

ਧਰਮ-ਅਸਥਾਨ...
.....ਤੋਂ ਮੇਰਾ ਸਾਥ ਹੈ ਧਰਮ ਦਾ ਸਥਾਨ ਅਤੇ ਧਰਮ ਤੋਂ ਮੇਰਾ ਭਾਵ ਹੈ ਮਨੁੱਖ ਦਾ ਪਰਾ-ਸਰੀਰਕ ਨਾਲ ਸੰਬੰਧ। "ਸਰੀਰ ਜਾਂ ਪਦਾਰਥ ਤੋਂ ਪਰੇ ਕੁਝ ਹੈ ਜਾਂ ਨਹੀਂ," ਇਸ ਬਾਰੇ ਮੈਂ ਕੋਈ ਨਿਰਣੇਜਨਕ ਉੱਤਰ ਨਹੀਂ ਦੇ ਸਕਦਾ ਪਰ ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਕਿ ਮਨੁੱਖ ਨੂੰ ਇਹ ਮੰਨਣ ਲਈ ਪ੍ਰੇਰਿਆ ਗਿਆ ਹੈ ਕਿ ਪਦਾਰਥ ਤੋਂ ਪਰੇ ਇਕ ਚੇਤਨਾ ਹੈ, ਇਕ ਸ਼ਕਤੀ ਹੈ, ਜਿਹੜੀ ਇਸ ਵਿਸ਼ਵ ਨੂੰ ਆਪਣੀ ਆਗਿਆ ਵਿਚ ਤੋਰਦੀ ਹੈ। ਇਸ ਮਨੁੱਖੀ ਮਨੋਤ ਵਿਚੋਂ ਉਪਜਣ ਵਾਲੇ ਮਨੁੱਖੀ ਵਿਸ਼ਵਾਸਾਂ ਨੂੰ, ਉਨ੍ਹਾਂ ਵਿਸ਼ਵਾਸਾਂ ਉੱਤੇ ਆਧਾਰਿਤ ਮਨੁੱਖੀ ਕਿਰਿਆਵਾਂ ਨੂੰ, ਉਨ੍ਹਾਂ ਕਿਰਿਆਵਾਂ ਰਾਹੀਂ ਬਣਨ ਵਾਲੇ ਮਨੁੱਖੀ ਸੰਬੰਧਾਂ ਨੂੰ, ਅਤੇ ਉਨ੍ਹਾਂ ਸੰਬੰਧਾਂ ਦੇ ਸਿੱਟੇ ਵਜੋਂ ਹੋਂਦ ਵਿਚ ਆਉਣ ਵਾਲੇ ਪ੍ਰਬੰਧਾਂ ਨੂੰ ਮੈਂ ਧਰਮ ਕਹਿੰਦਾ ਹਾਂ। ਧਰਮ ਦੇ ਕੇਂਦਰ ਵਿਚ ਇਹ ਮਨੌਤ ਬਿਰਾਜਮਾਨ ਹੈ ਕਿ ਪਰਮ ਈਸ਼ਵਰ, ਬ੍ਰਹਮ, ਪਰਮ-ਆਤਮਾ, ਰੱਬ, ਅੱਲਾ ਜਾਂ ਵਾਹਿਗੁਰੂ ਨਾਮ ਦੀ ਇਕ ਚੇਤਨ ਸ਼ਕਤੀ ਸਾਰੇ ਪਦਾਰਥਕ ਖਿਲਾਰੇ ਪਸਾਰੇ ਨੂੰ ਸਾਂਤੀ ਬੈਠੀ ਹੈ। ਇਸ ਕੇਂਦਰ ਦੁਆਲੇ ਵਿਸ਼ਵਾਸ, ਸਿਧਾਂਤ, ਕਰਮ ਕਾਂਡ ਅਤੇ ਧਾਰਮਕ ਜਥੇਬੰਦੀ ਦੇ ਚਾਰ ਘੇਰੇ ਜਾਂ ਦਾਇਰੇ ਹਨ। ਰੱਬ ਨਾਮ ਦੇ ਕੇਂਦਰ ਅਤੇ ਇਸ ਕੇਂਦਰ ਦੁਆਲੇ ਬਣੇ ਹੋਏ ਵਿਸ਼ਵਾਸ, ਸਿਧਾਂਤ, ਕਰਮ-ਕਾਂਡ ਅਤੇ ਧਾਰਮਕ ਜਥੇਬੰਦੀ ਦੇ ਚਾਰ ਘੇਰਿਆਂ ਜਾਂ ਦਾਇਰਿਆਂ ਨੂੰ ਧਰਮ ਦੇ ਪੰਜ ਤੱਤ ਆਖਿਆ ਜਾ ਸਕਦਾ ਹੈ। ਜੇ ਕੋਈ ਧਰਮ ਦੇ ਪਹਿਲੇ ਤੱਤ ਤੋਂ ਮੁਨਕਰ ਹੋਣ ਦਾ ਯਤਨ ਕਰੇ ਤਾਂ ਵੀ ਕਿਸੇ ਨਾ ਕਿਸੇ ਰੂਪ ਵਿਚ ਇਹ ਆ ਹਾਜ਼ਰ ਹੁੰਦਾ ਹੈ। ਬੁੱਧ ਧਰਮ ਇਸ ਵੱਲੋਂ ਖਾਮੋਸ਼ ਰਹਿ ਕੇ ਇਸਦੀ ਹੋਂਦ-ਅਣਹੋਂਦ ਦੇ ਵਿਚ ਵਿਚਾਲੇ, ਇਸ ਵੱਲੋਂ 'ਅਨਜਾਣ' ਹੋਣ ਦਾ ਇਕ ਤੀਜਾ ਰਸਤਾ ਦੱਸਦਾ ਹੈ। ਮੇਰੀ ਜਾਚੇ ਇਹ ਰਸਤਾ ਵਿਗਿਆਨਕ ਵੀ ਹੈ ਅਤੇ ਯੋਗ ਵੀ। ਪਰੰਤੂ ਕੋਈ ਵਿਸ਼ਵਾਸ ਕਿਸੇ ਮਨੁੱਖ ਉੱਤੇ ਠੋਸਿਆ ਜਾਣਾ ਨਾ ਤਾਂ ਯੋਗ ਹੈ ਅਤੇ ਨਾ ਹੀ ਜ਼ਰੂਰੀ।
ਆਉਣ ਵਾਲੀ ਦੁਨੀਆਂ ਵਿਚ ਧਰਮ ਇਕ ਲੋੜੀਂਦੀ ਚੀਜ਼ ਬਣ ਜਾਵੇਗਾ, ਅਜਿਹਾ ਮੇਰਾ ਅਨੁਮਾਨ ਹੈ। ਆਪਣੇ ਇਸ ਅਨੁਮਾਨ ਬਾਰੇ ਕੁਝ ਕਹਿਣ ਤੋਂ ਪਹਿਲਾਂ ਮੈਂ ਧਰਮ ਦੀ ਪ੍ਰਕਾਰ ਵੰਡ ਕਰ ਲੈਣੀ ਜ਼ਰੂਰੀ ਸਮਝਦਾ ਹਾਂ। ਮਨੁੱਖ ਸਦਾ ਤੋਂ ਇਹ ਮੰਨਦਾ ਆਇਆ ਹੋ ਕਿ ਉਸ ਨਾਲ ਵਾਪਰਨ ਵਾਲੀਆਂ ਢੇਰ ਸਾਰੀਆਂ ਘਟਨਾਵਾਂ ਉਸ ਦੇ ਆਪਣੇ ਵੱਸ ਵਿਚ ਹੋਣ ਦੀ ਥਾਂ ਬਾਹਰਲੀਆਂ ਸ਼ਕਤੀਆਂ ਦੇ ਅਧੀਨ ਸਨ। ਇਨ੍ਹਾਂ ਵਿਚੋਂ ਕੁਝ ਸ਼ਕਤੀਆਂ ਉਸ ਦੇ ਆਂਢ-ਗੁਆਂਢ ਉਸਦੀ ਆਪਣੀ ਧਰਤੀ ਉੱਤੇ ਵੱਸਦੀਆਂ ਸਨ ਅਤੇ ਕੁਝ ਇਕ ਧਰਤੀ ਤੋਂ ਦੂਰ, ਕਿਸੇ ਹੋਰ ਟਿਕਾਣੇ। ਕਈਆਂ ਬਾਰੇ ਉਹ ਚੋਖਾ ਗਿਆਨੀ ਸੀ ਅਤੇ ਕੁਝ ਇਕ ਦੇ ਸੰਬੰਧ ਵਿਚ ਨਿਰਾ ਅਨੁਮਾਨੀ। ਉਸਦੀ ਆਪਣੀ ਧਰਤੀ ਉੱਤੇ ਵੱਸਣ ਵਾਲੀਆਂ ਸ਼ਕਤੀਆਂ ਬਾਰੇ ਉਹ ਉਨ੍ਹਾਂ ਸ਼ਕਤੀਆਂ ਨਾਲੋਂ ਵਧੇਰੇ ਜਾਣਦਾ ਸੀ, ਜਿਹੜੀਆਂ ਉਸਦੀ ਧਰਤੀ ਤੋਂ ਪਰੇ