱਕੀ ਨਾਕਾਮ ਹੈ। ਯਾਦ ਰਹੇ, ਉਸ ਇਲਾਕੇ ਵਿਚ ਬੇਕਾਰੀ ਤੇਈ ਪ੍ਰਤੀਸ਼ਤ ਹੈ ਅਤੇ ਜੁਰਮ ਦੇ ਵਾਧੇ ਦਾ ਵੱਡਾ ਕਾਰਣ ਹੈ।" ਅਸੀਂ ਇਹ ਨਹੀਂ ਸੋਚਾਂਗੇ ਕਿ ਤੇਰ੍ਹਾਂ ਸਾਲ ਤੋਂ ਛੋਟੀ ਉਮਰ ਦੇ ਬੱਚੇ ਕਦੇ ਬੇਕਾਰ ਨਹੀਂ