

ਹੁਣ ਮਨੁੱਖੀ ਏਕਤਾ ਦੀ ਗੱਲ ਰੂਹਾਨੀ ਮੰਡਲਾਂ ਤੋਂ ਉਤਰ ਕੇ ਧਰਤੀ ਉੱਤੇ ਆ ਗਈ ਹੈ। ਹੁਣ ਇਸ ਦਾ ਆਧਾਰ ਕੋਈ ਅਣਪਛਾਤਾ ਕਾਲਪਨਿਕ ਸਾਂਝਾ ਪਿਤਾ ਨਹੀਂ, ਸਗੋਂ ਧਰਤੀ ਉੱਤੇ ਜੀਵੇ ਜਾਣ ਵਾਲੇ ਜੀਵਨ ਦੀ ਖੁਸ਼ੀ ਇਸ ਬਿਨਾਂ ਸੰਪੂਰਨ ਨਹੀਂ ਅਤੇ ਸੁੰਦਰਤਾ ਇਸ ਬਿਨਾਂ ਸੰਭਵ ਨਹੀਂ। ਸਾਰੇ ਜੀਵ-ਧਾਰੀਆਂ ਵਿਚ ਇਕ ਜੀਵਨ-ਜੋਤ ਦਾ ਪ੍ਰਕਾਸ਼ ਵੇਖਣਾ ਹੁਣ ਕਿਸੇ ਜੰਨਤ ਅਭਿਲਾਸ਼ੀ ਜਾਂ ਮੋਕਸ਼-ਮਾਰਗੀ ਲਈ ਹੀ ਜ਼ਰੂਰੀ ਨਹੀਂ, ਸਗੋਂ ਧਰਤੀ ਉੱਤੇ ਵੱਸਣ ਵਾਲੇ ਹਰ ਜੀਵ ਲਈ ਜ਼ਰੂਰੀ ਬਣਦਾ ਜਾ ਰਿਹਾ ਹੈ। ਸੂਝਵਾਨ ਅਤੇ ਅਨੁਭਵੀ ਲੋਕਾਂ ਕੋਲੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਅੰਦਰ ਇਹ ਵਿਸ਼ਵਾਸ ਪੈਦਾ ਕਰ ਕੇ ਆਪਣੇ ਨਿਕਟ-ਵਰਤੀਆਂ ਵਿਚ ਇਸ ਦੀ ਸੋਚੀ ਪੈਦਾ ਕਰਨ। ਵੇਸਾਂ, ਭੇਸਾਂ, ਦੇਸ਼ਾਂ, ਸੰਸਕ੍ਰਿਤੀਆਂ, ਸਭਿਅਤਾਵਾਂ, ਧਰਮਾਂ ਅਤੇ ਭਾਸ਼ਾਵਾਂ ਉੱਤੋਂ ਲੜ ਲੜ ਕੇ ਲੋੜੋਂ ਵੱਧ ਲਹੂ ਡੇਲਿਆ ਜਾ ਚੁੱਕਾ ਹੈ। ਹੁਣ ਇਨ੍ਹਾਂ ਤੋਂ ਉਪਰ ਉੱਠ ਕੇ ਸਾਰੀ ਮਨੁੱਖਤਾ ਦੀ ਸਾਂਝ ਦਾ ਅਹਿਸਾਸ ਜਗਾਉਣ ਦੀ ਲੋੜ ਹੈ; ਨਿਰੋਲ ਮਨੁੱਖ ਬਣਨ ਦੀ ਲੋੜ ਹੈ। ਜੇ ਕੋਈ ਭਾਵਨਾ ਕਰ ਕੇ ਕਿਸੇ ਦੇਸ਼, ਕੌਮ ਜਾਂ ਧਰਮ ਨਾਲ ਬੱਝਾ ਹੋਇਆ ਹੈ, ਉਸ ਦੇ ਨਿਰੋਲ ਮਨੁੱਖ ਹੋਣ ਵਿਚ ਅਜੇ ਕਸਰ ਹੈ।
ਵਿਸ਼ਾਲ ਸੰਸਥਾਵਾਂ ਅਤੇ ਜਥੇਬੰਦੀਆਂ ਵਿਅਕਤੀ ਦੁਆਲੇ ਵਲਗਣਾਂ ਵਲ ਕੇ ਉਸ ਵਿਚਲੀ ਵਿਸ਼ਵ-ਨਾਗਰਿਕਤਾ ਦੀ ਭਾਵਨਾ ਦੀ ਹਾਨੀ ਕਰਦੀਆਂ ਹਨ। ਅਜੋਕਾ ਵਿਅਕਤੀ ਸੰਸਥਾਵਾਂ ਅਤੇ ਜਥੇਬੰਦੀਆਂ ਤੋਂ ਪਰੇ ਰਹਿ ਕੇ ਪ੍ਰਸੰਨ ਵਿਅਕਤੀ ਹੋਣ ਦੀ ਆਸ ਨਹੀਂ ਕਰ ਸਕਦਾ। ਇਸ ਲਈ ਸ਼ਕਤੀਸ਼ਾਲੀ ਜਥੇਬੰਦੀਆਂ ਵਿਚ ਰਹਿੰਦਿਆਂ ਹੋਇਆਂ ਆਪਣੇ ਵਿਚ ਵਿਸ਼ਵ-ਨਾਗਰਿਕਤਾ ਦੀ ਭਾਵਨਾ ਨੂੰ ਜੀਉਂਦੇ ਰੱਖਣ ਲਈ ਉਚੇਚੇ ਯਤਨ ਦੀ ਲੋੜ ਹੈ। ਆਪਣੀ ਸੋਚ ਨੂੰ ਸੁਤੰਤ੍ਰ ਅਤੇ ਆਪਣੇ ਭਾਵਾਂ ਨੂੰ ਕੋਮਲ ਬਣਾਏ ਬਿਨਾਂ ਕੋਈ ਵਿਅਕਤੀ ਸਿਆਸੀ, ਸਮਾਜੀ, ਕੌਮੀ ਅਤੇ ਧਾਰਮਕ ਵਲਗਣਾਂ ਦੀ ਜਕੜ-ਪਕੜ ਤੋਂ ਪਰੇ ਨਹੀਂ ਜਾ ਸਕਦਾ। ਕੇਵਲ ਕਠੋਰ ਭਾਵ ਹੀ ਬੰਨ੍ਹਦੇ ਅਤੇ ਬੱਝਦੇ ਹਨ। ਦਇਆ, ਖਿਮਾ, ਸਹਾਨਕੁਤੀ, ਨਿਤਾ ਅਤੇ ਪਿਆਰ ਆਦਿਕ ਕੋਮਲ ਭਾਵ ਨਾ ਬੰਨ੍ਹਦੇ ਹਨ, ਨਾ ਬੱਝਦੇ ਹਨ।
ਸੋਚ ਦੀ ਸੁਤੰਤਰਤਾ ਅਤੇ ਭਾਵਾਂ ਦੀ ਕੋਮਲਤਾ ਲਈ ਸ੍ਰੇਸ਼ਟ ਕਲਾ ਦੀ ਉਪਾਸਨਾ ਨਾਲੋਂ ਚੰਗੇਰਾ ਢੰਗ ਕਿਆਸਣਾ ਕਠਨ ਹੈ; ਪਰ ਸ੍ਰੇਸ਼ਟ ਕਲਾ ਵੀ ਤਾਂ ਸੁਲੱਭ ਨਹੀਂ ਹੈ। ਸਾਹਿਤ ਕਲਾ ਦਾ ਅਜਿਹਾ ਪੱਖ ਹੈ, ਜਿਹੜਾ ਮਨੋ-ਵਿਗਿਆਨ ਅਤੇ ਦਰਸ਼ਨ ਨਾਲ ਦੋਸਤੀ ਕਰ ਕੇ, ਧਾਰਮਕ ਅਤੇ ਸਿਆਸੀ ਵਲਗਣਾਂ, ਜੇ ਟੱਪ ਸਕੇ ਤਾਂ ਮਨੁੱਖੀ ਮਨੋ-ਵਿਕਾਸ ਦਾ (ਜੇ ਸਾਧਨ ਨਹੀਂ ਤਾਂ) ਸਹਾਇਕ ਜ਼ਰੂਰ ਬਣ ਸਕਦਾ ਹੈ। ਸਾਡੀ ਧਰਤੀ ਉਤਲੇ ਜੀਵਨ ਨੂੰ