

ਪੱਛਮੀ ਲੋਕਾਂ ਦਾ ਢੰਗ ਆਪਣਾ ਹੈ। ਤੀਜੀ ਦੁਨੀਆਂ ਦੇ ਲੋਕ ਸ਼ਾਇਦ ਇਹ ਸਭ ਕੁਝ ਸਮਝ ਅਤੇ ਅਪਣਾ ਨਾ ਸਕਣ। ਜਦੋਂ ਇਨ੍ਹਾਂ ਨੂੰ ਗਰੀਨ ਹੋਣ ਦੀ ਲੋੜ ਪਈ, ਉਦੋਂ ਆਪਣਾ ਪੁਰਾਣਾ ਢੰਗ ਹੀ ਇਨ੍ਹਾਂ ਨੂੰ ਪਸੰਦ ਆਉਣਾ ਹੈ। ਅਤੇ ਉਹ ਪੁਰਾਣਾ ਢੰਗ ਹੈ— ਨਦੀਆਂ, ਪਹਾੜਾਂ, ਪੱਥਰਾਂ, ਰੁੱਖਾਂ, ਪਸ਼ੂਆਂ ਅਤੇ ਪੰਛੀਆਂ ਦੀ ਪੂਜਾ। ਇਹ ਧਰਤੀ ਦਾ ਆਪਣਾ ਧਰਮ ਹੈ। ਇਸ ਵਿਚ ਧਰਤੀ ਮਾਤਾ ਅਤੇ ਉਸਦੇ ਪੁੱਤਰ, ਮਨੁੱਖ ਦੀ ਕਲਿਆਣ ਹੈ। ਇਹ ਮਾਂ ਅਤੇ ਪੁੱਤਰ ਵਿਚ ਸੁਖਾਵਾਂ ਅਤੇ ਸੁੰਦਰ ਸੰਬੰਧ ਹੈ। ਆਪਣੇ ਪੁਰਾਤਨ ਰੂਪ ਵਿਚ ਇਹ ਸੰਬੰਧ ਕੁਦਰਤੀ ਸੀ, ਸੁਭਾਵਕ ਸੀ, ਸਹਿਜ ਵਿਕਾਸ ਸੀ। ਅੱਜ ਇਸਦੀ ਲੋੜ ਮਹਿਸੂਸੀ ਜਾ ਰਹੀ ਹੈ। ਮਨੁੱਖ ਆਪਣੀ ਲੋੜ ਅਨੁਸਾਰ ਅਤੇ ਆਪਣੇ ਗਿਆਨ ਦੇ ਸਹਾਰੇ ਇਸ ਸੰਬੰਧ ਨੂੰ ਕੋਈ ਵੀ ਰੂਪ ਦੇ ਸਕਦਾ ਹੈ। ਸ਼ਾਇਦ ਸਿਆਣਾ ਮਨੁੱਖ ਪੂਜਾ ਨਾਲੋਂ ਮਿੱਤਰਤਾ ਨੂੰ ਵਧੇਰੇ ਸੁੰਦਰ ਸਮਝੇ ਅਤੇ ਸਖਾ-ਭਾਵ ਧਾਰਣ ਕਰ ਕੇ ਕੁਦਰਤ ਦਾ ਪ੍ਰੇਮੀ ਬਣ ਜਾਵੇ। ਕੁਝ ਵੀ ਹੋਵੇ, ਆਉਣ ਵਾਲੇ ਯੁਗ ਵਿਚ ਪੁਰਾਣੇ ਕੁਦਰਤੀ ਧਰਮ ਨੂੰ ਅਜੋਕੇ ਦਾਰਸ਼ਨਿਕ ਧਰਮ ਨਾਲੋਂ ਵਧੇਰੇ ਸਤਿਕਾਰਯੋਗ ਮੰਨਿਆ ਜਾਣ ਦੀ ਸੰਭਾਵਨਾ ਹੈ; ਅਜਿਹਾ ਮੇਰਾ ਅਨੁਮਾਨ ਹੈ। ਅਜੋਕੀ ਸਨਅਤੀ ਸੱਭਿਅਤਾ ਦੇ ਸੁਆਮੀ, ਪੱਛੜੀ ਦੁਨੀਆਂ ਦੇ ਲੋਕਾਂ ਨੂੰ ਪੱਛਮੀ ਜੀਵਨ ਜਾਚ ਦੀ ਸਿਖਲਾਈ ਦੇਣ ਦੀ ਥਾਂ ਉਨ੍ਹਾਂ ਦੇ ਸਥਾਨਕ ਜੀਵਨ-ਢੰਗ ਨੂੰ ਉਨ੍ਹਾਂ ਲਈ ਸੁਖਾਵਾਂ ਬਣਾਉਣ ਵਿਚ ਉਨ੍ਹਾਂ ਦੀ ਸਹਾਇਤਾ ਕਰਨਗੇ ਅਜਿਹੀ ਮੇਰੀ ਆਸ ਹੈ।