ਦੀ ਤੱਕੜੀ ਦੇ ਛਾਇਆਂ ਵਿਚ ਪਾ ਕੇ ਤੋਲਣ ਦਾ ਵਿਦਿਆਰਥੀਪਨ ਕਦੇ ਨਹੀਂ ਕੀਤਾ। ਉਸ ਲਈ ਜੰਗ ਮਨੁੱਖੀ ਸਮਾਜਾਂ ਦੀ ਨੈਤਿਕ ਸੁੰਦਰਤਾ ਨੂੰ ਕਾਇਮ ਰੱਖਣ ਦਾ ਇਕੋ ਇਕ ਤਰੀਕਾ ਹੈ। ਜਿਹੜੇ ਦਾਰਸ਼ਨਿਕ ਅਤੇ ਸਾਹਿਤਕਾਰ ਜੰਗ ਵਿਚ ਕੋਝ ਅਤੇ ਕਲੇਸ਼ ਵੇਖਦੇ ਹਨ ਉਹ ਵੀ ਇਸ ਨੂੰ ਅਟੱਲ ਮੰਨਦੇ ਪ੍ਰਤੀਤ ਹੁੰਦੇ ਹਨ। ਜਗਤ ਪ੍ਰਸਿੱਧ ਨਾਵਲ ਵਾਰ ਐਂਡ ਪੀਸ (War and Peace) ਵਿਚ ਟਾਲਸਟਾਏ ਦੇ ਪਾਤਰ ਰਾਜਕੁਮਾਰ ਐਂਡਰਿਊ ਦਾ ਪਿਤਾ ਉਸਨੂੰ ਕਹਿੰਦਾ ਹੈ, "ਜਿੰਨਾ ਚਿਰ ਮਨੁੱਖਾਂ ਦੀਆਂ ਨਾੜਾਂ ਵਿਚ ਲਹੂ ਦੀ ਥਾਂ ਪਾਣੀ ਨਹੀਂ ਕਰਿਆ ਜਾਂਦਾ, ਓਨਾ ਚਿਰ ਜੰਗਾਂ ਹੁੰਦੀਆਂ ਹੀ ਰਹਿਣਗੀਆਂ।"
ਬਹੁਤ ਸਮਾਂ ਪਹਿਲਾਂ ਮਹਾਤਮਾ ਟਾਲਸਟਾਏ ਜੀ ਨੇ ਇਹ ਗੱਲ ਲਿਖੀ ਸੀ ਅਤੇ ਉਨ੍ਹਾਂ ਤੋਂ ਪਿੱਛੋਂ ਪਹਿਲੀ ਸੰਸਾਰ ਜੰਗ ਦੇ ਆਰੰਭ ਸਮੇਂ ਫਰਾਇਡ ਨੇ ਜੰਗ ਦੀ ਭਰਪੂਰ ਨਿੰਦਾ ਕਰ ਲੈਣ ਪਿੱਛੋਂ ਇਹ ਲਿਖਿਆ ਸੀ ਕਿ, "ਜੰਗ ਮਨੁੱਖ ਨੂੰ ਓਨਾ ਨੀਚ ਨਹੀਂ ਬਣਾਉਂਦੀ ਜਿੰਨਾ ਅਸੀਂ ਸਮਝਦੇ ਹਾਂ ਅਤੇ ਸੱਭਿਅਤਾ ਉਸਨੂੰ ਓਨਾ ਸਾਊ ਵੀ ਨਹੀਂ ਬਣਾ ਸਕੀ ਜਿੰਨਾ ਅਸੀਂ ਮੰਨਦੇ ਹਾਂ।" ਕੁਝ ਇਸੇ ਪ੍ਰਕਾਰ ਦੀ ਦੋ-ਅਰਥੀ ਜਿਹੀ ਗੱਲ ਮਨਟੇਨਾਂ (Montaigne) ਨੇ ਵੀ ਕੀਤੀ ਹੈ। ਉਹ ਲਿਖਦਾ ਹੈ, "ਜੰਗ ਮਨੁੱਖ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵੱਧ ਆਲੀਸ਼ਾਨ ਕਿਰਿਆ ਹੈ। ਤਾਂ ਵੀ ਇਹ ਕਿਸੇ ਕਮਜ਼ੋਰੀ ਅਤੇ ਅਧੂਰੇਪਨ ਦੀ ਅਭਿਵਿਅਕਤੀ ਆਖੀ ਜਾਣੀ ਚਾਹੀਦੀ ਹੈ ਕਿਉਂਜੁ ਵਿਨਾਸ਼ ਅਤੇ ਹੱਤਿਆ ਦੀ ਇਸ ਕਲਾ ਵਿਚ ਕੁਝ ਵੀ ਅਜਿਹਾ ਨਹੀਂ ਜਿਹੜਾ ਜੰਗਲੀ ਪਸ਼ੂਆਂ ਨੂੰ ਆਪਣੀ ਨਸਲ ਵਿਰੁੱਧ ਇਹ ਕੁਝ ਕਰਨ ਦੀ ਪ੍ਰੇਰਣਾ ਦੇਣ ਦੇ ਯੋਗ ਹੋ ਸਕਿਆ ਹੋਵੇ।" ਇਹ ਕੁਝ ਕਹਿ ਲੈਣ ਪਿੱਛੋਂ ਮਨਟੇਨ ਜੀ ਇਹ ਲਿਖਣ ਲਈ ਵੀ ਮਜਬੂਰ ਹੋ ਜਾਂਦੇ ਹਨ ਕਿ "ਮਨੁੱਖ ਜਾਤੀ ਨੂੰ ਲੰਮੇ ਅਮਨ ਕਾਰਨ ਲੱਗੇ ਰੋਗਾਂ ਦਾ ਦੁੱਖ ਵੀ ਭੋਗਣਾ ਪੈਂਦਾ ਹੈ। ਵਿਲਾਸ ਜੰਗ ਨਾਲੋਂ ਵਧੇਰੇ ਘਾਤਕ ਹੁੰਦਾ ਹੈ।
'ਵਾਰ ਐਂਡ ਪੀਸ' ਦੇ ਕਰਤਾ ਮਹਾਤਮਾ ਟਾਲਸਟਾਏ ਜੀ ਉਚੇਰੀ ਮਾਨਸਿਕ ਪੱਧਰ ਤਕ ਪੁੱਜੇ ਹੋਏ ਵਿਅਕਤੀ ਸਨ ਪਰ ਉਨ੍ਹਾਂ ਨੂੰ ਵੀ ਨੈਪੋਲੀਅਨ ਅਤੇ ਕੁਤੁਜ਼ੇਫ ਇਕੋ ਦੇਸ਼ ਦੇ ਇਕੋ ਜਿਹੇ ਦੋਸ਼ੀ ਨਹੀਂ ਦਿਸੇ। ਮਹਾਤਮਾ ਟਾਲਸਟਾਏ ਨੂੰ ਕੁਰੂਜ਼ੋਰ ਧਰਮ ਰੱਖਿਅਕ, ਦੁਸ਼ਟ-ਦਮਨ ਦਿੱਸਦਾ ਸੀ ਜਦ ਕਿ ਉਨ੍ਹਾਂ ਵਰਗੇ ਕਈ ਹੋਰ ਸਿਆਣਿਆਂ ਨੂੰ, ਜਿਨ੍ਹਾਂ ਵਿਚ ਹੀਗਲ ਅਤੇ ਨੀਸ਼ (ਨੀਤਸ਼ੇ) ਵਰਗੇ ਵੀ ਸ਼ਾਮਲ ਹਨ, ਨੈਪੋਲੀਅਨ ਵਿਚ ਕਿਸੇ ਇਲਾਹੀ ਕਿਸ਼ਮੇ ਦੇ ਦਰਸ਼ਨ ਹੁੰਦੇ ਸਨ। ਐਮਰਸਨ ਅਤੇ ਕਾਰਲਾਈਲ ਵਰਗੇ ਸਾਹਿਤਕ 'ਮਹਾਂਰਥੀ' ਬਸਤਰਧਾਰੀ ਯੋਧਿਆਂ, ਵਿਜਈ ਸੂਰਮਿਆ ਅਤੇ ਕੀਰਤੀਮਾਨ ਕਲਾਧਾਰੀਆ ਦੀ ਹਜ਼ੂਰੀ ਵਿਚ ਹੱਥ ਬੰਨ੍ਹੀ ਖੜੇ ਦਿੱਸਦੇ ਹਨ। ਇਨ੍ਹਾਂ ਮਹਾਂਰਥੀਆਂ ਦੇ ਸਾਹਿਤ-ਰਥਾਂ ਦੇ ਪਹੀਏ ਜਿਹੜੀਆਂ ਲੀਹਾਂ ਪਾ ਗਏ ਹਨ, ਉਨ੍ਹਾਂ ਨੂੰ ਪਾੜ ਕੇ ਨਵੇਂ ਪਹੇ ਪਾਉਣ ਦੀ ਦਲੇਰੀ ਕੌਣ ਕਰ ਸਕਦਾ ਹੈ। ਇਹ ਦਲੇਰੀ ਕਿਸੇ ਨੇ ਨਹੀਂ ਕੀਤੀ ਅਤੇ ਧਰਮ-ਯੁੱਧ ਦਾ ਚਾਅ ਰੱਖਣ ਵਾਲੇ ਯੋਧਿਆਂ ਨੂੰ ਨੈਪੋਲੀਅਨ ਅਤੇ ਕੁਰੂਦੇਵਾਂ, ਅਕਬਰਾਂ ਅਤੇ ਪ੍ਰਤਾਪਾਂ, ਔਰੰਗਜ਼ੇਬਾਂ ਅਤੇ ਸ਼ਿਵਾ ਜੀ ਮਰਹੱਟਿਆਂ ਵਿਚ ਵੰਡ ਕੇ ਮਨੁੱਖੀ ਅਕਲ ਦਾ ਇਕ ਹਿੱਸਾ ਇਕ ਧੜੇ ਨੂੰ ਅਤੇ ਦੂਜਾ ਹਿੱਸਾ ਦੂਜੇ ਧੜੇ ਨੂੰ ਸਿਰ ਝੁਕਾਉਂਦਾ ਅਤੇ ਸਲਾਮਾਂ ਕਰਦਾ
1. ਮਨਟੇਨ-ਸੋਲ੍ਹਵੀਂ ਸਦੀ ਦਾ ਫ਼ਰਾਂਸੀਸੀ ਦਾਰਸਨਿਕ।
2. ਜੂਵੀਨਲ ਦਾ ਇਕ ਵਾਕ ਜਿਸ ਨੂੰ ਮਨਟੇਨ ਨੇ ਹਵਾਲੇ ਵਜੋਂ ਵਰਤਿਆ ਹੈ। ਜੁਵੀਨਲ-ਪਹਿਲੀ ਸਦੀ ਈਸਵੀ ਦਾ ਇਕ ਪ੍ਰਸਿੱਧ ਰੋਮਨ ਵਿਅੰਗਕਾਰ ਕਵੀ ਸੀ।