

ਜੇ ਭੋਜਨ ਸਿਰਫ਼ ਉਗਾਉਣਾ ਅਤੇ ਵੰਡਣਾ ਹੀ ਹੁੰਦਾ ਤਾਂ ਸਾਡੇ ਸਮਾਜਕ ਪ੍ਰਬੰਧਾਂ ਦਾ ਪਸਾਰਾ ਕੁਝ ਵੱਖਰੀ ਪ੍ਰਕਾਰ ਦਾ ਹੋਣਾ ਸੀ। ਪਰ ਮਨੁੱਖ ਵਿਚ ਖੋਹਣ ਅਤੇ ਚੁਰਾਉਣ ਦੀ ਨਿਰਦੈਤਾ ਅਤੇ ਚਤੁਰਤਾ ਵੀ ਮੌਜੂਦ ਸੀ। ਮਨੁੱਖ ਦੇ ਪਹਿਲੇ ਰਾਜਨੀਤਕ ਅਤੇ ਸੈਨਿਕ ਪ੍ਰਬੰਧਾਂ ਦਾ ਕਾਰਣ ਅਤੇ ਆਧਾਰ ਖੋਹਣ ਅਤੇ ਚੁਰਾਉਣ ਦੀ ਰੁਚੀ ਅਤੇ ਯੋਗਤਾ ਹੀ ਸੀ । ਜੇ ਖੋਹਣ ਅਤੇ ਚੁਰਾਉਣ ਦੀ ਰੁਚੀ ਮਨੁੱਖ ਵਿਚ ਨਾ ਹੁੰਦੀ ਅਤੇ ਇਸ ਦੀ ਥਾਂ ਲੋੜ ਸਮੇਂ ਲੈਣ ਅਤੇ ਦੇਣ ਦੇ ਸਹਿਯੋਗ ਨੂੰ ਸਮਾਜਕ ਵਿਕਾਸ ਦੀ ਸੋਧ ਨੀਯਤ ਕਰਨ ਦਾ ਅਵਸਰ ਮਿਲਿਆ ਹੁੰਦਾ ਤਾਂ ਸਹਿਯੋਗ ਦੀ ਸੁੰਦਰਤਾ ਨੂੰ ਪਛਾਣਨ ਵਿਚ ਮਨੁੱਖ ਨੂੰ ਏਨਾ ਲੰਮਾ ਸਮਾਂ ਨਹੀਂ ਸੀ ਲੱਗਣਾ ਅਤੇ ਨਾ ਹੀ ਏਨੀਆਂ ਪੀੜਾਂ ਭੋਗਣੀਆਂ ਪੈਣੀਆਂ ਸਨ। ਗੱਲ ਤਾਂ 'ਭੋਜਨ' ਜਾਂ (ਕੁਝ ਵਿਕਾਸ ਕਰ ਲੈਣ ਪਿੱਛੋਂ) 'ਆਰਥਕਤਾ' ਦੀ ਸੀ ਪਰ ਇਕ ਨਿੱਕੀ ਭੁੱਲ ਨੇ, ਮਨੁੱਖ ਵਿਚਲੀ ਇਕ ਸਾਧਾਰਣ ਜਿਹੀ ਪਾਸ਼ਵਿਕਤਾ ਨੇ, ਮਨੁੱਖ ਜਾਤੀ ਨੂੰ ਕਿੰਨੀਆਂ ਨਮੋਸ਼ੀਆਂ ਦੇ ਸਾਹਮਣੇ ਲਿਆ ਖਲ੍ਹਾਰਿਆ ਹੈ।
ਵਿਕਾਸ ਦੀ ਸੇਧ ਸਾਤਵਿਕਤਾ ਵੱਲ ਹੋਣ ਕਰਕੇ ਅੱਜ ਮਨੁੱਖਤਾ ਲਈ ਆਪਣੇ ਅਤੀਤ ਵੱਲ ਵੇਖ ਕੇ ਆਪਣੀ ਭੁੱਲ ਨੂੰ ਸੁਧਾਰਨ ਦਾ ਸਮਾਂ ਆ ਗਿਆ ਹੈ। ਅਜੋਕੇ ਮਨੁੱਖੀ ਸਮਾਜ ਵਾਪਾਰਕ ਸਹਿਯੋਗ ਦਾ ਮਹੱਤਵ ਪਛਾਣਨ ਲੱਗ ਪਏ ਹਨ। ਕੌਮੀ ਅਣਖ ਦੀ ਉੱਚੀ ਅਟਾਰੀ ਤੋਂ ਉਤਰ ਕੇ ਵੀ ਵਾਪਾਰਕ ਸਹਿਯੋਗ ਪ੍ਰਾਪਤ ਕਰ ਲੈਣ ਵਿਚ ਹੱਤਕ ਨਹੀਂ ਮੰਨੀ ਜਾਂਦੀ। ਇਹ ਠੀਕ ਹੈ ਕਿ ਇਸ ਸਹਿਯੋਗ-ਪ੍ਰਾਪਤੀ ਦੇ ਯਤਨ ਵਿਚ ਰਾਜਨੀਤਕ ਕੁਟਲਤਾ ਦੀ ਵਿਸ਼ ਵੀ ਵਿਦਮਾਨ ਹੁੰਦੀ ਹੈ ਪਰ ਸਾਤਵਿਕ ਵਿਕਾਸ ਦੀ ਸੇਧ ਵਿਚ ਤੁਰਦੇ ਹੋਏ ਸਹਿਯੋਗ ਦੀ ਮਾਦਰੀ ਨੇ ਇਸ ਵਿਸ਼ ਦਾ ਤੋੜ ਵੀ ਲੱਭ ਲੈਣਾ ਹੈ। ਲੱਭਣ ਦੀ ਲੋੜ ਹੀ ਸ਼ਾਇਦ ਨਾ ਪਵੇ, ਕਿਉਂਜੁ ਸਮਾਂ ਪਾ ਕੇ ਲੋੜੀਂਦੇ ਸਾਧਨ ਆਪ ਹੀ ਪੈਦਾ ਹੋ ਜਾਂਦੇ ਹਨ। ਵਿਕਾਸ ਦਾ ਭਾਵ ਹੀ ਇਹੋ ਹੈ; ਪਰ ਜਿਨ੍ਹਾਂ ਵਿਚ ਸਾਤਵਿਕਤਾ ਦੀ ਸੂਝ ਅਤੇ ਸਾਧਨਾਂ ਦੀ ਸਮਰੱਥਾ ਹੋਵੇ, ਉਨ੍ਹਾਂ ਲਈ ਸਹਿਯੋਗੀ ਸੰਸਾਰ ਦੇ ਸੁਪਨੇ ਉਲੀਕਣੇ ਵੀ ਕੋਈ ਓਪਰੀ ਕਿਰਿਆ ਨਹੀਂ, ਸਗੋਂ ਸਾਤਵਿਕ ਵਿਕਾਸ ਦੀ ਸੇਵਾ ਹੈ। ਇਹ ਸੇਵਾ ਵਿਕਾਸ ਦੀ ਸੇਵਾ ਹੋਣ ਤੋਂ ਪਹਿਲਾਂ ਸੇਵਕ ਦਾ ਸੌਂਦਰਯ ਹੈ। ਜੇ ਮਾਂ ਉਂਗਲੀ ਲਾ ਕੇ ਆਪਣੇ ਬੱਚੇ ਨੂੰ ਪਹਿਲੇ ਕਦਮ ਪੁੱਟਣ ਦੀ ਪ੍ਰੇਰਣਾ ਨਾ ਦੇਵੇ ਤਾਂ ਵੀ ਬੱਚਾ ਤੁਰਨਾ ਸਿੱਖ ਹੀ ਲੈਂਦਾ ਹੈ; ਪਰ ਆਪਣੇ ਬੱਚੇ ਨੂੰ ਪਹਿਲੇ ਕਦਮ ਪੁੱਟਣ ਵਿਚ ਸਹਾਇਤਾ ਦੇ ਕੇ ਜੋ ਅਨੰਦ ਮਾਂ ਨੂੰ ਮਿਲਦਾ ਹੈ, ਉਹ ਇਹ ਜਾਣ ਕੇ ਕਦੇ ਨਹੀਂ ਮਿਲ ਸਕਦਾ ਕਿ ਉਸ ਦਾ ਬੱਚਾ ਓਲੰਪਿਕ ਦੌੜਾਂ ਵਿਚ ਫਸਟ ਆਇਆ ਹੈ। ਇਕ ਨਿਰੋਲ ਅਨੰਦ ਹੈ, ਦੂਜਾ ਪ੍ਰਾਪਤੀ ਦੇ ਨਸ਼ੇ ਨਾਲ ਮਿਲ ਕੇ ਇਕ ਅਸਾਧਾਰਣ ਉਤੇਜਨਾ ਬਣ ਗਿਆ ਹੈ। ਇਸ ਉਤੇਜਨਾ ਲਈ ਆਖ਼ਰਾਂ ਦਾ ਯਤਨ ਹੋਇਆ ਹੈ। ਉਹ ਅਨੰਦ ਆਪਣੇ ਅੰਦਰਲੇ ਦਾ ਉਛਾਲ ਸੀ। ਇਸ ਉਤੇਜਨਾ ਦੇ ਰਾਹ ਵਿਚ ਪੈਰ ਪੈਰ ਉੱਤੇ 'ਹਾਰ ਜਾਣ' ਦਾ ਤੋਖਲਾ ਸਾਡੇ ਦਿਲ ਦੀ ਧੜਕਣ ਨੂੰ ਦਬਾਈ ਬੈਠਾ ਸੀ। ਉਹ ਅਨੰਦ, ਮਮਤਾ ਬਣ ਕੇ ਸਦਾ ਤੋਂ ਸਾਡੇ ਹਿਰਦੇ ਵਿਚ ਵੱਸ ਰਿਹਾ ਸੀ। ਕਿੰਨਾ ਫਰਕ ਹੈ।
ਸਾਤਵਿਕਤਾ ਦੀ ਗੱਲ ਕਰਨਾ ਆਪਣੇ ਆਪ ਉੱਤੇ ਅਹਿਸਾਨ ਕਰਨਾ ਹੈ; ਆਪਣੀ