

ਯੁੱਧ-ਜੰਗ-3
ਵਿਕਾਸ ਅਤੇ ਪ੍ਰਭਾਵ
ਸਾਡੀ ਧਰਤੀ ਉੱਤੇ ਵਾਪਰਨ ਵਾਲਾ ਵਿਕਾਸ ਕਿੰਨਾ ਵਿਸਮਾਦੀ ਹੈ। ਜੇ ਅਸੀਂ ਅਰਬਦ ਨਰਬਦ ਦੀ ਗਿਣਤੀ ਦਾ ਕੁਝ ਅਨੁਮਾਨ ਲਾ ਸਕਦੇ ਹੋਈਏ ਤਾਂ ਉਸ ਧੁੰਧੂਕਾਰ ਦੀ ਵੀ ਕਲਪਨਾ ਕਰ ਸਕਾਂਗੇ ਜਿਸ ਵਿਚ ਲਪੇਟੀ ਹੋਈ ਮਾਂ ਧਰਤੀ, ਉਸ ਦਿਨ ਦੀ ਉਡੀਕ ਕਰ ਰਹੀ ਸੀ ਜਿਸ ਦਿਨ ਪਿਤਾ, ਪਾਣੀ ਨਾਲ ਮਿਲਾਪ ਦੇ ਫਲਸਰੂਪ ਉਸ ਦੀ ਕੁੱਖ ਵਿਚੋਂ ਘਾਹ ਦੀ ਪਹਿਲੀ ਕਰੂੰਬਲ ਉਗਮਣ ਵਾਲੀ ਸੀ। ਇਹ ਉਡੀਕ ਲੰਮੇਰੀ ਸੀ ਕਿ ਧਰਤੀ ਦਾ ਧੀਰਜ ਵਡੇਰਾ ਸੀ, ਇਸ ਗੱਲ ਦਾ ਨਿਰਣਾ ਕਵੀ-ਮਨ ਉੱਤੇ ਛੱਡ ਕੇ ਮੈਂ ਧਰਤੀ ਦੀ ਕੁੱਖੋਂ ਜਨਮੀ ਘਾਹ ਦੀ ਨਿੱਕੀ ਜਿਹੀ ਕਰੂੰਬਲ ਦੇ ਵਿਸਮਾਦੀ ਵਿਸਤਾਰ ਵੱਲ ਵੇਖਣਾ ਚਾਹੁੰਦਾ ਹਾਂ। ਕਿੱਨੇ ਜੰਗਲ ਹਨ ਅੱਜ ਸਾਡੀ ਧਰਤੀ ਦੇ ਤਲ ਉੱਤੇ: ਕਿੰਨੇ ਸੁੰਦਰ ਬਾਗ ਹਨ ਜਿਨ੍ਹਾਂ ਨੂੰ ਜੀਵਨ ਵਿਚਲੇ ਅਜੂਬੇ ਹੋਣ ਦਾ ਮਾਣ ਹੈ; ਕਿੰਨੀਆਂ ਪਾਰਕਾਂ ਹਨ ਜਿਨ੍ਹਾਂ ਵਿਚ ਟਹਿਕਦੇ ਮਹਿਕਦੇ ਫੁੱਲ ਹਸੂੰ ਹਸੂੰ ਕਰਦੇ ਬੱਚਿਆਂ ਨਾਲ ਇਉਂ ਘੁਲ-ਮਿਲ ਜਾਂਦੇ ਹਨ ਕਿ ਬੱਚਿਆਂ ਅਤੇ ਫੁੱਲਾਂ ਵਿਚਲਾ ਫਰਕ, ਕਿਸੇ ਕਿਸੇ ਅੱਖ ਲਈ, ਕਦੇ ਕਦੇ ਉੱਕਾ ਅਲੋਪ ਹੀ ਹੋ ਜਾਂਦਾ ਹੈ। ਕਣਕਾਂ, ਕਪਾਹਾਂ, ਕਮਾਦਾਂ, ਝੋਨਿਆ, ਬਾਸਮਤੀਆਂ, ਮੱਕੀਆਂ, ਜੁਆਰਾ ਅਤੇ ਨਾਨਾ-ਪ੍ਰਕਾਰ ਦੇ ਵਲਾਂ, ਫੁੱਲਾਂ ਅਤੇ ਸਬਜ਼ੀਆਂ ਦਾ ਸੁਆਦ ਅਤੇ ਸੌਂਦਰਯ ਮਾਣਦਾ ਹੋਇਆ ਮਨੁੱਖ ਇਹ ਸੋਚਣ ਦੀ ਲੋੜ ਹੀ ਮਹਿਸੂਸ ਨਹੀਂ ਕਰਦਾ ਕਿ ਧਰਤੀ ਉੱਤੇ ਉੱਗਣ ਵਾਲੀ ਪਹਿਲੀ ਕਰੂੰਬਲ ਨੇ ਸੂਰਜ ਦੀ ਪਹਿਲੀ ਕਿਰਣ ਨੂੰ ਕਿੰਨੀ ਤੀਬਰਤਾ ਨਾਲ ਤਾਂਘਿਆ ਹੋਵੇਗਾ। ਸਦੀਆਂ ਬੀਤ ਗਈਆਂ ਹਨ, ਮਨੁੱਖ ਨੂੰ ਧਰਤੀ ਵਿਚੋਂ ਕੋਇਲਾ ਕੱਢਦਿਆਂ। ਇਕ ਇਕ ਦੇਸ਼ ਵਿਚ ਇਕ ਇਕ ਦਿਨ ਵਿਚ ਲੱਖਾਂ ਮਣ ਕੋਇਲਾ ਕੱਢਿਆ ਜਾਣ ਉੱਤੇ ਵੀ ਧਰਤੀ ਦਾ ਭੰਡਾਰ ਅਖੁੱਟ ਪ੍ਰਤੀਤ ਹੁੰਦਾ ਹੈ। ਸਾਡੇ ਸਾਇੰਸਦਾਨ ਇਹ ਦੱਸਦੇ ਹਨ ਕਿ ਇਹ ਕੋਇਲਾ ਅਸਲ ਵਿਚ ਉਹ ਜੰਗਲ ਹਨ ਜਿਹੜੇ ਲੱਖਾਂ ਸਾਲ ਪਹਿਲਾਂ ਧਰਤੀ ਉੱਤੇ ਮੌਲੇ, ਮੋਏ ਅਤੇ ਧਰਤੀ ਹੇਠ ਦੱਬੇ ਜਾਣ ਕਰਕੇ ਕੋਇਲੇ ਦਾ ਰੂਪ ਧਾਰਣ ਕਰ ਗਏ। ਧਰਤੀ ਵਿਚਲਾ ਤੇਲ ਵੀ ਦੱਸਦੇ ਹਨ, ਰੁੱਖਾਂ ਦਾ ਰਸ ਹੈ ਜਿਹੜਾ ਅਜੋਕੀ ਸੱਭਿਅਤਾ ਦੀ ਜਿੰਦ ਜਾਨ ਮੰਨਿਆ ਜਾਂਦਾ ਹੈ ਅਤੇ ਜਿਸ ਤੋਂ ਏਨਾ ਨਿਕ-ਸੁਕ ਬਣਦਾ ਹੈ ਕਿ ਮਨੁੱਖੀ ਅਕਲ ਲਈ ਮੰਨਣਾ ਮੁਸ਼ਕਿਲ ਹੈ। ਕਿੰਨਾ ਵਿਸਮਾਦੀ ਵਿਸਥਾਰ ਹੋਇਆ ਹੈ ਇਕ ਨਿੱਕੀ ਜਿਹੀ ਕਰੂੰਬਲ ਦਾ, ਜਿਸ ਨਾਲ ਕਈ ਗਿਆਨ, ਵਿਗਿਆਨ, ਕਿੱਤੇ ਅਤੇ ਕਾਰੋਬਾਰ ਹੋਂਦ ਵਿਚ ਆਏ ਹਨ।
ਘਾਹ ਦੀ ਪਹਿਲੀ ਨਿੱਕੀ ਕਰੂੰਬਲ ਵਾਂਗ ਸੰਸਾਰ ਦੇ ਪਹਿਲੇ ਮਨੁੱਖ ਦਾ ਉਹ ਪਹਿਲਾ