

ਸਾਡੀ ਸ੍ਰਿਸ਼ਟੀ ਦੇ ਵਿਕਾਸ ਦੀ ਇਕ ਲੜੀ ਦਾ ਨਾਂ ਹੈ 'ਮਨੁੱਖ'। ਇਸ ਲੜੀ ਨੂੰ ਆਪਣੇ ਵਿਕਾਸ ਦੇ ਇਤਿਹਾਸ ਨੂੰ ਖੋਜਣ ਦੀ ਲਗਨ ਹੈ। ਇਸ ਲਗਨ ਨੇ ਇਸਨੂੰ ਇਹ ਦੱਸਿਆ ਹੈ ਕਿ ਵਿਕਾਸ ਦੀ ਇਹ ਲੜੀ ਚੱਕਰਾਕਾਰ ਵਿਕਾਸ ਕਰਦੀ ਹੋਈ ਇਕ ਵਿਸ਼ੇਸ਼ ਦਿਸ਼ਾ ਵਿਚ, ਇਕ ਉਚੇਰੀ ਸੇਧ ਵਿਚ ਵੀ ਵਧਦੀ ਗਈ ਹੈ। ਅਜੋਕੇ ਮਨੁੱਖ ਦੇ ਨੈਣ-ਨਕਸ਼ ਬੁਨਿਆਦੀ ਤੌਰ ਉੱਤੇ ਆਪਣੇ ਪੂਰਵਜਾਂ ਦੇ ਨੈਣ-ਨਕਸ਼ਾਂ ਦਾ ਹੀ ਵਿਕਸਿਤ ਰੂਪ ਹੁੰਦਿਆਂ ਹੋਇਆ, ਆਪਣੇ ਵਿਕਸਿਤ ਅਤੇ ਸੁਘੜਿਤ ਰੂਪ ਵਿਚ ਉਨ੍ਹਾਂ ਨਾਲੋਂ ਏਨੇ ਵੱਖਰੇ ਹਨ ਕਿ ਆਧੁਨਿਕ ਮਨੁੱਖ ਦਾ ਬੱਚਾ ਜੰਗਲੀ ਮਨੁੱਖ ਦੀ ਮੂਰਤ ਵੇਖ ਕੇ ਭੈ-ਭੀਤ ਹੋਣੋਂ ਰਹਿ ਨਹੀਂ ਸਕਦਾ। ਬੱਚਾ ਹੀ ਕਿਉਂ, ਆਧੁਨਿਕ ਸਿਆਣਾ ਵੀ ਪੱਥਰ ਕਾਲ ਜਾਂ ਧਾਤੂ ਕਾਲ ਦੇ ਮਨੁੱਖ ਦੀ ਮੂਰਤ ਵੇਖ ਕੇ ਇਸ ਸੱਚ ਤੋਂ ਮੁਨਕਰ ਹੋਣ ਦੀ ਰੀਝ ਕਰੇਗਾ ਕਿ ਉਹ ਉਸ ਦੇ ਵੱਡਿਆਂ ਵਡੇਰਿਆ ਵਿਚੋਂ ਇਕ ਸੀ। ਨਾ ਤਾਂ ਮਨੁੱਖ ਰੰਗ-ਰੂਪ, ਸ਼ਕਲ-ਸੂਰਤ ਅਤੇ ਆਕਾਰ ਕਰਕੇ ਉਹੋ ਹੈ ਜੋ ਕੁਝ ਉਸ ਦੇ ਪੂਰਵਜ ਅੱਜ ਤੋਂ ਪੰਦਰਾਂ ਵੀਹ ਹਜ਼ਾਰ ਸਾਲ ਪਹਿਲਾਂ ਸਨ ਅਤੇ ਨਾ ਹੀ ਆਪਣੇ ਸੋਚ-ਵਿਚਾਰ, ਵਰਤੋਂ-ਵਿਹਾਰ ਅਤੇ ਸਮਰੱਥਾ-ਯੋਗਤਾ ਵਿਚ ਉਹ ਉਨ੍ਹਾਂ ਵਰਗਾ ਹੈ। ਵਿਕਾਸ ਦਾ ਹਰ ਕਦਮ ਜਾਂ ਹਰ ਚੱਕਰ ਉਸ ਨੂੰ ਕਿਸੇ ਦਿਸ਼ਾ ਵਿਚ ਅਗੇਰੇ ਹੀ ਅਗੇਰੇ ਲਈ ਗਿਆ ਹੈ। ਕਦੇ ਕਦੇ ਇਸ ਵਿਕਾਸ ਦੀ ਰਫ਼ਤਾਰ ਘਟਦੀ ਵੀ ਦਿੱਸਦੀ ਹੈ ਅਤੇ ਕਿਸੇ ਕਿਸੇ ਵੇਲੇ ਕੋਈ ਕਦਮ ਪਿੱਛੇ ਵੱਲ ਪੁੱਟਿਆ ਗਿਆ ਵੀ ਦਿੱਸ ਆਉਂਦਾ ਹੈ; ਪਰ ਇਹ ਉਵੇਂ ਹੀ ਹੈ ਜਿਵੇਂ ਮੇਲੇ ਦੀ ਭੀੜ ਵਿਚ ਕਿਸੇ ਨੂੰ ਆਪਣਾ ਰਾਹ ਵਲਾ ਕੇ ਲੰਘਣਾ ਪੈ ਜਾਵੇ ਜਾਂ ਭੀੜ ਦੇ ਕਿਸੇ ਧੱਕੇ ਨਾਲ ਆਪਣੀ ਇੱਛਾ ਦੇ ਵਿਰੁੱਧ ਉਹ ਪਿੱਛੇ ਵੱਲ ਧੱਕਿਆ ਜਾਵੇ।
ਮੈਨੂੰ ਸਾਰੀ ਕਾਇਨਾਤ ਆਮ ਕਰਕੇ ਅਤੇ ਮਨੁੱਖ ਵਿਸ਼ੇਸ਼ ਕਰਕੇ ਕੈਮਲਤਾ, ਪਵਿੱਤਰਤਾ ਅਤੇ ਸੁੰਦਰਤਾ ਵੱਲ ਵਿਕਾਸ ਕਰਦੇ ਪਰਤੀਤ ਹੁੰਦੇ ਹਨ। ਇਸ ਵਿਕਾਸ ਨੂੰ ਇਕ ਸ਼ਬਦ ਵਿਚ ਸਾਤਵਿਕਤਾ ਵੱਲ ਨੂੰ ਵਿਕਾਸ ਜਾਂ 'ਸਾਤਵਿਕ ਵਿਕਾਸ' ਵੀ ਆਖਿਆ ਜਾ ਸਕਦਾ ਹੈ।
ਜੀਵਨ ਦਾ ਇਹ ਸਾਤਵਿਕ ਵਿਕਾਸ ਵਿਅਕਤੀਗਤ ਵੀ ਹੈ ਅਤੇ ਸਮੂਹਿਕ ਵੀ। ਜੀਵਨ