ਪਰ ਇਹ ਕੰਮ ਮੁਕਾਬਲੇ ਦੀ ਥਾਂ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ। ਮੁਕਾਬਲਾ ਇਸ ਰਾਹ ਦੀ ਰੁਕਾਵਟ ਹੈ। ਇਹ ਧਰਤੀ ਮੁਕਾਬਲਿਆਂ ਦਾ ਕੁਰੁਕਸ਼ੇਤਰ ਬਣਾਈ ਜਾਣ ਲਈ ਨਹੀਂ ਉਪਜੀ। ਇਹ ਸਹਿਯੋਗ ਦੀ ਰਾਸ ਲੀਲ੍ਹਾ ਦਾ ਰੰਗ-ਮੰਚ ਹੈ। ਅੱਜ ਯੌਰਪ ਦੇ ਮੁਕਾਬਲੇ ਵਿਚ ਜਾਪਾਨ ਕਾਰਾਂ ਬਣਾ ਬਣਾ ਕੇ ਢੇਰ ਲਾਈ ਜਾ ਰਿਹਾ ਹੈ। ਜੇ ਮੁਕਾਬਲੇ ਦਾ ਇਹ ਇਕ ਬੇ-ਮੁਹਾਰ ਉਠ ਹੀ ਨਕੋਲਿਆ ਨਾ ਗਿਆ ਤਾਂ ਆਉਣ ਵਾਲੇ ਦਸਾਂ ਸਾਲਾਂ ਵਿਚ ਸਾਡੇ ਸ਼ਹਿਰਾਂ ਵਿਚ, ਘਰਾਂ ਦੇ ਉਤੋਂ ਦੀ ਸੜਕਾਂ ਬਣਾਉਣ ਬਾਰੇ ਅਤੇ ਹਰ ਵਿਅਕਤੀ ਦੇ ਮੂੰਹ ਉੱਤੇ ਹਵਾ ਸਾਫ਼ ਕਰਨ ਵਾਲਾ ਨਕਾਬ ਜਾ ਮਾਸਕ ਪਾਉਣ ਦਾ ਕਾਨੂੰਨ ਬਣਾਉਣ ਬਾਰੇ ਸੋਚਿਆ ਜਾਣਾ ਸੰਭਵ ਹੋ ਜਾਵੇਗਾ । ਜੇ ਮੁਕਾਬਲਾ ਨਾ ਕਰ ਕੇ ਦੁਨੀਆਂ ਦੇ ਸਨਅਤੀ ਦੇਸ਼ ਆਪੋ ਵਿਚ ਸਹਿਯੋਗ ਅਤੇ ਸਲਾਹ ਮਸ਼ਵਰਾ ਕਰ ਕੇ ਸਾਰੀ ਦੁਨੀਆਂ ਨੂੰ ਸੁਹਣੇ ਘਰ, ਪੱਕੀਆਂ ਸੜਕਾਂ, ਲੋੜੀਂਦੀ ਵਿੱਦਿਆ, ਚੰਗੀ ਸਿਹਤ, ਉਪਜਾਊ ਕੰਮ, ਕੁਦਰਤੀ ਸੰਕਟਾਂ ਦੇ ਸਹਿਮ ਤੋਂ ਮੁਕਤੀ ਅਤੇ ਰੋਟੀ ਕੱਪੜੇ ਦੀ ਗਾਰੰਟੀ ਦੇਣ ਦਾ ਟੀਚਾ ਅਪਣਾ ਲੈਣ ਤਾਂ ਆਉਣ ਵਾਲੀਆਂ ਕਈ ਪੀੜ੍ਹੀਆਂ ਤਕ ਧਰਤੀ ਦੇ ਕਿਸੇ ਹਿੱਸੇ ਉੱਤੇ ਮੰਦਵਾੜਾ ਨਹੀਂ ਆਵੇਗਾ ਅਤੇ ਨਾ ਹੀ ਕਿਸੇ ਨੂੰ ਰੋਜ਼ਗਾਰ ਲਈ ਆਪਣੀ ਮਾਤ-ਭੂਮੀ ਦਾ ਤਿਆਗ ਕਰ ਕੇ ਦੂਜੇ ਦਰਜੇ ਦਾ ਨਾਗਰਿਕ ਬਣ ਕੇ ਜੀਣ ਦੀ ਨਮੋਸ਼ੀ ਹੀ ਝੱਲਣੀ ਪਵੇਗੀ। ਅਤੇ ਮੁਨਾਫ਼ਾ ਵੀ ਬਹੁਤ ਹੋਵੇਗਾ। ਨਿਰਾ ਮੁਨਾਫ਼ਾ ਹੀ ਨਹੀਂ ਸਗੋਂ ਮੁਨਾਵੇ ਦੇ ਨਾਲ ਨਾਲ ਮਨੁੱਖ ਹੋਣ ਦਾ ਮਾਣ ਵੀ ਮਿਲੇਗਾ। ਅੱਜ ਕਿੰਨਾ ਕੁ ਮਾਣ ਕਰ ਸਕਦੇ ਹਨ ਹਥਿਆਰਾਂ ਦੇ ਕਾਰਖ਼ਾਨਿਆਂ ਵਿਚ ਕੰਮ ਕਰਨ ਵਾਲੇ ਕਾਮੇ ਅਤੇ ਪ੍ਰਬੰਧਕ, ਜਦੋਂ ਰਾਤ ਨੂੰ ਡਿਨਰ ਟੇਬਲ ਸਾਹਮਣੇ ਬੈਠੇ ਉਹ ਟੈਲੀਵਿਯਨ ਉੱਤੇ ਵੇਖਦੇ ਹਨ ਕਿ ਉਨ੍ਹਾਂ ਦੁਆਰਾ ਬਣਾਏ ਗਏ ਹਥਿਆਰਾਂ ਦੀ ਵਰਤੋਂ ਨੇ ਹਜ਼ਾਰਾਂ ਜਾਨਾਂ ਲੈ ਲਈਆਂ ਹਨ ਅਤੇ ਲੱਖਾਂ ਲੋਕਾਂ ਨੂੰ ਬੇ-ਘਰ ਕਰ ਦਿੱਤਾ ਹੈ। ਉਨ੍ਹਾਂ ਲੋਕਾਂ ਲਈ ਪੀਣ ਦੇ ਪਾਣੀ ਦਾ ਪ੍ਰਬੰਧ ਕਰਨ ਬਾਰੇ ਸਾਇੰਸ, ਸਨਅਤ ਅਤੇ ਟੈਕਨਾਲੋਜੀ ਨੇ ਕਦੇ ਨਹੀਂ ਸੋਚਿਆ ਪਰ ਉਨ੍ਹਾਂ ਨੂੰ ਹਥਿਆਰ ਵੰਡ ਕੇ ਲਹੂ ਦੀ ਹੋਲੀ ਖੇਡਣ ਦੀ ਪ੍ਰੇਰਣਾ ਦੇਣ ਵਿਚ ਸਿਆਸਤ ਦਾ ਸਾਧ ਇਨ੍ਹਾਂ ਨੇ ਸਦਾ ਦਿੱਤਾ ਹੈ। ਏ.ਕੇ. 47 ਦਾ ਰੂਸੀ ਇਜ਼ਾਈਨਰ ਆਪਣੇ ਕੀਤੇ ਉੱਤੇ ਕੁਝ ਸ਼ਰਮਿੰਦਾ ਹੈ । ਜਿਨ੍ਹਾਂ ਵਿਚ ਅਜੇ ਤਕ ਅਜਿਹਾ ਅਹਿਸਾਸ ਨਹੀਂ ਜਾਗਿਆ, ਉਹ, ਹੋ ਸਕਦਾ ਹੈ, ਕਿਸੇ 'ਸ੍ਰੇਸ਼ਟ ਮਿੱਟੀ ਦੇ ਬਣੇ ਹੋਏ ਹੋਣ।