

ਇਬਰਾਨੀ ਧਰਮਾਂ ਵਿਚ ਇਲਹਾਮ ਅਤੇ ਵਿਅਕਤੀ-ਰੂਪ ਰੱਬ ਦਾ ਵਿਸ਼ੇਸ਼ ਮਹੱਤਵ ਹੈ। ਇਹ ਧਰਮ ਆਪੇ ਆਪਣੀ ਗੱਲ ਨੂੰ ਪਰਮ ਸੱਤ ਸਿੱਧ ਕਰਨ ਲਈ ਉਸਨੂੰ ਰੱਬੀ ਇਲਹਾਮ ਆਖਦੇ ਹਨ। ਇਉਂ ਕਹਿਣ ਨਾਲ ਇਨ੍ਹਾਂ ਦੀਆਂ ਦੱਸੀਆਂ ਹੋਈਆਂ ਗੱਲਾਂ ਪਰਮ ਸੱਚ ਤਾਂ ਨਹੀਂ ਬਣੀਆਂ: ਹਾਂ, ਇਨ੍ਹਾਂ ਧਰਮਾਂ ਨੂੰ ਮੰਨਣ ਵਾਲਿਆਂ ਨੇ ਅੰਨਿਅ-ਧਰਮੀਆਂ ਨੂੰ ਅਤੇ ਉਨ੍ਹਾਂ ਦੇ ਧਰਮ-ਅਸਥਾਨਾਂ ਨੂੰ ਨੇਸਤੋ-ਨਾਬੂਦ (ਨਸ਼ਟ, ਬਰਬਾਦ) ਕਰਨ ਲਈ ਆਪਣੀ ਪੂਰੀ ਵਾਹ ਲਾ ਲੈਣ ਪਿੱਛੋਂ ਵੀ ਸਫਲਤਾ ਨਾ ਮਿਲਣ ਉੱਤੇ ਹੁਣ ਇਹ ਸੋਚ ਕੇ ਸਬਰ ਕਰ ਲਿਆ ਹੈ ਕਿ, "ਚਲੇ ਰਹਿਣ ਦਿਓ; ਆਖ਼ਰ ਨਰਕ ਵਿਚ ਵੀ ਤਾਂ ਕਿਸੇ ਨਾ ਕਿਸੇ ਨੇ ਵੱਸਣਾ ਹੈ।" ਇਲਹਾਮੀ ਧਰਮਾਂ ਨੇ ਮਨੁੱਖਤਾ ਨੂੰ ਆਸਤਕਾਂ ਅਤੇ ਨਾਸਤਕਾਂ (ਮੋਮਨਾਂ ਅਤੇ ਕਾਫਿਰਾਂ), ਪਰਹੇਜ਼ਗਾਰਾਂ ਅਤੇ ਗੁਨਾਹਗਾਰਾਂ (ਪੁੰਨੀਆਂ ਅਤੇ ਪਾਪੀਆਂ), ਬਖਸ਼ਿਆ ਅਤੇ ਸਰਾਪਿਆਂ ਵਿਚ ਵੰਡ ਕੇ ਉਨ੍ਹਾਂ ਵੰਡਾਂ ਵਿਚ ਵੇਰ ਅਤੇ ਘਿਰਣਾ ਦੀਆਂ ਸਦੀਵੀ ਕੰਧਾਂ ਉਸਾਰ ਧਰੀਆਂ ਹਨ।
ਹਰ ਧਰਮ ਮਨੁੱਖਾਂ ਵਿਚ ਵੰਡੀਆਂ ਪਾਉਂਦਾ ਪ੍ਰਤੀਤ ਹੁੰਦਾ ਹੈ। ਪਰ ਯਥਾਰਥ ਇਹ ਹੈ ਕਿ ਜਿਥੇ ਇਲਹਾਮੀ ਧਰਮ ਮਨੁੱਖਤਾ ਵਿਚ ਪਾਈਆਂ ਗਈਆਂ ਵੰਡਾਂ ਦੇ ਆਧਾਰ ਅਤੇ ਕਰਤਾਰ ਹਨ, ਉਥੇ ਪੁਰਾਤਨ ਕੁਦਰਤੀ ਧਰਮ ਖੇਡਾਂ ਦਾ ਆਧਾਰ ਨਹੀਂ ਸਨ, ਸਗੋਂ ਮਨੁੱਖਤਾ ਵਿਚ ਪਹਿਲਾਂ ਤੋਂ ਪਈਆਂ ਹੋਈਆਂ ਵੰਡਾਂ ਉੱਤੇ ਆਧਾਰਿਤ ਸਨ। ਉਹ ਵੰਡਾਂ, ਪੌਣਾਂ ਅਤੇ ਪਾਣੀਆਂ, ਪਹਾੜਾਂ ਅਤੇ ਮੈਦਾਨਾਂ, ਜੰਗਲਾਂ ਅਤੇ ਰੇਗਿਸਤਾਨਾਂ ਦੀਆਂ ਪਾਈਆਂ ਹੋਈਆਂ ਸਨ। ਸੰਖੇਪ ਵਿਚ ਉਹ ਵੰਡਾਂ ਭੂਗੋਲਕ ਸਨ। ਉਹ ਮਨੁੱਖ ਦੇ ਜਨਮੇਂ ਪਹਿਲਾਂ ਦੀਆਂ ਸਨ ਅਤੇ ਮਨੁੱਖ ਦੀ ਪਹੁੰਚੋਂ ਪਰੇ ਦੀਆਂ ਸਨ। ਮਨੁੱਖੀ ਟੋਲੀਆਂ ਜਾਂ ਕਬੀਲਿਆਂ ਦੀ ਸਮੁੱਚੀ ਜੀਵਨ-ਜਾਚ ਇਨ੍ਹਾਂ ਭੂਗੋਲਕ ਵੰਡਾਂ ਉੱਤੇ ਆਧਾਰਿਤ ਸੀ: ਇਨ੍ਹਾਂ ਵੰਡਾਂ ਦੀ ਉਪਜ ਸੀ; ਅਤੇ ਮਨੁੱਖ ਦਾ ਪੁਰਾਤਨ ਕੁਦਰਤੀ ਧਰਮ ਉਸਦੀ ਜੀਵਨ-ਜਾਚ ਦਾ ਇਕ ਹਿੱਸਾ ਸੀ।
ਪੁਰਾਤਨ ਕੁਦਰਤੀ ਧਰਮਾਂ ਨੂੰ ਮੰਨਣ ਵਾਲੇ ਪੁਰਾਤਨ ਮਨੁੱਖੀ ਸਮਾਜਾਂ ਵਿਚ ਵੈਰ-ਭਾਵ ਮੌਜੂਦ ਸੀ ਅਤੇ ਉਹ ਆਪਸ ਵਿਚ ਲੜਦੇ ਵੀ ਸਨ। ਉਨ੍ਹਾਂ ਦੇ ਧਰਮ ਅਤੇ ਉਨ੍ਹਾਂ ਦੇ ਪੂਜ ਦੇਵਤਾ ਉਨ੍ਹਾਂ ਦੀਆਂ ਜੰਗਾਂ ਵਿਚ ਹਿੱਸਾ ਵੀ ਲੈਂਦੇ ਸਨ। ਪਰ ਉਨ੍ਹਾਂ ਦੇ ਵੈਰ-ਭਾਵ ਦਾ ਕਾਰਣ ਉਨ੍ਹਾਂ ਦੇ ਧਰਮ ਨਹੀਂ ਸਨ । ਵੈਰ-ਭਾਵ ਅਸਲ ਵਿਚ 'ਮਾਲਕੀ' ਅਤੇ 'ਈਰਖਾ' ਉੱਤੇ ਆਧਾਰਿਤ