

ਰਾਜ-ਪ੍ਰਬੰਧ-2
ਆਪਣੀ ਕਵਿਤਾ 'ਹਿਮਾਲਾ' ਵਿਚ ਲਾਲਾ ਧਨੀ ਰਾਮ 'ਚਾਤ੍ਰਿਕ' ਜੀ ਨੇ ਹਿਮਾਲਾ ਪਰਬਤ ਨੂੰ ਹਿੰਦ ਮਹਾਂਸਾਗਰ ਦਾ ਕੁੜਮ ਆਖਿਆ ਹੈ। ਜਿਹਲਮ, ਚਨਾਬ, ਰਾਵੀ, ਬਿਆਸ, ਸਤਲੁਜ, ਸਿੰਧ, ਜਮੁਨਾ ਅਤੇ ਗੰਗਾ ਆਦਿਕ ਹਿਮਾਲਾ ਦੀਆਂ 'ਧੀਆਂ' ਆਪਣੇ ਸ਼ਾਮਲ ਦੇ ਘਰੋਂ ਆਖ਼ਰਾਂ ਦਾ ਦਾਜ ਲੈ ਕੇ ਆਪਣੇ ਸਹੁਰੇ ਘਰ ਵੱਲ ਚਾਲੇ ਪਾਈ ਰੱਖਦੀਆਂ ਹਨ। ਆਪਣੇ ਬਾਬਲ ਦੇ ਘਰ ਦੀਆਂ ਉੱਚੀਆਂ ਕੰਧਾਂ ਦੀ ਮਿੱਟੀ ਖੋਰ ਖੋਰ ਕੇ ਨਾਲ ਲਿਆਉਂਦੀਆਂ ਹਨ ਅਤੇ ਭਾਰਤ ਦੇ ਮੈਦਾਨਾਂ ਵਿਚ ਵਿਛਾਈ ਜਾਂਦੀਆਂ ਹਨ। ਇਸ ਦਾਜ ਦਾ ਕੁਝ ਹਿੱਸਾ ਸਾਗਰ ਤਕ ਵੀ ਪੁੱਜ ਜਾਂਦਾ ਹੈ ਅਤੇ ਹੌਲੀ ਹੌਲੀ ਅਥਾਹ ਪਾਣੀਆਂ ਦੇ ਭਾਰ ਹੇਠ ਦੱਬ ਕੇ ਪਥਰੀਲਾ ਹੋਈ ਜਾਂਦਾ ਹੈ ਅਤੇ ਉੱਚਾ ਹੋ ਕੇ ਟਾਪੂਆਂ ਦੇ ਰੂਪ ਵਿਚ ਪਾਣੀਉਂ ਬਾਹਰ ਸਿਰ ਕੱਢ ਲੈਂਦਾ ਹੈ। ਕਿਸੇ ਨਦੀ ਦੇ ਕਿਨਾਰੇ ਬੈਠ ਕੇ ਪਾਣੀ ਦੇ ਵਹਿਣ ਦੀ ਲਗਾਤਾਰਤਾ ਅਤੇ ਰਮਣੀਕਤਾ ਨੂੰ ਵੇਖਣ ਵਾਲੇ ਆਦਮੀ ਲਈ ਇਹ ਜਾਣ ਸਕਣਾ ਸੋਖਾ ਹੈ ਕਿ ਦੁਨੀਆਂ ਦੀਆਂ ਸਾਰੀਆਂ ਨਦੀਆਂ ਕਿੰਨੀ ਕੁ ਮਿੱਟੀ ਰੋੜ ਕੇ ਸਾਗਰਾਂ ਵਿਚ ਲਿਆ ਸੁੱਟਦੀਆਂ ਹਨ ਅਤੇ ਸਾਗਰਾਂ ਵਿਚ ਸਮਾ ਕੇ ਇਹ ਮਿੱਟੀ ਕਿਹੜੀਆਂ ਨਵੀਆਂ ਸੰਭਾਵਨਾਵਾਂ ਦੀ ਨੀਂਹ ਰੱਖਦੀ ਹੈ।
ਇਹ ਜਾਣ ਸਕਣਾ ਔਖਾ ਹੈ, ਕਿਉਂਜ਼ ਇਸ ਕਿਰਿਆ ਦੀ ਰਫ਼ਤਾਰ ਬਹੁਤ ਸੁਸਤ ਹੈ ਪਰ ਇਹ ਮੰਨਣਾ ਔਖਾ ਨਹੀਂ ਕਿ ਵਿਸ਼ਵ ਵਿਚ ਹਰ ਥਾਂ, ਹਰ ਸਮੇਂ ਕੋਈ ਤਬਦੀਲੀ ਹੋ ਰਹੀ ਹੈ। ਕਿਧਰੋਂ ਕੁਝ ਅਲੋਪ ਹੋ ਰਿਹਾ ਹੈ ਅਤੇ ਕਿਧਰੇ ਕੁਝ ਪ੍ਰਗਟ ਹੋ ਰਿਹਾ ਹੈ। ਬਚਪਨ ਤੋਂ ਬੁਢਾਪੇ ਵੱਲ ਨੂੰ ਵਧ ਰਹੇ ਮਨੁੱਖ ਨੇ ਕਦੇ ਘੱਟ ਹੀ ਇਹ ਮਹਿਸੂਸ ਕੀਤਾ ਹੈ ਕਿ ਉਸਦੇ ਸਰੀਰ ਵਿਚ ਕੋਈ ਤਬਦੀਲੀ ਹੋ ਰਹੀ ਹੈ ਪਰ ਹੋ ਰਹੀ ਹੁੰਦੀ ਹੈ ਹਰ ਸਮੇਂ, ਹਰ ਪਲ, ਲਗਾਤਾਰ। ਭੌਤਿਕ ਜਗਤ ਵਿਚਲੀਆਂ ਤਬਦੀਲੀਆਂ ਸਾਡੇ ਸਮਾਜਕ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਸਾਡੇ ਸਮਾਜਕ ਜੀਵਨ ਦੀਆਂ ਲੋੜਾਂ ਸਾਡੇ ਸਮਾਜਕ ਸੰਬੰਧਾਂ ਅਤੇ ਪ੍ਰਬੰਧਾਂ ਨੂੰ ਨਿੱਤ ਨਵਾਂ ਰੂਪ ਦੇਣ ਵਿਚ ਲੱਗੀਆਂ ਰਹਿੰਦੀਆਂ ਹਨ। ਇਨ੍ਹਾਂ ਤਬਦੀਲੀਆਂ ਦੀ ਤੋਰ ਵੀ ਏਨੀ ਸੁਸਤ ਹੁੰਦੀ ਹੈ ਕਿ ਓਪਰੀ ਨਜ਼ਰੇ ਵੇਖਿਆ ਕੁਝ ਬਦਲ ਰਿਹਾ, ਵਿਕਸ ਰਿਹਾ, ਵਿਖਾਈ ਨਹੀਂ ਦਿੰਦਾ। ਜੇ ਜ਼ਰਾ ਵਿਚਾਰ ਕਰਨ ਬੈਠ ਜਾਈਏ ਤਾਂ ਮੰਨਣਾ ਪੈ ਜਾਂਦਾ ਹੈ ਕਿ ਬਹੁਤ ਕੁਝ ਬਦਲਿਆ ਹੈ। ਕਿਥੇ ਗਏ ਮਿਸਰ ਦੇ ਉਹ ਲੋਕ ਜਿਨ੍ਹਾਂ ਨੇ ਵੱਡੇ ਵੱਡੇ ਪਿਰਾਮਿਡਾਂ ਦੀ ਉਸਾਰੀ ਕੀਤੀ ਸੀ ਅਤੇ ਕਿਧਰ ਗਏ ਉਨ੍ਹਾਂ ਦੇ ਉਹ ਵਿਸ਼ਵਾਸ ਜਿਨ੍ਹਾਂ ਨੇ ਉਨ੍ਹਾਂ ਕੋਲੋਂ ਇਹ ਸਭ ਕੁਝ ਕਰਵਾਇਆ ਸੀ ? ਅੱਜ ਤੋਂ ਤਿੰਨ ਜਾਂ ਚਾਰ ਕੁ ਸੌ ਸਾਲ ਪਹਿਲਾਂ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਆਪਣੇ ਬੈਠਣ ਲਈ ਤਖ਼ਤ-ਏ-ਤਾਊਸ ਬਣਵਾਉਣ ਵਾਲੇ ਮੁਗਲ ਬਾਦਸ਼ਾਹਾਂ ਨੇ ਕਦੇ ਇਹ ਨਹੀਂ ਸੀ ਸੋਚਿਆ ਕਿ ਏਨੇ ਥੋੜ੍ਹੇ ਸਮੇਂ ਵਿਚ ਏਨਾ ਕੁਝ ਬਦਲ ਜਾਵੇਗਾ। ਇੰਗਲੈਂਡ