

ਜੇ ਕਾਵਨਾ ਦੇ ਪੈਰੀਂ ਪੈਂਖੜ ਪਏ ਸਨ ਤਾਂ ਸੋਚ ਦੀ ਉਡਾਰੀ ਵੀ ਸੀਮਿਤ ਕਰ ਦਿੱਤੀ ਗਈ ਸੀ। ਸੁਕਰਾਤ ਤੋਂ ਪਹਿਲੇ ਸਾਰੇ ਯੂਨਾਨੀ ਦਾਰਸ਼ਨਿਕ ਜੀਵਨ ਦੇ ਸੱਤ ਨੂੰ ਜਾਣਨ ਦੇ ਯਤਨ ਨੂੰ ਹੀ ਸੋਚ ਦਾ ਧਰਮ ਮੰਨਦੇ ਸਨ। ਸੁਕਰਾਤ ਅਤੇ ਅਫਲਾਤੂਨ (ਪਲੈਟ) ਰਾਹੀਂ ਜੀਵਨ ਨੂੰ ਆਪਣੀ ਇੱਛਾ ਅਨੁਸਾਰ ਢਾਲਣ, ਬਣਾਉਣ ਦੀ ਰੀਝ ਨੇ ਦਰਸ਼ਨ ਵਿਚ ਪਰਵੇਸ਼ ਕੀਤਾ। ਜੀਵਨ ਉੱਤੇ ਹੁਕਮ ਚਲਾਉਣ ਦੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਲੋਕਾਂ ਜਾਂ ਸ਼ਕਤੀਆਂ ਦਾ ਸਾਥ ਪ੍ਰਾਪਤ ਕਰਨ ਦੀ ਜਾਂ ਉਨ੍ਹਾਂ ਸ਼ਕਤੀਆਂ ਨੂੰ ਸਾਥ ਦੇਣ ਦੀ ਲੋੜ ਹੈ, ਜਿਹੜੀਆਂ ਜੀਵਨ ਉੱਤੇ ਹਕੂਮਤ ਕਰ ਰਹੀਆਂ ਹੋਣ ਜਾਂ ਕਰ ਸਕਦੀਆਂ ਹੋਣ। ਪਲੇਟ ਦਾ ਬਹੁਤਾ ਯਤਨ ਸਿਆਸਤ ਦੀ ਸੇਵਾ ਕਰਨਾ ਹੀ ਸੀ। ਉਸ ਦੀ ਸਾਰੀ ਸਿਆਸੀ ਸੋਚ ਜੰਗ ਦੇ ਧੁਰੇ ਉੱਤੇ ਘੁੰਮਦੀ ਰਹੀ ਹੈ। ਉਸ ਦਾ ਸਾਰਾ ਸਮਾਜਿਕ ਢਾਂਚਾ ਅਤੇ ਵਿਦਿਅਕ ਪ੍ਰਬੰਧ ਜੰਗ ਅਤੇ ਜਿੱਤ ਦੇ ਮਨੋਰਥ ਨੂੰ ਮੁੱਖ ਰੱਖ ਕੇ ਉਸਾਰਿਆ ਗਿਆ ਸੀ। ਉਸ ਦਾ ਆਦਰਸ਼ ਮਨੁੱਖ (ਫਿਲਾਸਫਰ ਕਿੰਗ) ਸਰਵ ਸਾਂਝੀ ਮਨੁੱਖਤਾ ਦੇ ਸੰਕਲਪ ਤੋਂ ਉੱਕਾ ਹੀ ਸੱਖਣਾ ਸੀ। ਨਾ ਅਰਸਤੂ ਦਾ ਮੈਗਨੈਨੀਸਮ ਮੈਨ (ਉਦਾਰਚਿਤ ਪੁਰਸ਼) ਹੀ ਮਨੁੱਖਤਾ ਨੂੰ ਪਿਆਰ ਕਰ ਸਕਦਾ ਸੀ ਅਤੇ ਨਾ ਹੀ ਜਰਮਨ ਵਿਚਾਰਵਾਨਾਂ ਦਾ ਸੁਪਰਮੈਨ ਹੀ ਸਾਧਾਰਣ ਮਨੁੱਖਾਂ ਦੇ ਨਿਹਾਦਰ ਤੋਂ ਵਰਜਿਆ ਜਾ ਸਕਦਾ ਸੀ। ਇਹ ਸਿਕੰਦਰ ਅਤੇ ਨੈਪੋਲੀਅਨ ਦੇ ਢਾਂਚੇ ਅਨੁਸਾਰ ਘੜੇ ਗਏ ਮਨੁੱਖੀ ਆਚਰਣ ਦੇ ਖਾਕੇ ਸਨ ਅਤੇ ਇਨ੍ਹਾਂ ਦੇ ਨਮੂਨੇ ਉੱਤੇ ਹਿਟਲਰ ਵਰਗੇ ਡਿਕਟੇਟਰਾਂ ਦੇ ਕਿਰਦਾਰ ਦੀ ਉਸਾਰੀ ਹੋਈ ਸੀ।
ਸਾਇੰਸ ਅਤੇ ਮਸ਼ੀਨ ਨੇ ਮਿਲ ਕੇ ਜਿਥੇ ਸਮੁੱਚੀ ਧਰਤੀ ਨੂੰ ਸਾਧਾਰਣ ਮਨੁੱਖ ਦੁਆਰਾ ਜਾਣੀ ਜਾ ਸਕਣ ਵਾਲੀ, ਵੇਖੀ ਜਾ ਸਕਣ ਵਾਲੀ ਅਤੇ ਪਹੁੰਚੀ ਜਾ ਸਕਣ ਵਾਲੀ ਥਾਂ ਬਣਾ ਦਿੱਤਾ ਹੈ, ਉਥੇ ਮਨੁੱਖੀ ਵਿਰੋਧਾਂ ਦੀ ਅਭਿਵਿਅਕਤੀ ਨੂੰ ਅਤਿਅੰਤ ਭਿਆਨਕ ਰੂਪ ਦੇਣ ਦੇ ਸਾਧਨ ਵੀ ਪੈਦਾ ਕੀਤੇ ਹਨ। ਨਤੀਜਾ ਇਹ ਹੈ ਕਿ ਮਨੁੱਖੀ ਅਪਣੱਤ ਦਾ ਘੇਰਾ ਉਵੇਂ ਹੀ ਸੌੜਾ ਹੈ, ਜਿਵੇਂ ਪਹਿਲਾਂ ਸੀ: ਸਗੋਂ ਹੋਰ ਸੌੜਾ ਹੁੰਦਾ ਜਾ ਰਿਹਾ ਹੈ। ਅੱਜ ਟੈਕਨਾਲੋਜੀ ਨੇ ਧਰਤੀ ਨੂੰ ਏਨੀ ਛੋਟੀ ਕਰ ਦਿੱਤਾ ਹੈ ਕਿ ਮਨੁੱਖਤਾ ਦੇ ਬਹੁਤ ਵੱਡੇ ਹਿੱਸੇ ਲਈ ਧਰਤੀ ਨੂੰ ਮਨੁੱਖ ਦਾ ਸਾਂਝਾ ਘਰ ਅਤੇ ਮਨੁੱਖਤਾ ਨੂੰ ਧਰਤੀ ਦਾ ਸਾਂਝਾ ਪਰਿਵਾਰ, ਜੇ ਮੰਨਣਾ ਨਹੀਂ, ਤਾਂ ਕਿਆਸਣਾ ਤਾਂ ਸੰਭਵ ਹੋ ਹੀ ਗਿਆ ਹੈ। ਬਹੁਤ ਸਾਰੇ ਆਦਮੀ ਜੇ ਇਉਂ ਆਖ ਨਹੀਂ ਸਕਦੇ ਤਾਂ ਘੱਟੋ ਘੱਟ ਸੋਚ ਤਾਂ ਸਕਦੇ ਹਨ ਕਿ ਅਸੀਂ ਕਿਸੇ ਇਕ ਦੇਸ਼ ਦੇ ਨਹੀਂ, ਸਗੋਂ ਪੂਰੀ ਧਰਤੀ ਦੇ ਵਸਨੀਕ ਹਾਂ: ਅਸੀਂ ਧਰਤੀ ਦੇ ਨਾਗਰਿਕ ਹਾਂ: ਅਸੀਂ ਵਿਸ਼ਵ-ਨਾਗਰਿਕ ਹਾਂ। ਇਉਂ ਸੋਚਿਆ ਜਾਣਾ ਅਜੇ ਆਰੰਭ ਤਾਂ ਨਹੀਂ ਹੋਇਆ ਪਰ ਇਸ ਦੀ ਲੋੜ ਦਿਨੋ-ਦਿਨ