

ਇਹ ਸ਼ੈਤਾਨੀ ਸ਼ੋਕ ਦੋਹਾਂ ਦੇਸ਼ਾਂ ਨੂੰ ਮਹਿੰਗਾ ਪਿਆ ਹੈ। ਵਿਸ਼ੇਸ਼ ਕਰਕੇ ਰੂਸ ਦੀ ਹੋਂਦ ਹੀ ਖ਼ਤਰੇ ਵਿਚ ਪੈ ਗਈ ਹੈ। ਹਥਿਆਰਾਂ ਅਤੇ ਐਟਮ ਬੰਬਾਂ ਦੇ ਤਜਰਬਿਆਂ ਨੇ ਧਰਤੀ ਦਾ ਵਾਯੂਮੰਡਲ ਵਿਸ਼ੈਲਾ ਕਰ ਦਿੱਤਾ ਹੈ। ਜਿਨ੍ਹਾਂ ਕਾਰਖ਼ਾਨਿਆਂ ਵਿਚ ਐਟਮੀ ਹਥਿਆਰ ਬਣਾਏ ਜਾਂਦੇ ਹਨ, ਉਨ੍ਹਾਂ ਵਿਚੋਂ ਨਿਕਲਣ ਵਾਲਾ ਵਾਧੂ ਕੂੜਾ ਜਾਂ ਵੇਸਟ, ਰੇਡੀਓ-ਐਕਟਿਵ ਹੋਣ ਕਰਕੇ ਕਈ ਪ੍ਰਕਾਰ ਦੇ ਅਸਾਧ ਰੋਗ ਪੈਦਾ ਕਰਦਾ ਹੈ। ਇਸ ਰੇਡੀਓ-ਐਕਟਿਵ ਵੇਸਟ ਨੂੰ ਸਮੁੰਦਰਾਂ, ਰੇਗਿਸਤਾਨਾਂ ਵਿਚ ਸੁੱਟਣ ਕਰਕੇ ਸਾਡੇ ਸਾਹਿਲਾਂ ਦਾ ਪਾਣੀ ਰੋਗੀ ਹੋ ਗਿਆ ਹੈ: ਸਾਡੀ ਹਵਾ ਰੋਗੀ ਹੋ ਗਈ ਹੈ। ਜਿਨ੍ਹਾਂ ਸ਼ਹਿਰਾਂ ਦੇ ਲਾਗੇ ਇਹ ਕਾਰਖ਼ਾਨੇ ਲਾਏ ਗਏ ਹਨ, ਉਨ੍ਹਾਂ ਸ਼ਹਿਰਾਂ ਦੇ ਵਸਨੀਕ ਸਦਾ ਹੀ ਰੋਗ ਅਤੇ ਕਿਸੇ ਵੱਡੀ ਦੁਰਘਟਨਾ ਦੇ ਭੈ ਦੇ ਪਰਛਾਵੇਂ ਹੇਠ ਜਿਉਂਦੇ ਹਨ। ਨਿੱਕੀਆਂ ਨਿੱਕੀਆਂ ਨਿਰਦੋਸ਼ ਜਿੰਦਾਂ ਨੂੰ, ਮਨੁੱਖ ਦਾ ਐਟਮੀ ਵਿਕਾਸ, ਲਿਊਕੀਮੀਆ ਵਰਗੇ ਭਿਆਨਕ ਰੋਗਾਂ ਦੀ ਭੇਟ ਦੇ ਕੇ ਰਾਕਟ ਨੁਮਾ ਖਿਡੌਣਿਆਂ ਨਾਲ ਖੇਡਣਾ ਸਿਖਾਉਂਦਾ ਹੈ ਅਤੇ ਉਨ੍ਹਾਂ ਦੇ ਰੋਗੀ ਬਚਪਨ ਨੂੰ ਗੋਦੀ ਵਿਚ ਚੁੱਕੀ ਫਿਰਨ ਵਾਲੇ ਮਾਪੇ ਆਪਣੇ ਦੇਸ਼ ਨੂੰ ਸੁਪਰ ਪਾਵਰ ਹੋਣ ਦਾ ਮਾਣ ਕਰਦੇ ਵੇਖ ਕੇ ਆਪੇ ਵਿਚ ਨਹੀਂ ਸਮਾਉਂਦੇ। ਜਦੋਂ ਬੱਚੇ ਦੇ ਲਹੂ ਵਿਚਲੇ ਲਿਊਕੀਮੀਆ ਦਾ ਐਟਮੀ ਤਜਰਬਿਆਂ ਅਤੇ ਨਿਊਕਲੀਅਰ ਪਾਵਰ ਸਟੇਸ਼ਨਾਂ ਨਾਲ ਕੋਈ ਨਾਤਾ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਦੋਂ ਆਧੁਨਿਕ ਧਰਮ ਦੇ ਸਰਕਾਰੀ ਪ੍ਰੋਹਿਤ ਝੱਟ ਹੀ ਕੋਈ ਸ਼ਲੋਕ ਪੜ੍ਹ ਕੇ ਸੁਣਾ ਦਿੰਦੇ ਹਨ, ਜਿਸ ਦਾ ਭਾਵ ਇਹ ਹੁੰਦਾ ਹੈ ਕਿ ਵਾਤਾਵਰਣ ਵਿਚਲੀ ਰੇਡੀਏਸ਼ਨ ਏਨੀ ਘੱਟ ਹੈ ਕਿ ਇਸ ਤੋਂ ਕਿਸੇ ਕਿਸਮ ਦਾ ਕੋਈ ਖ਼ਤਰਾ ਨਹੀਂ। ਇਸ ਗੱਲ ਨੂੰ ਰੋਗੀ ਵੀ ਮੰਨ ਲੈਂਦੇ ਹਨ, ਕਿਉਂਜ਼ ਉੱਚੇ ਰੁਤਬੇ ਅਤੇ ਵੱਡੀ ਤਨਖ਼ਾਹ ਵਾਲੇ ਆਦਮੀ ਦੀ ਨੀਅਤ ਉੱਤੇ ਸ਼ੱਕ ਕਰਨਾ ਸੋਭਾ ਨਹੀਂ ਦਿੰਦਾ।
ਸ਼ਕਤੀ ਦੇ ਸੁਦਾਅ ਨੇ ਐਟਮੀ ਹਥਿਆਰਾਂ ਦੀ ਉਪਜ ਏਨੀ ਜ਼ਿਆਦਾ ਕਰ ਦਿੱਤੀ ਹੈ ਕਿ ਅਜੋਕੇ ਜੰਗੀ ਮਾਹਰ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇ ਤੀਜਾ ਸੰਸਾਰ ਯੁੱਧ ਹੋਇਆ ਤਾਂ ਉਸ ਵਿਚ ਵਿਜਈ ਹੋਣ ਦਾ ਮਾਣ ਕਰਨ ਲਈ ਕੋਈ ਨਹੀਂ ਬਚੇਗਾ। ਜਿਹੜੇ ਬਚਣਗੇ, ਉਹ ਮਨੁੱਖ ਦੀ ਮੂਰਖਤਾ ਉੱਤੇ ਰੋਣ ਤੋਂ ਇਲਾਵਾ ਜੋ ਕੋਈ ਕੰਮ ਕਰਨਾ ਚਾਹੁਣਗੇ ਤਾਂ ਉਹ ਹੋਵੇਗਾ ਮੌਤ ਦੀ ਮੰਗ ਕਰਨੀ। ਮੌਤ ਉਨ੍ਹਾਂ ਨੂੰ ਮਿਲੇਗੀ ਪਰ ਅੱਤ ਭਿਆਨਕ ਅਤੇ ਦੁਖਦਾਈ। ਖ਼ਿਆਲ ਹੈ ਕਿ ਅਗਲੀ ਜੰਗ ਧਰਤੀ ਉੱਤੇ ਕੇਵਲ ਸੱਭਿਅਤਾ ਦਾ ਹੀ ਨਹੀਂ, ਸਗੋਂ ਸਮੁੱਚ ਜੀਵਨ ਦਾ ਅੰਤ ਕਰ ਦੇਵੇਗੀ ਅਤੇ ਇਹ ਕੋਈ ਖ਼ਾਮ-ਖ਼ਿਆਲੀ ਨਹੀਂ, ਸਗੋਂ ਵਿਗਿਆਨਕ ਪ੍ਰੋਹਿਤਾਂ ਦੁਆਰਾ ਜਨ-ਸਾਧਾਰਣ ਤਕ ਪੁੱਜਣ ਵਾਲੀ ਭਵਿੱਖਬਾਣੀ ਹੈ। ਇਸ ਭਵਿੱਖਬਾਣੀ ਦੇ ਤੇ ਨੇ ਵੀਹਵੀਂ ਸਦੀ ਦੇ ਸੁਹਿਰਦ ਮਨੁੱਖਾਂ ਨੂੰ ਅਮਨ ਅਤੇ ਜੰਗ ਦੇ ਸੰਬੰਧ ਵਿਚ ਗੰਭੀਰਤਾ ਨਾਲ ਸੋਚਣ ਦੀ ਸਲਾਹ ਹੀ ਨਹੀਂ ਦਿੱਤੀ, ਸਗੋਂ ਸੋਚਣ ਲਈ ਮਜਬੂਰ ਵੀ ਕਰ ਦਿੱਤਾ ਹੈ। ਸਭਿਅਤਾ ਦੇ ਸਮੁੱਚੇ ਇਤਿਹਾਸ ਵਿਚ ਪਹਿਲੀ ਵੇਰ ਅਜੇਹਾ ਹੋਇਆ ਹੈ ਕਿ ਮਨੁੱਖ ਨੇ ਜੰਗ ਨੂੰ ਆਪਣਾ ਸਰਵੋਤਮ ਉੱਦਮ ਆਖਣ ਜਾਂ ਦੁਖਦਾਇਕ ਮਜਬੂਰੀ ਮੰਨਣ ਦੀ ਥਾਂ ਆਪਣੇ ਲਈ ਸਰਵਨਾਸ ਦਾ ਸਰਾਪ ਸਮਝਿਆ ਹੈ।