ਬੱਚਿਆਂ ਨੂੰ ਕਤਲ ਕਰਨ ਅਤੇ ਉਨ੍ਹਾਂ ਦੀਆਂ ਇਸਤ੍ਰੀਆਂ ਦੀ ਬੇ-ਪਤੀ ਕਰਨ ਦਾ ਉਚੇਚਾ ਆਦੇਸ਼ ਦਿੰਦਾ ਹੈ। ਮੱਧ-ਪੂਰਬੀ ਦੇਸਾਂ ਦੇ ਯੁੱਧਾਂ ਦੇ ਵਰਣਨ ਵਿਚ ਅਜਿਹੀ ਨੀਚਤਾ ਦੀ ਵਰਤੋਂ ਦਾ ਵਰਣਨ ਆਮ ਹੈ। ਇਉਂ ਲੱਗਦਾ ਹੈ ਕਿ ਰੋਮਨਾਂ ਨੇ ਆਪਣੀ ਯੁੱਧ ਨੀਤੀ ਨੂੰ ਬਦਲ ਲਿਆ ਸੀ ਅਤੇ ਅਜਿਹੀ ਨੀਚਤਾ ਦੀ ਸ਼ਰਨ ਲੈਣ ਨੂੰ ਮਾੜਾ ਮੰਨਣ ਲੱਗ ਪਏ ਸਨ। ਉਨ੍ਹਾਂ ਤੋਂ ਪਹਿਲਾਂ ਮਿਸਰ ਦੇ ਲੋਕ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਦਾਸ ਬਣਾ ਕੇ ਲੈ ਆਉਂਦੇ ਸਨ । ਮੱਧ-ਪੂਰਬੀ ਦੇਸ਼ਾਂ ਦੀ ਯੁੱਧ ਨੀਤੀ ਵਿਚ ਹਰ ਪ੍ਰਕਾਰ ਦੀ ਨੀਚਤਾ ਨੂੰ ਯੋਗ ਥਾਂ ਪ੍ਰਾਪਤ ਰਹੀ ਜਾਪਦੀ ਹੈ। ਚੀਨ ਦੀ ਦੀਵਾਰ ਦੀ ਪਕਿਆਈ ਅਤੇ ਉਚਿਆਈ ਵੀ ਯੁੱਧ ਨੀਤੀ ਦੀ ਨੀਚਤਾ ਦਾ ਮੁਕਾਬਲਾ ਕਰਨ ਲਈ ਹੀ ਹੋਂਦ ਵਿਚ ਆਈ ਪ੍ਰਤੀਤ ਹੁੰਦੀ ਹੈ। ਭਾਰਤੀ ਹਿੰਦੂ ਇਹ ਕਹਿੰਦੇ ਹਨ ਕਿ ਉਨ੍ਹਾਂ ਦੇ ਦੇਸ਼ ਉੱਤੇ ਹਮਲਾ ਕਰਨ ਵਾਲੇ ਮੁਸਲਮਾਨ ਹਮਲਾਵਰ ਆਪਣੀ ਸੈਨਾ ਦੇ ਸਾਹਮਣੇ ਗਊਆਂ ਤੋਰ ਲੈਂਦੇ ਸਨ। ਗੋ-ਹੱਤਿਆ ਦੇ ਪਾਪ ਤੋਂ ਡਰਦੇ ਹਿੰਦੂ ਸੈਨਿਕ ਤੀਰ ਚਲਾਉਣਾ ਉਚਿਤ ਨਹੀਂ ਸਨ ਸਮਝਦੇ ਅਤੇ ਹਾਰ ਜਾਂਦੇ ਸਨ। ਹੋ ਸਕਦਾ ਹੈ ਕਿ ਉਨ੍ਹਾਂ ਹਿੰਦੂਆਂ ਨੂੰ ਇਸ ਗੱਲ ਦਾ ਪਤਾ ਨਾ ਹੋਵੇ ਕਿ "ਪਿਆਰ ਅਤੇ ਜੰਗ ਵਿਚ ਸਭ ਕੁਝ ਜਾਇਜ਼ ਹੈ।" ਕਿੰਨੇ ਮੂਰਖ ਸਨ: ਪਿਆਰ ਅਤੇ ਜੰਗ ਵਿਚ ਏਨੀ ਸਾਂਝ ਵੀ ਨਹੀਂ ਵੇਖ ਸਕੇ। ਪਿਆਰ ਦਾ ਸ਼ਬਦ ਤਾਂ ਇਸ ਉਕਤੀ ਵਿਚ ਸੋਚਦਾ ਨਹੀਂ: ਹਾਂ ਜੰਗਾਂ ਦਾ ਇਤਿਹਾਸ ਇਹ ਦੱਸਦਾ ਹੈ। ਕਿ ਜੰਗ ਵਿਚ ਜਾਇਜ਼ ਨਾਜਾਇਜ਼ ਨਾਂ ਦੀ ਕੋਈ ਚੀਜ਼ ਮੁਮਕਿਨ ਨਹੀਂ। ਜੰਗ ਵਿਚ ਹਿੱਸਾ,
ਹੱਤਿਆ,
ਨਿਰਦੈਤਾ,
ਨੀਚਤਾ,
ਨਿਰਲੱਜਤਾ ਅਤੇ ਹੈਵਾਨੀਅਤ ਦੇ ਭਾਵਾਂ ਦਾ ਪ੍ਰਦਰਸ਼ਨ ਹੁੰਦਾ ਹੈ। ਗਿਆਨ ਵਿਗਿਆਨ ਦੀ ਉੱਨਤੀ ਨੇ ਇਸ ਪਪੁਣੇ ਦੇ ਪ੍ਰਦਰਸ਼ਨ ਦੀ ਸਮਰੱਥਾ ਨੂੰ ਵਧਾ ਦਿੱਤਾ ਹੈ,
ਜਿਸ ਕਰਕੇ ਅਜੋਕੇ ਮਨੁੱਖ ਨੂੰ ਇਉਂ ਜਾਪਦਾ ਹੈ ਕਿ ਪੁਰਾਣੀਆਂ ਜੰਗਾਂ ਵਿਚ ਅਜੋਕੀਆਂ ਜੰਗਾਂ ਨਾਲੋਂ ਘੱਟ ਨੀਚਤਾ ਵਰਤੀ ਜਾਂਦੀ ਸੀ।
ਆਪਣੇ ਆਕਾਰ-ਪਾਸਾਰ ਵਿਚ ਆਧੁਨਿਕ ਜੰਗਾਂ ਪੁਰਾਣੀਆਂ ਜੰਗਾਂ ਨਾਲੋਂ ਬਿਲਕੁਲ ਵੱਖਰੀਆਂ ਹਨ। ਭਾਵੇਂ ਨਿਰਦੈਤਾ ਨੀਚਤਾ ਅਤੇ ਪਾਸ਼ਥਿਕਤਾ ਗੁਣ ਕਰਕੇ ਉਸੇ ਪ੍ਰਕਾਰ ਦੀ ਹੈ ਪਰ ਆਪਣੇ ਪਸਾਰੇ ਅਤੇ ਪ੍ਰਭਾਵ ਦੇ ਰੂਪ ਵਿਚ ਇਸਨੇ ਬਹੁਤ ਹੀ ਭਿੰਨਤਾ ਪ੍ਰਾਪਤ ਕਰ ਲਈ ਹੈ। ਪੁਰਾਣੀਆਂ ਜੰਗਾਂ ਵਿਚ ਰਾਜੇ, ਮਹਾਰਾਜੇ ਅਤੇ ਸ਼ਹਿਨਸ਼ਾਹ ਆਪ ਲੜਾਈ ਦੇ ਮੈਦਾਨ ਵਿਚ ਆਉਂਦੇ ਸਨ ਅਤੇ ਕਈ ਵਾਰੀ ਮਾਰੇ ਵੀ ਜਾਂਦੇ ਸਨ। ਅੱਜ ਕੱਲ ਦੋਬਾ ਦੇ ਮੰਗੀ ਅਤੇ ਮੰਤ੍ਰੀ ਮੰਡਲ, ਪ੍ਰੈਜੀਡੈਂਟ, ਪ੍ਰਧਾਨ ਮੰਤ੍ਰੀ ਅਤੇ ਡਿਕਟੇਟਰ, ਪਾਰਲੀਮੈਂਟਾਂ ਦੇ ਮੈਂਬਰ ਅਤੇ ਵੱਡੇ ਵੱਡੇ ਫੌਜੀ ਜਰਨੈਲ ਆਪੋ ਆਪਣੇ ਘਰੀਂ ਜਾਂ ਸੁਰੱਖਿਅਤ ਤਹਿਖਾਨਿਆਂ ਵਿਚ ਜੰਗੀ ਖ਼ਤਰੇ ਤੋਂ ਦੂਰ ਬੈਠੇ, ਜੰਗ ਦੀਆਂ ਵਿਉਂਤਾਂ ਬਣਾਉਂਦੇ ਰਹਿੰਦੇ ਹਨ। ਆਲੀਸ਼ਾਨ ਸਰਕਾਰੀ ਦਫ਼ਤਰਾਂ ਦੇ ਸਵਰਗੀ ਸੁਖ ਵਿਚ ਬੈਠ ਕੇ ਅਤਿਅੰਤ ਗੰਭੀਰ ਬੌਧਿਕ ਵਾਤਾਵਰਣ ਵਿਚ ਵਿਚਰਦੇ ਹੋਏ, ਸਾਧਾਰਣ ਮਨੁੱਖ ਦੀ ਸਰੀਰਕ ਅਤੇ ਮਾਨਸਿਕ ਪੀੜ ਤੇ ਨਿਰਲੇਪ, ਕਲੇਸ਼ ਅਤੇ ਕਰੁਣਾ ਤੋਂ ਉੱਕੇ ਅਭਿੱਜ, ਮਨੁੱਖੀ ਰਿਸ਼ਤਿਆਂ ਦੇ ਸਤਿਕਾਰ ਵੱਲੋਂ ਉਪਰਾਮ ਰਹਿੰਦੇ ਹੋਏ ਵਿਰੋਧੀ ਧੜੇ ਦੇ ਪੁਲਾਂ, ਸਕੂਲਾਂ, ਹਸਪਤਾਲਾ, ਬਿਜਲੀ-ਘਰਾਂ, ਪਾਣੀ ਦੇ ਸ੍ਰੋਤਾਂ, ਇਥੋਂ ਤਕ ਕਿ ਸਮੁੱਚੇ ਸ਼ਹਿਰਾਂ ਦੀ ਬਰਬਾਦੀ ਦੀਆਂ ਸਕੀਮਾਂ ਦਾ ਪੂਰਾ ਪੂਰਾ ਪ੍ਰੋਗਰਾਮ ਉਲੀਕ ਕੇ ਜਦੋਂ ਸਾਡੇ ਜੰਗੀ ਮਾਹਰ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਦੇ ਚਿਹਰੇ ਉੱਤੇ ਉਹ ਮਾਸੂਮੀਅਤ ਅਤੇ ਮੁਸਕਰਾਹਟ ਵੇਖੀ ਜਾ ਸਕਦੀ ਹੈ, ਜਿਹੜੀ ਮੂਰਤੀ ਨੂੰ ਮੱਥਾ ਟੇਕ ਕੇ ਅੰਦਰੋਂ ਬਾਹਰ ਨਿਕਲਦੇ ਕਿਸੇ ਸ਼ਰਧਾਲੂ ਦੇ ਚਿਹਰੇ ਉੱਤੇ ਹੋਣੀ ਚਾਹੀਦੀ ਹੈ।