ਆਧੁਨਿਕ ਯੁਗ ਵਿਚ ਉਪਜ ਰਹੋ ਮੁਨਾਫ਼ਾਖ਼ੋਰੀ ਦੇ ਨਵੀਨ ਅਤੇ ਵਿਗਿਆਨਕ ਰੂਪਾਂ ਦਾ ਵਿਸਥਾਰ ਕਰਨ ਨਾਲ ਲੱਖ ਦੀ ਸੀਮਾ ਦਾ ਉਲੰਘਣ ਵੀ ਹੁੰਦਾ ਹੈ ਅਤੇ ਪਾਠਕ ਦੀ ਸੋਚ ਅਤੇ ਸੂਝ ਦਾ ਨਿਰਾਦਰ ਵੀ। ਇਸ ਲਈ ਮੈਂ ਆਪਣੇ ਵੱਲੋਂ ਮੁਨਾਫਾਖੋਰੀ ਦੇ ਇਕ ਹੋਰ ਰੂਪ ਦਾ ਵਰਣਨ ਕਰ ਕੇ ਬਾਕੀ ਸਾਰੇ ਰੂਪਾਂ ਬਾਰੇ ਸੋਚਣ ਦਾ ਕੰਮ ਆਪਣੇ ਪਾਠਕਾਂ ਨੂੰ ਸੋਪਦਾ ਹਾਂ।
ਵਿਗਿਆਨ ਨੇ ਮਨੁੱਖ ਦੇ ਅਧਿਆਤਮਕ ਪ੍ਰਬੰਧ ਦੀ ਹਾਨੀ ਕੀਤੀ ਹੈ ਅਤੇ ਸਨਅਤ ਨੇ ਪਰਿਵਾਰ-ਪ੍ਰਬੰਧ ਦੀ। ਅਧਿਆਤਮਕ ਪ੍ਰਬੰਧ ਦੀ ਹਾਨੀ ਹੋਣ ਨਾਲ ਜੀਵਨ ਦਿਸ਼ਾ ਹੀਣ ਹੋਇਆ ਹੈ ਅਤੇ ਪਰਿਵਾਰ-ਪ੍ਰਬੰਧ ਦੀ ਹਾਨੀ ਕਾਰਣ ਮਨੁੱਖੀ ਮਨ ਆਦਰ-ਹੀਣ ਹੋਇਆ ਹੈ। ਮਨੁੱਖੀ ਮਨ ਦੀ ਆਦਰ-ਹੀਣਤਾ ਅਤੇ ਜੀਵਨ ਦੀ ਦਿਸ਼ਾ-ਹੀਣਤਾ ਨੇ ਅਪਰਾਧ ਵਧਾਇਆ ਹੈ। ਜੀਵਨ ਵਿਚ ਦਿਸ਼ਾ-ਹੀਣਤਾ ਅਤੇ ਮਨੁੱਖੀ ਮਨ ਵਿਚ ਆਦਰ-ਹੀਣਤਾ ਦਾ ਵਾਧਾ ਸਮਾਜਾਂ ਵਿਚ ਅਪਰਾਧ ਦੇ ਵਾਧੇ ਦਾ ਰੂਪ ਧਾਰਦਾ ਰਹੇਗਾ। ਅੱਜ ਕਲ ਜਿਹੜੀਆਂ ਵੀਡੀਓ ਗੇਮਜ਼ ਬੱਚਿਆਂ ਨੂੰ ਖੇਡਣ ਲਈ ਦਿੱਤੀਆਂ ਜਾ ਰਹੀਆਂ ਹਨ, ਉਹ ਦਿਸ਼ਾ-ਹੀਣਤਾ ਅਤੇ ਆਦਰ-ਹੀਣਤਾ ਦੇ ਭਾਵਾਂ ਵਿਚ ਵਾਧਾ ਕਰਨ ਵਾਲੀਆਂ ਹਨ। ਦਿਸ਼ਾ-ਹੀਣਤਾ ਦਾ ਵਾਧਾ ਆਪਣੇ ਅੰਤਲੇ ਰੂਪ ਵਿਚ ਮਿਰਗੀ ਵਰਗੇ ਰੋਗਾਂ ਦਾ ਰੂਪ ਧਾਰ ਲੈਂਦਾ ਹੈ ਅਤੇ ਆਦਰ-ਹੀਣਤਾ ਕਤਲ ਅਤੇ ਬਲਾਤਕਾਰ ਆਦਿਕ ਅਪਰਾਧਾਂ ਵਿਚ ਵਿਕਸ ਜਾਂਦੀ ਹੈ। ਵਿਕਸ ਜਾਂਦੀ ਹੈ ਤਾਂ ਵਿਕਸ ਜਾਵੇ! ਕੌਣ ਪਰਵਾਹ ਕਰਦਾ ਹੈ। ਇਹ ਤਾਂ ਸੋਚੋ ਕਿ ਇਨ੍ਹਾਂ ਦੀ ਵਿਕਰੀ ਵਿਚੋਂ ਲਾਭ ਕਿੰਨਾ ਹੁੰਦਾ ਹੈ। ਇਕ ਸਾਲ ਦੇ ਮੁਨਾਰੇ ਦਾ ਅੱਧਾ ਜਾਂ ਇਕ ਪ੍ਰਤੀਸ਼ਤ ਕਿਸੇ ਵੀ ਮਨੋਵਿਗਿਆਨੀ ਨੂੰ ਦੇ ਕੇ ਉਸ ਕੋਲੋਂ ਇਹ ਬਿਆਨ ਦਿਵਾਇਆ ਜਾ ਸਕਦਾ ਹੈ ਕਿ ਇਨ੍ਹਾਂ ਖੇਡਾਂ ਦਾ ਕਥਿਤ ਰੋਗਾਂ ਨਾਲ ਕੋਈ ਸੰਬੰਧ ਨਹੀਂ।