ਯੁੱਧ-ਜੰਗ-1
ਜੀਉਂਦੇ ਰਹਿਣ ਲਈ ਜੀਵ ਨੂੰ ਜਿਸ ਪੁਰਸ਼ਾਰਥ ਦੀ ਲੋੜ ਹੈ, ਉਸ ਨੂੰ ਯੁੱਧ ਆਖਿਆ ਜਾਣਾ ਯੋਗ ਨਹੀਂ। ਜੀਵਨ ਨੂੰ ਜੱਦੋ-ਜਹਿਦ ਆਖਣ ਦਾ ਭਾਵ ਵੀ ਇਹ ਹੈ ਕਿ ਸਾਨੂੰ ਅਜੇ ਜੀਉਣਾ ਨਹੀਂ ਆਇਆ। ਜੋ ਕੋਈ ਜੀਵਨ ਦੇ ਭੇਤ ਨੂੰ ਜਾਣ ਲੈਂਦਾ ਹੈ, ਉਸ ਲਈ ਜੀਵਨ ਇਕ ਸਹਿਯੋਗ ਬਣ ਜਾਂਦਾ ਹੈ। ਸਹਿਸੇ ਦੀ ਮੈਲ ਮਨੁੱਖੀ ਮਨ ਨੂੰ ਸਹਿਯੋਗ-ਸੌਂਦਰਯ ਦਾ ਅਨੁਭਵ ਨਹੀਂ ਹੋਣ ਦਿੰਦੀ ਅਤੇ ਇਸ ਅਨੁਭਵ ਤੋਂ ਸੱਖਣੇ ਮਨੁੱਖ ਦੀ ਸਾਰੀ ਸਿਆਣਪ ਜੀਵਨ ਨੂੰ ਇਕ ਜੱਦੋ ਜਹਿਦ, ਇਕ ਮੁਕਾਬਲਾ, ਇਕ ਸੰਘਰਸ਼, ਇਕ ਜੰਗ ਅਨੁਮਾਨਦੀ, ਮੰਨਦੀ ਅਤੇ ਆਖਦੀ ਆਈ ਹੈ। ਆਪਣੇ ਜਿਸ ਇਤਿਹਾਸ ਨੂੰ, ਮਨੁੱਖ, ਪੁਰਾਤਨ, ਮੱਧ ਅਤੇ ਆਧੁਨਿਕ ਦੀਆਂ ਤਿੰਨ ਖੇਡਾਂ ਵਿਚ ਵੰਡਦਾ ਹੈ, ਉਸ ਇਤਿਹਾਸ ਦੇ ਵਿਕਾਸ ਵਿਚ ਯੁੱਧ ਦੀ ਉਚੇਚੀ ਥਾਂ ਹੈ; ਸਾਰੇ ਸੱਭਿਅ ਸਮਾਜਾਂ ਦੇ ਮਹਾਂਕਾਵ ਯੁੱਧ-ਗਾਥਾ ਹੋਣ ਦਾ ਗੌਰਵ ਕਰਦੇ ਹਨ: ਦੁਨੀਆਂ ਦੇ ਸਾਰੇ ਦਾਰਸ਼ਨਿਕ ਯੁੱਧ ਅਤੇ ਯੋਧਾ ਦੇ ਦਰਬਾਰ ਵਿਚ ਹੱਥ ਜੋੜਨ ਅਤੇ ਸਿਰ ਨਿਵਾਉਣ ਲਈ ਮਜਬੂਰ ਦਿੱਸਦੇ ਹਨ; ਅਤੇ ਸੰਸਾਰ ਦੇ ਵੱਡੇ ਧਰਮਾਂ ਵਿਚ ਅਜਿਹਾ ਇਕ ਵੀ ਨਹੀਂ ਜਿਸ ਨੇ ਕਿਸੇ ਨਾ ਕਿਸੇ ਯੁੱਧ ਨੂੰ ਕਿਸੇ ਨਾ ਕਿਸੇ ਵੇਲੇ ਧਰਮ-ਯੁੱਧ ਆਖਣ ਦਾ ਅਧਰਮ ਨਾ ਕੀਤਾ ਹੋਵੇ।
ਡਾਰਵਿਨ ਦੁਆਰਾ ਨਾਮਿਆ, ਬਿਆਨਿਆ ਅਤੇ ਵਿਆਖਿਆਇਆ ਹੋਇਆ ਸ੍ਵੈ-ਰੱਖਿਆ ਦਾ ਸੰਘਰਸ਼ ਵੀ ਮਨੁੱਖੀ ਜੀਵਨ ਵਿਚ ਪੁੱਜ ਕੇ ਸੰਘਰਸ਼ ਦੀ ਥਾਂ ਸਹਿਯੋਗ ਦਾ ਰੂਪ ਧਾਰਣ ਕਰਦਾ ਗਿਆ ਹੈ। ਸੱਤਾ, ਹਿੰਸਾ ਅਤੇ ਹੱਤਿਆ ਰਾਹੀਂ ਆਪਣੇ ਜੀਵਨ ਦੀ ਰੱਖਿਆ ਕਰਨ ਲਈ ਮਜਬੂਰ ਮਨੁੱਖ, ਜਿਵੇਂ ਜਿਵੇਂ ਸੁਰੱਖਿਅਤ ਹੁੰਦਾ ਗਿਆ ਹੈ, ਤਿਵੇਂ ਤਿਵੇਂ ਉਹ ਇਨ੍ਹਾਂ ਸਾਧਨਾਂ ਦੀ ਵਰਤੋਂ ਨੂੰ ਵਿਵਰਜਿਤ ਬਣਾਉਂਦਾ ਆਇਆ ਹੈ। ਜਿਵੇਂ ਜਿਵੇਂ ਇਨ੍ਹਾਂ ਸਾਧਨਾਂ ਦੀ ਵਰਤੋਂ ਘਟਦੀ ਗਈ ਹੈ, ਤਿਵੇਂ ਤਿਵੇਂ ਮਨੁੱਖੀ ਮਨ ਦੇ ਉਹ ਕਠੋਰ ਭਾਵ, ਜਿਨ੍ਹਾਂ ਦੀ ਪ੍ਰੇਰਣਾ ਅਤੇ ਉਤੇਜਨਾ ਨਾਲ ਮਨੁੱਖ ਇਨ੍ਹਾਂ ਸਾਧਨਾਂ ਦੀ ਵਰਤੋਂ ਲਈ ਉਤਸ਼ਾਹਿਤ ਹੁੰਦਾ ਸੀ, ਵੀ ਮੱਧਮ ਪੈਂਦੇ ਅਤੇ ਅਲੋਪ ਹੁੰਦੇ ਗਏ ਹਨ। ਪਸ਼ੂ-ਜੀਵਨ ਵਿਚ 'ਮਮਤਾ' ਅਤੇ 'ਪੀੜ ਦਾ ਅਹਿਸਾਸ' ਦੋਵੇਂ ਮੌਜੂਦ ਹਨ, ਪਰ ਆਪਣੇ ਭੋਜਨ ਲਈ ਦੂਜੇ ਜੀਵਾਂ ਦੀ ਹੱਤਿਆ ਕਰਨ ਵਾਲੇ ਹਿੰਸਕ ਪਸ਼ੂਆਂ ਨੂੰ ਮਾਰੇ ਜਾਣ ਵਾਲੇ ਜੀਵ ਦੀ ਪੀੜ ਦੇ ਪਿਆਲ ਨੇ ਕਦੇ ਚਿੰਤਾਤੁਰ ਨਹੀਂ ਕੀਤਾ। ਹਿੰਸਕ ਪਸੂ ਵਿਚ ਇਸ ਪ੍ਰਕਾਰ ਦੀ ਚੇਤਨਾ ਹੈ ਹੀ ਨਹੀਂ। ਉਨ੍ਹਾਂ ਵਿਚ ਮਮਤਾ ਦੇ ਹੁੰਦਿਆਂ ਹੋਇਆ ਚਇਆ ਦੀ ਅਣਹੋਂਦ ਹੈ। ਸੁਰੱਖਿਅਤ ਮਨੁੱਖੀ ਜੀਵਨ ਮਮਤਾ ਦੀ ਸੰਕੀਰਣਤਾ ਵਿਚੋਂ ਨਿਕਲ ਕੇ ਮਿੱਤ੍ਰਤਾ ਅਤੇ ਦਇਆ ਦੀ ਵਿਸ਼ਾਲਤਾ ਵਿਚ ਪਰਵੇਸ਼ ਕਰਦਾ ਗਿਆ ਹੈ।