

ਜੀਵਨ ਵੱਲ ਬਾਤੀ ਮਾਰੀਆ ਇਸ ਵਿਚਾਰ ਵਿਚ ਚੌਖੀ ਵਾਸਤਵਿਕਤਾ ਵਿਖਾਈ ਦਿੰਦੀ ਹੈ। ਧਰਮ ਜਾਂ ਤਾਂ ਇਕ ਪਾਖੰਡ ਹੈ ਜਾਂ ਜੀਵਨ ਲਈ ਕੁਰੂਪਤਾ, ਕਲੇਸ ਅਤੇ ਕਸ਼ਟ ਦਾ ਕਾਰਨ। ਜੀਵਨ ਵਿਚ ਜਿਥੇ ਕਿਤੇ ਵੀ ਕੋਈ ਕੁਪੱਤ ਹੋ ਰਿਹਾ ਹੈ, ਉਥੇ ਮਜ਼ਹਬ ਪੂਰੀ ਪੂਰੀ ਮਕਰੂਹੀਅਤ ਨਾਲ ਮੌਜੂਦ ਵੇਖਿਆ ਜਾ ਸਕਦਾ ਹੈ। ਜਿਨ੍ਹਾਂ ਸਮਾਜਾਂ ਨੇ ਆਪਣੇ ਆਪ ਨੂੰ ਮਜ਼ਹਬ ਦੇ ਜਮ-ਜੱਫੇ ਵਿਚੋਂ ਛੁਡਾ ਲਿਆ ਹੈ, ਉਨ੍ਹਾਂ ਸਮਾਜਾਂ ਦੇ ਜੀਵਨ ਵਿਚੋਂ ਕੁਰੂਪਤਾ ਅਤੇ ਕਲੇਸ਼ ਦੀ ਮਾਤਰਾ ਵੀ ਘਟ ਗਈ ਹੈ। ਲਗਭਗ ਸਾਰਾ ਪੱਛਮੀ ਯੌਰਪ ਇਸ ਗੱਲ ਦਾ ਸਬੂਤ ਹੈ ਕਿ ਜੀਵਨ ਦੀ ਖੁਸ਼ੀ ਅਤੇ ਖੁਸ਼ਹਾਲੀ ਮਜਹਬ ਤੋਂ ਬਿਨਾਂ ਨਿਰੀ ਸੰਭਵ ਹੀ ਨਹੀਂ. ਸਗੋਂ ਸੌਖੀ ਵੀ ਬਣ ਜਾਂਦੀ ਹੈ। ਜੇ ਸੁਖੀ ਅਤੇ ਸੁਹਣੇ ਜੀਵਨ ਲਈ ਧਰਮ ਬੇ-ਲੋੜਾ ਹੋ ਗਿਆ ਹੈ ਤਾਂ ਇਸਦੇ ਕੋਈ ਕਾਰਣ ਵੀ ਹੋਣਗੇ।
ਇਹ ਠੀਕ ਹੈ ਕਿ ਸਾਇੰਸ ਨੇ ਧਰਮ ਦੇ ਪੈਰਾਂ ਹੇਠੋਂ ਮਿੱਟੀ ਕੱਢਣ ਦਾ, ਜੇ ਚੇਤਨ ਨਹੀਂ ਤਾਂ ਅਵਚੇਤਨ ਉਪਰਾਲਾ ਜ਼ਰੂਰ ਕੀਤਾ ਹੈ। ਇਹ ਕੰਮ ਦੇ ਤਰੀਕਿਆਂ ਨਾਲ ਹੋਇਆ ਹੈ। ਇਕ ਤਾਂ ਵਿਗਿਆਨ ਨੇ ਬ੍ਰਹਮੰਡ ਬਾਰੇ ਜਾਣਕਾਰੀ ਦੇ ਕੇ ਅਤੇ ਧਰਤੀ ਉਤਲੇ ਜੀਵਨ ਦੇ ਵਿਕਾਸ ਦੀ ਵਿਆਖਿਆ ਕਰ ਕੇ ਉਨ੍ਹਾਂ ਵਿਸ਼ਵਾਸਾਂ ਦੇ ਕੂੜ ਦੀ ਕੰਧ ਢਾਹ ਦਿੱਤੀ ਹੈ, ਜਿਹੜੇ ਸੰਸਾਰ ਦੇ ਦੋ ਵੱਡੇ ਧਰਮਾਂ ਦਾ ਮੁਲਾਧਾਰ ਮੰਨੇ ਜਾਂਦੇ ਸਨ। ਦੂਜੇ ਪਾਸੇ ਵਿਗਿਆਨ ਨੇ ਦਵਾ-ਦਾਰੂ ਦੇ ਪਿੜ ਵਿਚ ਉੱਨਤੀ ਕਰ ਕੇ ਦੇਹ-ਅਰੋਗਤਾ, ਲੰਮੀ ਆਯੂ ਅਤੇ ਸੰਤਾਨ-ਪ੍ਰਾਪਤੀ ਵਰਗੇ ਉਨ੍ਹਾਂ ਮਨੋਰਥਾਂ ਦੀ ਪੂਰਤੀ ਸਹਿਜ ਕਰ ਦਿੱਤੀ ਹੈ, ਜਿਨ੍ਹਾਂ ਲਈ ਮਨੁੱਖ ਆਕਾਸ਼ਾਂ ਵਿਚ ਬੈਠੇ 'ਨਿਰਲੇਪ ਰੱਬ' ਅਤੇ ਧਰਤੀ ਉੱਤੇ ਤੁਰੇ ਫਿਰਦੇ ਨਿਰਦਈ ਏਜੰਟਾਂ' ਦੀ ਖੁਸ਼ਾਮਦ ਕਰਨ ਲਈ ਮਜਬੂਰ ਸੀ। ਸਮਾਜਕ ਜੀਵਨ ਵਿਚ ਹੋਣ ਵਾਲੇ ਵਿਕਾਸ ਨੇ ਵੀ ਧਰਮ ਦੀ ਲੋੜ ਘਟਾਈ ਹੈ। ਵਿੱਦਿਆ ਦੇ ਵਿਸਥਾਰ ਨਾਲ ਮਨੁੱਖੀ ਸੋਚ ਵਿਚ ਉਹ ਵਿਕਾਸ ਹੋਇਆ ਹੈ, ਜਿਸ ਦਾ ਖ਼ਤਰਾ ਮਹਿਸੂਸ ਕਰਦਿਆਂ ਹੋਇਆਂ, ਵਲੈਤ ਵਿਚ, ਧਰਮ ਨੇ ਸਾਰਿਆਂ ਲਈ ਜ਼ਰੂਰੀ ਅਤੇ ਮੁਫ਼ਤ ਵਿੱਦਿਆ ਦੇ ਵਿਚਾਰ ਦਾ ਭਰਪੂਰ ਵਿਰੋਧ ਕੀਤਾ ਸੀ। ਅਜੋਕੀਆਂ ਇਨਸ਼ੋਰੈਂਸ ਕੰਪਨੀਆਂ ਆਪਣੇ ਗਾਹਕਾਂ ਕੋਲੋਂ ਪ੍ਰੀਮੀਅਮ (ਕਿਸ਼ਤ) ਲੈ ਕੇ ਉਨ੍ਹਾਂ ਦੇ 'ਅੰਗ ਸੰਗ' ਹੋ ਕੇ ਉਨ੍ਹਾਂ ਦੀ ਜਿੰਨੀ ਸਹਾਇਤਾ ਕਰਦੀਆਂ ਹਨ, ਓਨੀ ਕਿਸੇ ਰੱਬ ਜਾਂ ਦੇਵੀ ਦੇਵਤੇ ਨੇ ਸ਼ਾਇਦ ਹੀ ਕਦੇ ਕੀਤੀ ਹੋਵੇ। ਜੇ ਕੋਈ ਕੰਪਨੀ ਕੁਤਾਹੀ ਕਰੇ ਤਾਂ ਗਾਹਕ ਉਸਦੀ ਕੰਨ-ਖਿਚਾਈ ਵੀ ਕਰ ਲੈਂਦੇ ਹਨ, ਪਰ ਰੱਬੀ ਸੁਰੱਖਿਅਤਾ ਜਾਂ ਰੱਬੀ ਇਨਸ਼ੋਰੈਂਸ ਬਾਰੇ ਇਉਂ ਨਹੀਂ ਹੋ ਸਕਦਾ, ਕਿਉਂਜੁ ਰੱਬੀ ਇਨਸ਼ੋਰੈਂਸ ਦੀ ਕਿਸ਼ਤ ਲੈਣ ਵਾਲੇ ਦਫਤਰ ਧਰਤੀ ਉੱਤੇ ਹਨ ਅਤੇ ਕਲੇਮ ਫ਼ਾਰਮ ਅਸਮਾਨ ਵਿਚ ਬਣੇ ਹੋਏ ਕਿਸੇ ਹੈੱਡ-ਆਫ਼ਿਸ ਵਿਚ ਘੱਲੇ ਜਾਣੇ ਹੁੰਦੇ ਹਨ। ਜੇ ਉਥੋਂ ਕੋਈ ਉੱਤਰ ਨਾ ਆਵੇ ਤਾਂ ਇਹੋ ਮੰਨਣਾ ਪੈਂਦਾ ਹੈ ਕਿ ਸਾਡੇ ਪ੍ਰੀਮੀਅਮ ਵਾਲਾ ਚੈੱਕ ਡਿਸਆਨਰ ਹੋ ਗਿਆ ਹੈ; ਭਾਵ ਇਹ ਕਿ ਸਾਡੀ ਪੂਜਾ ਵਿਚ ਕਸਰ ਹੈ: ਅਸਾਂ ਪ੍ਰਾਰਥਨਾ ਸੱਚੇ ਦਿਲੋਂ ਨਹੀਂ ਕੀਤੀ।