

ਹੋਈ ਭਰੋਸੇਯੋਗ ਸ਼ੈ ਬਣ ਗਿਆ ਸੀ । ਜਿਨ੍ਹਾਂ ਮਨੋਰਥਾਂ ਲਈ ਧਰਮ ਦਾ ਪਾਲਣ ਕੀਤਾ ਜਾਂਦਾ ਸੀ ਉਨ੍ਹਾਂ ਲਈ ਹੋਰ ਯਤਨ ਵੀ ਜਾਰੀ ਰੱਖੇ ਜਾਂਦੇ ਸਨ। ਇਉਂ ਪੁਰਾਤਨ ਧਰਮ ਮਨੁੱਖੀ ਮਨੋਰਥਾ ਦੀ ਪ੍ਰਾਪਤੀ ਦੇ ਕਈ ਯਤਨਾਂ ਵਿਚੋਂ ਇਕ ਹੋਣ ਕਰਕੇ ਦੈਨਿਕ ਜੀਵਨ ਦਾ ਜ਼ਰੂਰੀ ਹਿੱਸਾ ਸੀ।
ਕਿਰਸਾਣੀ ਨੂੰ ਅੰਨ ਉਪਜਾਉਣ ਦਾ ਸਾਧਨ ਬਣਾ ਕੇ ਮਨੁੱਖ ਨੇ ਸੱਭਿਅਤਾ ਦੀ ਸੜਕ ਉੱਤੇ ਇਕ ਲੰਮੀ ਉਲਾਂਘ ਪੁੱਟ ਮਾਰੀ ਸੀ। ਆਰਥਕ ਵਿਕਾਸ ਦੇ ਇਸ ਪੜਾਅ ਉੱਤੇ ਪੁੱਜ ਕੇ ਮਨੁੱਪ ਵੱਡੇ ਵੱਡੇ ਗੁੰਝਲਦਾਰ ਸਮਾਜਾਂ ਵਿਚ ਵੰਡਿਆ ਗਿਆ। ਸਾਡੀ ਧਰਤੀ ਦੇ ਤਲ ਉੱਤੇ ਸੱਭਿਅਤਾਵਾਂ ਅਤੇ ਸਲਤਨਤਾਂ ਦੀ ਸਥਾਪਨਾ ਹੋ ਗਈ। ਵੱਡੇ ਵੱਡੇ ਸ਼ਹਿਨਸ਼ਾਹ ਅਤੇ ਸਮਰਾਟ ਉਪਜ ਪਏ। ਦੂਰ ਦੁਰਾਡੇ ਦੇਸ਼ਾਂ ਨਾਲ ਵਾਪਾਰਕ ਸੰਬੰਧ ਸਥਾਪਿਤ ਹੋ ਗਏ, ਆਲੀਸ਼ਾਨ ਮਹੱਲਾਂ, ਮਜ਼ਬੂਤ ਕਿਲ੍ਹਿਆਂ ਅਤੇ ਵਿਸ਼ਾਲ ਮੰਦਰ, ਮਸਜਦਾਂ ਅਤੇ ਗਿਰਜਿਆਂ ਦੀ ਉਸਾਰੀ ਹੋਈ। ਭਿਆਨਕ ਜੰਗਾਂ ਰਾਹੀਂ ਸਮਾਜਕ ਸਮੱਸਿਆਵਾਂ ਅਤੇ ਵਿਰੋਧਾਂ ਦੇ ਸਮਾਧਾਨ ਦੀ ਆਸ ਕੀਤੀ ਜਾਣ ਲੱਗ ਪਈ। ਵੱਡੇ ਵੱਡੇ ਸ਼ਹਿਰਾਂ ਦੀ ਉਸਾਰੀ ਹੋਈ ਅਤੇ ਇਨ੍ਹਾਂ ਨੂੰ ਆਪੋ ਵਿਚ ਮਿਲਾਉਣ ਲਈ ਸੈਂਕੜੇ ਮੀਲ ਲੰਮੀਆਂ ਸੜਕਾਂ ਬਣਾਈਆਂ ਗਈਆਂ। ਜਿਥੇ ਕਿਰਸਾਣੀ ਸਮਾਜਾਂ ਕੋਲ ਮਹੱਲਾ, ਕਿਲ੍ਹਿਆਂ, ਜੰਗਾਂ ਅਤੇ ਮੰਦਰਾਂ ਲਈ ਸਮਾਂ, ਸਾਮੱਗਰੀ ਅਤੇ ਸਮਰੱਥਾ ਸੀ ਉਥੇ ਉਨ੍ਹਾਂ ਕੋਲ ਜੀਵਨ ਦੇ ਗੰਭੀਰ ਮਸਲਿਆਂ ਬਾਰੇ ਵਿਚਾਰ ਕਰਨ ਲਈ ਕੁਝ ਕੁ ਆਦਮੀਆਂ ਨੂੰ ਵਿਹਲੇ, ਵੱਖਰੇ ਅਤੇ ਵਿਰਕਤ ਰਹਿ ਕੇ ਸੋਚਣ ਦਾ ਅਵਸਰ ਪ੍ਰਦਾਨ ਕਰਨ ਦੀ ਸਿਆਣਪ ਵੀ ਸੀ।
ਇਨ੍ਹਾਂ ਸੋਚਵਾਨਾਂ ਲਈ ਇਹ ਵੇਖ ਸਕਣਾ ਔਖਾ ਨਹੀਂ ਸੀ ਕਿ ਮਨੁੱਖ ਗੁੱਲੀ, ਜੁੱਲੀ ਅਤੇ ਕੁੱਲੀ ਦੀ ਚਿੰਤਾ ਤੋਂ ਬਹੁਤ ਹੱਦ ਤਕ ਮੁਕਤ ਹੋ ਗਿਆ ਸੀ। ਜੀਵਨ ਸਾਹਮਣੇ ਆਉਣ ਵਾਲੀਆਂ ਸਾਧਾਰਣ ਸਮੱਸਿਆਵਾਂ ਦੇ ਹੱਲ ਸਾਂਝੇ ਮਨੁੱਖੀ ਯਤਨ ਵਿਚ ਵੇਖੇ ਜਾ ਸਕਦੇ ਸਨ। ਵਡੇਰੀਆਂ ਸਮੱਸਿਆਵਾਂ ਲਈ ਹਿੰਸਾ ਅਤੇ ਹਥਿਆਰ ਤੋਂ ਵੱਖਰਾ ਤਰੀਕਾ ਨਾ ਉਸ ਸਮੇਂ ਦੇ ਸਿਆਣਿਆਂ ਦੀ ਸਮਝੇ ਪਿਆ ਸੀ ਨਾ ਅੱਜ ਕੱਲ ਦੇ ਵਿਅਕਤੀ ਕੋਲੋਂ ਸਥਾਪਤ ਧਾਰਣਾਵਾਂ ਅਤੇ ਨੈਤਿਕ ਮਾਨਤਾਵਾਂ ਦਾ ਪਾਲਣ ਕਰਵਾਉਣ ਲਈ ਸ਼ਾਹੀ ਕਾਨੂੰਨ ਅਤੇ ਸਮਾਜਕ ਸੰਗਠਨ ਮੌਜੂਦ ਸਨ। ਇਸ ਲਈ ਸਿਆਣਿਆਂ ਕੋਲ ਸੋਚਣ ਲਈ ਕੇਵਲ 'ਧਰਮ' ਹੀ ਬਾਕੀ ਰਹਿ ਜਾਂਦਾ ਸੀ। ਪੁਰਾਤਨ ਅਤੇ ਮੱਧ-ਕਾਲ ਦੇ ਕਿਰਸਾਣੇ ਸਮਾਜਾਂ ਦੇ ਵਿਚਾਰਕਾਂ ਨੇ ਧਾਰਮਕ ਸੋਚ ਦੀਆਂ ਸਿਖਰਾਂ ਛੁਹਣ ਵਿਚ ਕਮਾਲ ਕਰ ਦਿੱਤੀ ਹੈ। ਧਰਤੀ ਉਤਲੇ ਜੀਵਨ ਨੂੰ ਭਲੀ-ਭਾਂਤ ਸੁਰੱਖਿਅਤ ਵੇਖ ਕੇ ਇਹ ਸੋਚਾਂ ਧਰਤੀ ਤੋਂ ਉਤਾਂਹ ਕਿਧਰੇ ਅਸਮਾਨਾਂ ਵਿਚ ਜਾ ਬਿਰਾਜੀਆਂ ਹਨ ਅਤੇ ਉਤੋਂ ਮੁੜ ਆਉਣ ਲੱਗਿਆਂ ਧਰਤੀ ਦੇ ਲੋਕਾਂ ਲਈ 'ਅਸਮਾਨੀ ਧਰਮ' ਲੈ ਕੇ ਵਾਪਸ ਮੁੜੀਆਂ ਹਨ (ਘੱਟੋ ਘੱਟ ਭਾਰਤ ਵਿਚ)।
ਪੁਰਾਤਨ ਮਨੁੱਖ ਦਾ ਮੁੱਢਲਾ ਧਰਮ ਧਰਤੀ ਦੀ ਉਪਜ ਸੀ ਅਤੇ ਉਸਨੂੰ ਧਰਤੀ ਨਾਲ ਸੰਬੰਧ ਸਥਾਪਿਤ ਕਰਨ ਲਈ ਕੋਈ ਉਚੇਚ ਨਹੀਂ ਸੀ ਕਰਨਾ ਪੈਂਦਾ। ਨਵਾਂ ਅਸਮਾਨੀ ਧਰਮ ਮਨੁੱਖੀ ਸੋਚ ਦੀ ਸੂਖਮਤਾ ਵਿਚੋਂ ਉਪਜਿਆ ਹੋਇਆ ਸੀ ਅਤੇ ਜੀਵਨ ਸਾਹਮਣੇ ਧਰਤੀ ਉਤਲੇ ਜੀਵਨ ਨਾਲੋਂ ਵੱਖਰੇ ਅਲੌਕਿਕ ਮਨੋਰਥਾਂ ਦੀ ਸਥਾਪਨਾ ਕਰਦਾ ਸੀ, ਇਸ ਲਈ ਇਸਨੂੰ ਧਰਤੀ ਨਾਲ ਰਿਸ਼ਤਾ ਰੱਖਣ ਦੀ ਉਚੇਚੀ ਚਿੰਤਾ ਲੱਗੀ ਰਹੀ ਹੈ। ਇਸ ਚਿੰਤਾ ਵਿਚੋਂ ਗੰਭੀਰ ਚਿੰਤਨ ਨੇ ਜਨਮ ਲਿਆ ਹੈ ਅਤੇ ਚਿੰਤਨ ਵਿਚੋਂ ਕਈ ਸੁੰਦਰ ਸਿਧਾਂਤਾਂ ਦਾ ਜਨਮ ਹੋਇਆ ਹੈ। ਅਧਿਆਤਮਵਾਦੀਆਂ ਦੁਆਰਾ ਵਿਸਥਾਰੇ ਅਤੇ ਪ੍ਰਚਾਰੇ ਗਏ ਸਿਧਾਂਤਾਂ ਵਿਚ ਮਨੋਵਿਗਿਆਨਿਕ ਸਿਧਾਂਤ ਸਭ ਤੋਂ ਵੱਧ ਸੁੰਦਰ ਅਤੇ ਉਪਯੋਗੀ ਹਨ। ਪੁਰਾਤਨ ਭਾਰਤੀ ਰਿਸ਼ੀਆਂ ਨੇ ਇਸ ਪੱਖ