

ਇਸ ਨਾਲ ਜੀਵਨ ਅਤੇ ਧਰਮ ਦੋਰਾਂ ਦੀ ਹਾਨੀ ਹੋਈ ਹੈ। ਧਰਮ ਸ਼ਰਮਸਾਰ ਹੈ ਅਤੇ ਜੀਵਨ ਬੀਮਾਰ: ਧਰਮ ਦੇਸ਼ੀ ਹੈ ਅਤੇ ਜੀਵਨ ਦੁਖੀ। ਉਹ ਮਨੁੱਖੀ ਮਨ ਜਿਹੜਾ ਅਨੇਕਤਾ ਵਿਚ ਏਕਤਾ ਦਾ ਅਨੁਭਵੀ ਹੋ ਸਕਦਾ ਸੀ: ਉਹ ਮਨੁੱਖ ਜਿਹੜਾ ਸਾਰਿਆਂ ਵਿਚ ਆਪਣਾ ਆਪਾ ਅਤੇ ਆਪਣੇ ਆਪੋ ਵਿਚ ਸਾਰਿਆਂ ਨੂੰ ਸਮਾਏ ਵੇਖਣ ਯੋਗ ਹੋ ਸਕਦਾ ਸੀ: ਅੱਜ ਫੁੱਟਬਾਲ ਅਤੇ ਕ੍ਰਿਕਟ ਦੇ ਮੈਚਾਂ ਦੀ ਜਿੱਤ-ਹਾਰ ਨਾਲ ਇਉਂ ਜੂੜਿਆ ਜਕੜਿਆ ਹੋਇਆ ਹੈ ਕਿ ਸੱਚਿਆ ਸੰਸਾਰ ਵਿਚ ਹੋਣ ਵਾਲਾ ਹਰ ਮੈਚ ਜਾਨੋ-ਮਾਲ ਲਈ ਖਤਰਾ ਪਹਿਲਾਂ ਹੁੰਦਾ ਹੈ ਅਤੇ ਮਨ-ਪ੍ਰਚਾਵਾ ਮਗਰੋਂ। ਜਿਸ ਮਨੁੱਖ ਲਈ ਮਹਿਕਾਂ-ਮੱਤੀ ਪੈਣ ਵਾਂਗ ਖ਼ੁਸ਼ਬੋਆਂ ਖਿਲਾਰਦੇ ਹੋਏ, ਮਾਲਕੀਆਂ ਅਤੇ ਮੁਕਾਬਲਿਆਂ ਤੋਂ ਨਿਰਲੇਪ ਰਹਿ ਕੇ, ਇਸ ਜੀਵਨ ਨੂੰ ਇਕ ਯਾਤਰਾ ਜਾਣਦਿਆਂ ਹੋਇਆ ਇਸ ਧਰਤੀ ਦੀ ਰੌਣਕ ਵਿਚ ਵਾਧਾ ਕਰ ਕੇ ਮੁੜ ਧਰਤੀ ਦੇ ਤੱਤਾਂ ਵਿਚ ਲੀਨ ਹੋ ਜਾਣ ਨਾਲ ਵਡੇਰੀ ਕੋਈ ਸਾਰਥਕਤਾ ਹੈ ਹੀ ਨਹੀਂ, ਉਹ ਮਨੁੱਖ ਆਪਣੇ ਵਰਗੇ ਮਨੁੱਖਾਂ ਉੱਤੇ ਮੌਤ ਬਣ ਬਰਸਦਾ ਹੈ।
ਅੱਜ ਤੋਂ ਇਕ ਸਦੀ ਪਹਿਲਾਂ ਦੁਨੀਆਂ ਦੇ ਇੱਕਾ ਦੁੱਕਾ ਚਿੰਤਕਾਂ ਤੋਂ ਫੁੱਟ ਕਿਸੇ ਨੇ ਕਦੇ ਇਹ ਨਹੀਂ ਸੀ ਸੋਚਿਆ ਕਿ ਮਨੁੱਖ ਦਾ ਮਜ਼ਹਬ ਮਨੁੱਖ ਲਈ ਬੇ ਲੋੜਾ ਹੋ ਜਾਵੇਗਾ। ਬਦਲੀਆਂ ਹੋਈਆਂ ਪ੍ਰਸਥਿਤੀਆਂ ਵਿਚ ਆਪਣੇ ਫਰਜਾਂ ਦੀ ਨਵੀਂ ਨੁਹਾਰ ਨੂੰ ਨਾ ਪਛਾਣਨ ਕਰਕੇ ਮਨੁੱਖੀ ਜੀਵਨ ਦਾ ਪਥ-ਪ੍ਰਦਰਸ਼ਕ ਅਖਵਾਉਣ ਵਾਲਾ ਮਜ਼ਹਬ ਅੱਜ ਮਨੁੱਖਤਾ ਦਾ ਮੁਜਰਿਮ ਮੰਨਿਆ ਜਾਣ ਲੱਗ ਪਿਆ ਹੈ। ਕੁਝ ਇਕ ਅਰਾਜਕਤਾਵਾਦੀਆਂ ਅਤੇ ਕਾਰਲ ਮਾਰਕਸ ਤੋਂ ਸਿਵਾ ਇਹ ਗੱਲ ਵੀ ਕਿਸੇ ਦੇ ਸੋਚਣ ਵਿਚ ਘੱਟ ਵੱਧ ਹੀ ਆਈ ਹੈ ਕਿ ਕਿਸੇ ਸਮੇਂ ਮਨੁੱਖੀ ਸਮਾਜਾਂ ਲਈ ਰਾਜ-ਪ੍ਰਬੰਧ ਵੀ ਬੇ-ਲੋੜਾ ਹੋ ਸਕਦਾ ਹੈ। ਸੱਚ ਇਹ ਹੈ ਕਿ ਬਦਲੀਆਂ ਹੋਈਆਂ ਪ੍ਰਸਥਿਤੀਆਂ ਰਾਜ-ਪ੍ਰਬੰਧ ਨੂੰ ਬਦਲਦੀਆਂ ਅਤੇ ਵਿਕਸਾਉਂਦੀਆਂ ਆਈਆਂ ਹਨ ਅਤੇ ਇਹ ਹੋ ਸਕਦਾ ਹੈ ਕਿ ਆਉਣ ਵਾਲੀ ਸਦੀ ਦੇ ਵਿਚ ਵਿਚ ਰਾਜ-ਪ੍ਰਬੰਧ ਬਾਕੀ ਸਾਰੇ ਵਿੱਦਿਅਕ, ਵਾਪਾਰਕ ਅਤੇ ਆਰਥਕ ਪ੍ਰਬੰਧਾਂ ਵਾਂਗੂੰ ਇਕ ਸਾਧਾਰਣ ਜਿਹਾ ਪ੍ਰਬੰਧ ਬਣ ਜਾਵੇ। ਅੱਜ ਇਸ ਦਾ ਦਰਜਾ ਸ਼੍ਰੋਮਣੀ ਹੈ। ਏਨਾ ਹੀ ਨਹੀਂ ਹੁਣ ਤਕ ਰਾਜ-ਪ੍ਰਬੰਧ ਦੂਜੇ ਸਾਰੇ ਪ੍ਰਬੰਧਾ ਨੂੰ ਆਪਣੇ ਹੁਕਮ ਵਿਚ ਤੋਰਦਾ ਆਇਆ ਹੈ ਅਤੇ ਆਪਣੇ ਆਪ ਨੂੰ, ਉਨ੍ਹਾਂ ਵਿਚੋਂ ਇਕ ਸਮਝਣ ਦੇ ਖਿਆਲ ਨੂੰ ਉਹ ਕੁਫਰ ਨਾਲੋਂ ਵੱਖਰਾ ਦਰਜਾ ਨਹੀਂ ਦਿੰਦਾ। ਪ੍ਰਸਥਿਤੀਆਂ ਦਿਨੋਂ ਦਿਨ ਬਦਲ ਰਹੀਆਂ ਹਨ। ਆਉਣ ਵਾਲੇ ਸਮੇਂ ਵਿਚ ਰਾਜ-ਪ੍ਰਬੰਧ ਦੀ ਰੂਪ-ਰੇਖਾ ਹੁਣ ਨਾਲੋਂ ਢੇਰ ਵੱਖਰੀ ਹੋ ਸਕਦੀ ਹੈ।
ਜਿਵੇਂ ਪਰਿਵਾਰ ਜੀਵਨ ਦਾ ਸਰਵ-ਸ੍ਰੇਸ਼ਟ ਪ੍ਰਬੰਧ ਹੈ, ਉਵੇਂ ਹੀ ਆਰਥਕ ਪ੍ਰਬੰਧ ਜੀਵਨ ਲਈ ਸਭ ਤੋਂ ਵੱਧ ਮਹੱਤਵਪੂਰਨ ਪ੍ਰਬੰਧ ਹਨ। ਰਾਜ-ਪ੍ਰਬੰਧ ਦਾ ਮਹੱਤਵ ਆਰੰਭ ਵਿਚ ਭੋਜਨ ਜਾਂ ਆਰਥਕਤਾ ਦੀ ਰਖਵਾਲੀ ਕਰਨ ਵਿਚ ਸੀ । ਉਸ ਸਮੇਂ ਆਰਥਕਤਾ ਅਜੇ ਜਥੇਬੰਦ ਨਹੀਂ ਸੀ ਹੋਈ, ਜਿਸ ਕਰਕੇ ਰਾਜ-ਪ੍ਰਬੰਧ ਜਾ ਰਾਖੀ ਦਾ ਪ੍ਰਬੰਧ ਹੀ ਇਕੋ ਇਕ ਸਮਾਜਕ ਪ੍ਰਬੰਧ ਸੀ। ਜਿਵੇਂ ਜਿਵੇਂ ਹੋਰ ਪ੍ਰਬੰਧ ਉਪਜਦੇ ਗਏ ਹਨ, ਤਿਵੇਂ ਤਿਵੇਂ ਮੁੱਢ-ਕਦੀਮੀ ਅਤੇ ਸ਼ਕਤੀਸ਼ਾਲੀ ਹੋਣ ਕਰਕੇ ਰਾਜ-ਪ੍ਰਬੰਧ ਉਨ੍ਹਾਂ ਨੂੰ ਆਪਣੀ ਅਧੀਨਗੀ ਲਈ ਮਜਬੂਰ ਕਰਦਾ