

ਇਹ ਅਵਸਥਾ ਪੁਰਾਤਨ ਅਤੇ ਮੱਧਕਾਲ ਵਿਚ ਨਾ ਬਹੁਤੀ ਓਪਰੀ ਸੀ ਅਤੇ ਨਾ ਬਹੁਤੀ ਭਿਆਨਕ । ਮਨੁੱਖੀ ਸਮਾਜਾਂ ਦੀ ਜ਼ਿੰਦਗੀ ਦਾ ਬਹੁਤਾ ਹਿੱਸਾ ਰਾਜ-ਪ੍ਰਬੰਧ ਦੇ ਅਧੀਨ ਨਾ ਹੋ ਕੇ ਸਮਾਜਾਂ ਦੇ ਆਪਣੇ ਹੱਥ ਵਿਚ ਸੀ। ਰਾਜ-ਅਧਿਕਾਰੀ ਨੂੰ ਉਸ ਦਾ ਹਿੱਸਾ ਦੇ ਕੇ ਲੋਕ ਨਿਸ਼ਚਿੰਤ ਹੋ ਜਾਂਦੇ ਸਨ। ਰਾਜ-ਸੱਤਾ ਨਾਲੋਂ ਧਰਮ ਲੋਕਾਂ ਦੇ ਵਧੇਰੇ ਨੇੜੇ ਸੀ। ਇਸ ਦੀ ਪਹੁੰਚ ਕੇਵਲ ਸਰੀਰ ਤਕ ਹੀ ਨਹੀਂ ਸੀ, ਸਗੋਂ ਮਨ ਤਕ ਵੀ ਸੀ। ਰਾਜ-ਪ੍ਰਬੰਧ ਨੇ ਇਕ ਅਜਿਹੇ ਸਮਾਜਕ ਤੋਖਲੇ ਵਿਚੋਂ ਜਨਮ ਲਿਆ ਸੀ, ਜਿਸ ਨੂੰ ਮਨੁੱਖੀ ਜੀਵਨ ਵਿਚ ਕਾਇਮ ਰੱਖਣਾ, ਰਾਜ-ਅਧਿਕਾਰੀਆਂ ਲਈ ਸਦਾ ਜ਼ਰੂਰੀ ਬਣਿਆ ਰਿਹਾ ਹੈ। ਮਨੁੱਖੀ ਮਨ (ਵਿਸ਼ੇਸ਼ ਕਰਕੇ ਰਾਜ-ਅਧਿਕਾਰੀਆਂ ਦੇ ਮਨ) ਵਿਚਲੇ ਲੋਭ, ਈਰਖਾ, ਘਿਰਣਾ, ਹੰਕਾਰ ਅਤੇ ਆਕਾਂਖਿਆ ਆਦਿਕ ਕਰੂਰ ਭਾਵਾਂ ਦੇ ਸਹਾਰੇ ਮਨੁੱਖੀ ਸਮਾਜਾਂ ਦੇ ਜੀਵਨ ਵਿਚਲਾ ਤੋਖਲਾ ਸਦਾ ਕਾਇਮ ਰਿਹਾ ਹੈ।
ਉਂਞ ਤਾਂ ਧਰਮ ਦਾ ਜਨਮ ਵੀ ਤੇ ਅਤੇ ਕਰਮ (ਜਾਂ ਅਗਿਆਨ) ਵਿਚੋਂ ਹੀ ਹੋਇਆ ਹੈ, ਪਰ ਵਿਕਾਸ ਕਰਦਾ ਹੋਇਆ ਇਹ ਉਨ੍ਹਾਂ ਕੋਮਲ ਭਾਵਾਂ ਦਾ ਪੋਸ਼ਕ ਅਤੇ ਪ੍ਰਚਾਰਕ ਬਣਦਾ ਗਿਆ ਹੈ, ਜਿਨ੍ਹਾਂ ਦਾ ਪ੍ਰਕਾਸ਼ ਮਨੁੱਖੀ ਸਮਾਜਾਂ ਨੂੰ ਪਾਸ਼ਵਿਕਤਾ ਦੇ ਹਨੇਰਿਆਂ ਵਿਚੋਂ ਕੱਢ ਕੇ ਸਭਿਅਤਾ ਅਤੇ ਸਾਂਝੀਵਾਲਤਾ ਦੇ ਸਵੇਰਿਆਂ ਦੇ ਸਨਮੁਖ ਖਲਾ ਕਰ ਸਕਦਾ ਸੀ। ਧਰਮ ਦੀਆਂ ਇਹ ਸੰਭਾਵਨਾਵਾਂ ਸਾਕਾਰ ਨਹੀਂ ਹੋ ਸਕੀਆਂ। ਸਾਰੇ ਪੁਰਾਤਨ ਅਤੇ ਮੱਧਕਾਲ ਵਿਚ ਧਰਮ ਨੂੰ ਜੀਵਨ ਦੀ ਅਗਵਾਈ ਕਰਨ ਦਾ ਭਰਪੂਰ ਮੌਕਾ ਮਿਲਿਆ ਹੈ। ਜੀਵਨ ਅਤੇ ਮਨੁੱਖਤਾ ਪ੍ਰਤੀ ਆਪਣੇ ਕਰਤੱਵ ਦਾ ਵੀ ਧਰਮ ਨੂੰ ਪੂਰਾ ਪੂਰਾ ਗਿਆਨ ਸੀ। ਜਨ-ਸਾਧਾਰਣ ਨਾਲ ਇਸ ਦੀ ਸਾਂਝ ਅਤੇ ਇਸ ਦਾ ਨੇੜ ਵੀ ਰਾਜ-ਸੱਤਾ ਨਾਲੋਂ ਜ਼ਿਆਦਾ ਸੀ। ਰਾਜ-ਸੱਤਾ ਨੂੰ ਧਰਮ ਦੀ ਅਸ਼ਾਹ ਸ਼ਕਤੀ ਦਾ ਅਹਿਸਾਸ ਅਤੇ ਸਤਿਕਾਰ ਵੀ ਸੀ ਅਤੇ ਧਰਮ ਦੇ ਟਾਕਰੇ ਵਿਚ ਕੋਈ ਹੋਰ ਵਿੱਦਿਅਕ ਜਾਂ ਵਾਪਾਰਕ ਪ੍ਰਬੰਧ ਇਸਦਾ ਵਿਰੋਧ ਕਰਨ ਲਈ ਤਿਆਰ ਵੀ ਨਹੀਂ ਸੀ। ਇਸਦੇ ਬਾਵਜੂਦ ਧਰਮ ਜੀਵਨ ਨਾਲ ਸਦੀਵੀ ਸਾਂਝ ਨਹੀਂ ਪਾ ਸਕਿਆ। ਕਿਸੇ ਮਨੁੱਖ ਲਈ ਰਾਜ-ਪ੍ਰਬੰਧ ਜਾਂ ਹਕੂਮਤ ਤੋਂ ਬਿਨਾਂ ਸਮਾਜਕ ਜੀਵਨ ਦੀ ਕਲਪਨਾ ਕਰਨੀ ਇਕ ਓਪਰੀ ਜਿਹੀ ਗੱਲ ਹੈ: ਵਾਪਾਰ ਤੋਂ ਬਿਨਾਂ ਸਮਾਜਾਂ ਦਾ ਕਾਇਮ ਰਹਿ ਸਕਣਾ ਸੰਭਵ ਨਹੀਂ; ਵਿੱਦਿਆ ਅਤੇ ਸਿਖਲਾਈ ਸਾਡੇ ਸਮਾਜਕ ਢਾਂਚੇ ਦਾ ਜ਼ਰੂਰੀ ਹਿੱਸਾ ਬਣ ਚੁੱਕੀ ਹੈ; ਪਰਿਵਾਰ-ਪ੍ਰਬੰਧ ਵੱਲੋਂ ਜ਼ਰਾ ਕੁ ਅਵੇਸਲੇ ਹੋਣ ਨਾਲ ਸਮਾਜਾਂ ਦੇ ਸਰੀਰਾਂ ਵਿਚ ਅਪਰਾਧ ਆਏ ਹਨ।