

ਮਨੁੱਖ ਵਿਚਲੀ ਖੋਹਣ ਦੀ ਰੁਚੀ ਨੇ ਜੀਵਨ ਵਿਚ ਸਿਆਸੀ ਪ੍ਰਬੰਧਾਂ ਨੂੰ ਜਨਮ ਦੇ ਕੇ ਜੀਵਨ ਦੇ ਸਾਰਵਿਕ ਵਿਕਾਸ ਦੀ ਸਭ ਤੋਂ ਵੱਡੀ ਰੁਕਾਵਟ ਨੂੰ ਜਨਮ ਦਿੱਤਾ ਹੈ। ਸੰਸਾਰ ਦੇ ਸਿਆਸੀ ਪ੍ਰਬੰਧ ਸੱਤਾ, ਸੈਨਾ, ਹਥਿਆਰ ਅਤੇ ਹਿੰਸਾ ਦੇ ਸਹਾਰੇ ਹੋਰ ਸਾਰੇ ਪ੍ਰਬੰਧਾਂ ਨੂੰ ਆਪਣੀ ਅਧੀਨਗੀ ਵਿਚ ਤੋਰਦੇ ਆਏ ਹਨ। ਪੁਰਾਤਨ ਅਤੇ ਮੱਧਕਾਲ ਵਿਚ ਧਰਤੀ ਮਾਂ ਦੇ ਇਨ੍ਹਾਂ ਚੰਚਲ ਖਰੂਦੀ ਬਾਲਕਾਂ ਨੇ ਆਪਣੀ ਮਾਂ ਨੂੰ ਖੂਬ ਖਿਡਾਇਆ ਅਤੇ ਸਤਾਇਆ ਹੈ। ਧਰਮ, ਫ਼ਲਸਫ਼ਾ, ਕਲਾ ਅਤੇ ਵਾਪਾਰ, ਜੇ ਅਤੇ ਸੁਆਰਥ-ਵੱਸ ਇਨ੍ਹਾਂ ਦਾ ਸਾਥ ਦੇਣ ਲਈ ਮਜਬੂਰ ਰਹੇ ਹਨ। ਅੰਬ ਵੱਦ ਕੇ ਅੱਥਾ ਨੂੰ ਵਾੜ ਦੇਣ ਦੀ ਇਹ ਕਿਰਿਆ ਅਸਲ ਵਿਚ ਮਨੁੱਖਤਾ ਦੀ ਮਜਬੂਰੀ ਸੀ। ਸਾਰੇ ਨਵੇਂ ਵਿਚਾਰ, ਸਾਰੇ ਨਵੇਂ ਵਿਸ਼ਵਾਸ ਅਤੇ ਨਵੀਆਂ ਕਾਢਾਂ ਰਾਜ-ਪ੍ਰਬੰਧਾਂ ਦੀ ਹਿੰਸਾ-ਸ਼ਕਤੀ ਵਿਚ ਵਾਧਾ ਕਰ ਕੇ ਇਨ੍ਹਾਂ ਦੀ ਲੜਨ, ਲੁੱਟਣ, ਲਿਤਾੜਨ ਅਤੇ ਲੱਜਿਤ ਕਰਨ ਦੀ ਲਾਲਸਾ ਅਤੇ ਯੋਗਤਾ ਨੂੰ ਨਿੱਤ ਨਵਾਂ ਰੂਪ ਦਿੰਦੇ ਆਏ ਹਨ। ਹਾਥੀਆਂ, ਘੋੜਿਆਂ ਅਤੇ ਰੱਥਾਂ ਦੀ ਸੁਆਰੀ ਕਰਦੇ ਹੋਏ ਰਾਜ-ਪ੍ਰਬੰਧ ਜਨ-ਸਾਧਾਰਣ ਦੀ ਮਿਹਨਤ ਅਤੇ ਮਾਸੂਮੀਅਤ ਦਾ ਤ੍ਰਿਸਕਾਰ ਕਰਦੇ ਹੋਏ ਰਾਜਾਂ, ਸਾਮਰਾਜਾਂ ਅਤੇ ਸ਼ਹਿਨਸ਼ਾਹੀਆਂ ਦੀ ਉਸਾਰੀ ਦੇ ਸੁਪਨੇ ਸਾਕਾਰ ਕਰਦੇ ਰਹੇ ਹਨ। ਦੂਰ-ਦੁਰਾਡੇ ਦੇਸ਼ਾਂ ਦੇ ਸਮੁੰਦਰੀ ਰਸਤਿਆਂ ਦਾ ਗਿਆਨ ਅਤੇ ਵੱਡੇ ਵੱਡੇ ਸਮੁੰਦਰੀ ਜਹਾਜ਼ਾਂ ਦਾ ਨਿਰਮਾਣ ਕੇਵਲ ਜੰਗ ਅਤੇ ਜਿੱਤ ਦੇ ਮਨੋਰਥ ਨੂੰ ਮੁੱਖ ਰੱਖ ਕੇ ਕੀਤਾ ਜਾਣਾ ਅਸਲ ਵਿਚ ਮਨੁੱਖ ਵਿਚਲੇ 'ਮਨੁੱਖ' ਦੀ ਆਪਣੇ ਵਿਚਲੇ 'ਪਸੂ' ਦੀ ਆਗਿਆਕਾਰੀ ਅਤੇ ਤਾਬਿਆਦਾਰੀ ਸੀ।
ਨਿੱਕੀਆਂ ਨਿੱਕੀਆਂ ਬਾਦਸ਼ਾਹੀਆਂ ਨੂੰ ਚੰਨ ਮਰੋੜ ਕੇ ਵੱਡੀਆਂ ਵੱਡੀਆਂ ਸ਼ਹਿਨਸ਼ਾਹੀਆਂ ਦਾ ਨਿਰਮਾਣ ਹੁੰਦਾ ਆਇਆ ਹੈ ਅਤੇ ਵੱਡੀਆਂ ਵੱਡੀਆਂ ਸ਼ਹਿਨਸ਼ਾਹੀਆਂ ਆਪਣੀ ਉਮਰ ਭੋਗ ਕੇ ਮੁੜ ਨਿੱਕੀਆਂ ਨਿੱਕੀਆਂ ਬਾਦਸ਼ਾਹੀਆਂ ਵਿਚ ਵੰਡੀਆਂ ਜਾਂਦੀਆਂ ਰਹੀਆਂ ਹਨ। ਇਨ੍ਹਾਂ ਘੁੰਮਣਘੇਰੀਆਂ ਦੇ ਬਾਵਜੂਦ ਰਾਜ-ਪ੍ਰਬੰਧਾਂ ਦੀ ਨਦੀ ਦਾ ਪਰਵਾਹ ਪਰਜਾਤੰਤਰਾਂ ਦੀ ਸੋਧ ਵਿਚ ਤੁਰਦਾ ਰਿਹਾ ਹੈ। ਵਿਗਿਆਨ ਦੀ ਉੱਨਤੀ ਅਤੇ ਮਸ਼ੀਨੀ ਕ੍ਰਾਂਤੀ ਨੇ ਇਸ ਤੌਰ ਵਿਚ ਤੇਜੀ ਪੈਦਾ ਕਰ ਕੇ ਉੱਨੀਵੀਂ ਸਦੀ ਦੇ ਵਿਚ ਵਿਚ ਲਗਭਗ ਸਾਰੀ ਦੁਨੀਆਂ ਦੀਆਂ ਮਹੱਤਵਪੂਰਣ ਬਾਦਸ਼ਾਹੀਆਂ ਨੂੰ ਪਰਜਾਤੰਤਰਾਂ ਦਾ ਰੂਪ ਦੇਣ ਦੀ ਕਰਾਮਾਤ ਕਰ ਵਿਖਾਈ ਹੈ। ਇਸ ਭੰਨ-ਤੋੜ ਵਿਚੋਂ ਕੁਝ ਡਿਕਟੇਟਰ-ਸ਼ਾਹੀਆਂ ਵੀ ਉਪਜੀਆਂ ਹਨ ਪਰ ਉਨ੍ਹਾਂ ਦੀ ਉਮਰ ਲੰਮੇਰੀ ਨਹੀਂ ਹੈ। ਧਿਆਨ ਨਾਲ ਵੇਖੀਏ ਤਾਂ ਪਰਜਾਤੰਤਰਾਂ ਵਿਚ ਡਿਕਟੇਟਰ-ਸ਼ਾਹੀਆਂ ਨਾਲੋਂ ਬਹੁਤਾ ਫਰਕ ਨਹੀਂ। ਇਹ ਠੀਕ ਹੈ ਕਿ ਪਰਜਾਤੰਤਰਾਂ ਦੇ ਰਾਜ-ਪ੍ਰਬੰਧ ਨੂੰ ਵੋਟ ਨਾਲ ਬਦਲਿਆ ਜਾ ਸਕਦਾ ਹੈ ਪਰ ਇਹ ਵੀ ਠੀਕ ਹੈ ਕਿ ਲੋਕਾਂ ਦੀ ਰਾਏ ਨਾਲ 'ਚੁਣੀ ਹੋਈ ਸਰਕਾਰ ਸੱਤਾ ਅਤੇ ਹਿੰਸਾ ਦੀ ਸ਼ਰਣ ਲੈਣ ਦਾ ਡਿਕਟੇਟਰ-ਸ਼ਾਹੀਆਂ ਨਾਲੋਂ ਕਿਤੇ ਵਡੇਰਾ ਅਧਿਕਾਰ ਰੱਖਦੀ ਹੈ। ਲੋਕਾਂ ਦੁਆਰਾ 'ਚੁਣੀ ਹੋਈ' ਹੋਣ ਦਾ ਭਰੋਸਾ ਇਨ੍ਹਾਂ ਅਧਿਕਾਰਾਂ ਦੀ ਵਰਤੋਂ ਦੀ ਪ੍ਰੇਰਣਾ ਨਾਲ ਭਰਪੂਰ ਹੁੰਦਾ ਹੈ। ਬਹੁਤੀ ਅਚੇਚੇ ਵਾਲੀ ਗੱਲ ਨਹੀਂ ਕਿ ਵਲੈਤ ਦੇ ਦਾਨੇ ਆਖਦੇ ਹਨ, "ਸਾਡੇ ਦੇਸ਼ ਉੱਤੇ ਮੰਤ੍ਰੀ-ਮੰਡਲ ਦੀ ਡਿਕਟੇਟਰਸ਼ਿਪ ਹੁੰਦੀ ਹੈ