

ਕੌਮੀ ਸਰਕਾਰਾਂ ਦੇ ਸੰਘ ਜਾਂ ਫੈਡਰੇਸ਼ਨ ਦੀ ਸੋਚ ਕੁਝ ਕੁ ਵਿਅਕਤੀਆਂ ਦੀ ਸੁਹਿਰਦਤਾ ਵਿਚੋਂ ਉਪਜੀ ਸੀ ਅਤੇ ਸਰਕਾਰਾਂ ਦੀ ਸਦਭਾਵਨਾ ਤੋਂ ਫੁੱਟ ਕੋਈ ਸਹਾਰਾ ਨਾ ਹੋਣ ਕਰਕੇ ਇਹ ਸੇਵਰਨਿਟੀ ਦੇ ਪਸ਼ੂਪੁਣੇ ਸਾਹਮਣੇ ਸਦਾ ਹੀ ਲਾਚਾਰ ਅਤੇ ਬੇਬੱਸ ਬਣੀ ਰਹੀ ਹੈ। ਪਹਿਲੇ ਸੰਸਾਰ ਯੁੱਧ ਤੋਂ ਪਿੱਛੋਂ ਬਣੀ ਲੀਗ ਆਫ਼ ਨੇਸ਼ਨਜ਼ ਦਾ ਜੋ ਹਸ਼ਰ ਹੋਇਆ ਹੈ, ਉਸ ਤੋਂ ਭਲੀ ਭਾਂਤ ਪ੍ਰਗਟ ਹੁੰਦਾ ਹੈ ਕਿ ਸਰਕਾਰਾਂ ਕੋਲੋਂ ਸਦ-ਭਾਵਨਾ ਦੀ ਆਸ ਕਰਨੀ ਉਨ੍ਹਾਂ ਕੋਲੋਂ ਵਫ਼ਾ ਦੀ ਉਮੀਦ ਕਰਨ ਦੇ ਤੁੱਲ ਹੈ 'ਜੋ ਨਹੀਂ ਜਾਨਤੇ ਵਫ਼ਾ ਕਿਆ ਹੈ।' ਦੂਜੇ ਸੰਸਾਰ ਯੁੱਧ ਤੋਂ ਪਿੱਛੋਂ ਯੂ.ਐਨ.ਓ. ਹੋਂਦ ਵਿਚ ਆਈ ਸੀ ਅਤੇ ਹੁਣ ਤਕ ਕਾਇਮ ਹੈ। ਪਰ ਇਹ ਕੇਵਲ ਕਾਇਮ ਹੀ ਹੈ; ਆਪਣੇ ਕਿਸੇ ਫੈਸਲੇ ਨੂੰ ਸਰਕਾਰਾਂ ਜਾਂ ਦੇਸ਼ਾਂ ਉੱਤੇ ਲਾਗੂ ਕਰਨ ਦਾ ਅਧਿਕਾਰ ਇਸ ਕੋਲ ਨਹੀਂ। ਪਹਿਲਾਂ ਤਾਂ ਇਸ ਦਾ ਵਿਧਾਨਕ ਕਰਮ-ਕਾਂਡ ਦੇਨਾ ਗੁੰਝਲਦਾਰ ਹੈ ਕਿ ਸੰਸਾਰ ਦੀ ਕਿਸੇ ਸਮੱਸਿਆ ਬਾਰੇ ਕਿਸੇ ਕਾਰਵਾਈ ਸੰਬੰਧੀ ਕਿਸੇ ਨਿਰਣੇ ਤਕ ਪੁੱਜਣ ਲਈ ਇਸ ਨੂੰ ਏਨਾ ਚਿਰ ਲੱਗ ਜਾਂਦਾ ਹੈ ਕਿ ਓਨੇ ਚਿਰ ਵਿਚ ਸਮੱਸਿਆ ਜਾਂ ਤਾਂ ਰੁਕੜੇ ਨੇ ਤਾਕਰ ਦੇ ਤਾਣ ਨਾਲ ਆਪਣੇ ਹਿਤ ਵਿਚ ਹੱਲ ਕਰ ਲਈ ਹੁੰਦੀ ਹੈ ਜਾਂ ਏਨੀ ਉਲਝ ਚੁੱਕੀ ਹੁੰਦੀ ਹੈ ਕਿ ਇਸ ਦੇ ਸ਼ਾਂਤੀ-ਪੂਰਵਕ ਹੱਲ ਹਾਸੋ-ਹੀਣੇ ਹੋ ਜਾਂਦੇ ਹਨ। ਇਸ ਦਾ ਵਿਧਾਨ ਵੀ ਕੁਝ ਇਸ ਪ੍ਰਕਾਰ ਦਾ ਹੈ ਕਿ ਸੰਸਾਰ ਦੇ ਕੁਝ ਕੁ ਸ਼ਕਤੀਸ਼ਾਲੀ ਦੇਸ਼ਾਂ ਦੇ ਹੱਥਾਂ ਵਿਚ ਨੱਚਣ ਦੀ ਨਮੋਸ਼ੀ ਇਸ ਦੀ ਨਿੱਤ ਕਿਰਿਆ ਬਣ ਗਈ ਲੱਗਦੀ ਹੈ।
ਤਾਂ ਵੀ ਇਸ ਦਾ ਕਾਇਮ ਰਹਿਣਾ ਸੰਸਾਰ ਦੇ ਲੋਕਾਂ ਲਈ ਲਾਹੇਵੰਦਾ ਹੈ। ਇਹ ਸਾਡੀ ਸੁਹਿਰਦਤਾ ਅਤੇ ਸਦਭਾਵਨਾ ਦਾ ਨਿਰਬਲ ਪਰ ਸੁੰਦਰ ਪ੍ਰਤੀਕ ਹੈ। ਇਸ ਸੁੰਦਰ ਪ੍ਰਤੀਕ ਦਾ ਕੌਮੀ ਸਰਕਾਰਾਂ ਦੇ ਸੈਨਿਕ ਪਸ਼ੂਪੁਣੇ ਸਾਹਮਣੇ ਬਾਰ ਬਾਰ ਸਿਰ ਨਿਵਾਉਣਾ ਇਕ ਦਿਨ ਜਨ-ਸਾਧਾਰਣ ਨੂੰ ਇਸ ਪਸ਼ੂਪੁਣੇ ਦੀ ਸਾਰਥਕਤਾ ਸੰਬੰਧੀ ਸੋਚਣ ਦੀ ਸਲਾਹ ਦੇਵੇਗਾ । ਹੁਣੇ ਜਿਹੇ ਇਹ ਬੋਸਨੀਆਂ ਅਤੇ ਸਰਬੀਆ ਦੇ ਪਸ਼ੂਪੁਣੇ ਸਾਹਮਣੇ ਸਿਰ ਸੁੱਟੀ ਖਲੋਤੀ ਸੀ। ਠੀਕ ਉਵੇਂ ਹੀ ਜਿਵੇਂ ਮਨੁੱਖਤਾ ਦਾ ਮਸੀਹਾ ਅੱਜ ਤੋਂ ਦੋ ਕੁ ਹਜ਼ਾਰ ਸਾਲ ਪਹਿਲਾਂ ਪਾਈਲੇਟ ਦੀ ਅਦਾਲਤ ਵਿਚ ਸਿਰ ਸੁੱਟੀ ਖਲੋਤਾ ਸੀ। ਸਰਬੀਆ ਦੇ ਲੋਕ ਮਨੁੱਖੀ ਮਨ ਦੀ ਸੁਹਿਰਦਤਾ ਅਤੇ ਸਦ-ਭਾਵਨਾ ਨੂੰ ਜਿਸ ਤਰ੍ਹਾਂ ਸੂਲੀ ਚਾੜ੍ਹ ਰਹੇ ਸਨ, ਇਸ ਤਰ੍ਹਾਂ ਹੋਰ ਬਹੁਤੇ ਚਿਰ ਲਈ ਚਾੜ੍ਹਿਆ ਜਾਣਾ ਚੰਗਾ ਨਹੀਂ ਲੱਗੇਗਾ। ਅਤੇ ਇਸ ਦੇ ਚੰਗਾ ਨਾ ਲੱਗਣ ਦਾ ਮਤਲਬ ਹੋਵੇਗਾ, ਵੱਖ ਵੱਖ ਦੇਸ਼ਾਂ ਦੀਆਂ ਫ਼ੌਜਾਂ ਦਾ ਚੰਗਾ ਨਾ ਲੱਗਣਾ।
ਜਿਸ ਕਿਸੇ ਨੇ ਇਹ ਆਖਿਆ ਸੀ ਕਿ "ਜੇ ਅਮਨ ਚਾਹੁੰਦੇ ਹੋ ਤਾਂ ਜੰਗ ਲਈ ਸਦਾ ਤਿਆਰ ਰਹੋ", ਉਸਦਾ ਇਹ ਵਿਸ਼ਵਾਸ ਸੀ ਕਿ ਸ਼ਕਤੀ, ਹਿੰਸਾ ਅਤੇ ਭੈ ਤੋਂ ਵੱਖਰਾ ਅਜਿਹਾ