

ਮੈਂ ਅਜਿਹੇ ਮਨੁੱਖ ਨੂੰ ਵਿਸ਼ਵ-ਨਾਗਰਿਕ ਦਾ ਨਾਂ ਦਿੰਦਾ ਹਾਂ ਅਤੇ ਇਸ ਦੀ ਰੂਪ-ਰੇਖਾ ਉਲੀਕਣ ਦਾ ਯਤਨ ਕਰਦਾ ਹਾਂ। ਰਜੋਗੁਣੀ ਇਨਕਲਾਬੀਆਂ ਅਤੇ ਅਪਰਾਧੀਆਂ ਨੂੰ ਤਾਂ ਪਹਿਲਾਂ ਹੀ ਲਿਸਟ ਵਿਚੋਂ ਕੱਢਿਆ ਜਾ ਚੁੱਕਾ ਹੈ। ਮੇਰੀ ਸੋਚ ਅਨੁਸਾਰ ਸਾਤਵਿਕ ਸਦ-ਭਾਵਨਾ ਦਾ ਸੁਆਮੀ ਹੀ 'ਵਿਅਕਤੀ ਹੈ। ਉਹ ਜੀਵਨ ਵਿਚਲੇ ਵਿਰੋਧਾਂ ਨੂੰ ਵੇਖਦਾ ਹੈ ਪਰ ਬਗ਼ਾਵਤ ਨਹੀਂ ਕਰਦਾ। ਉਹ ਜਾਣਦਾ ਹੈ ਕਿ ਜੀਵਨ ਵਿਚਲੇ ਕਿਸੇ ਅਨਿਆਂ ਕਾਰਣ ਜੀਵਨ ਵਿਚ ਕਲੇਸ਼ ਹੈ। ਉਹ ਇਹ ਜਾਣਨ ਦਾ ਯਤਨ ਕਰਦਾ ਹੈ ਕਿ ਮਨੁੱਖ ਕੀ ਕਰੇ, ਜਿਸ ਨਾਲ ਸਮਾਜਕ ਜੀਵਨ ਵਿਚੋਂ ਕਲੇਸ਼ ਘਟੇ। ਜੇ ਉਹ ਆਪਣੇ ਯਤਨ ਵਿਚ ਸਫਲ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਉਹ ਕੁਝ ਕਰਨ ਲਈ ਪ੍ਰੇਰਨ ਦਾ ਯਤਨ ਕਰਦਾ ਹੈ, ਜਿਸ ਦੇ ਕੀੜਿਆ ਜੀਵਨ ਪਹਿਲਾਂ ਨਾਲੋਂ ਵਧੇਰੇ ਸੁਖੀ ਅਤੇ ਸੁੰਦਰ ਬਣਾਇਆ ਜਾ ਸਕੇ। ਇਥੇ ਬੁੱਧ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਉਸ ਨੇ ਜੀਵਨ ਵਿਚ ਦੁਖ ਦਾ ਅਹਿਸਾਸ ਕੀਤਾ ਅਤੇ ਢੇਰ ਸਾਰੀ ਸੋਚ ਪਿੱਛੇ ਇਸ ਨਿਰਣੇ ਉੱਤੇ ਪੁੱਜਾ ਕਿ ਅਸ਼ਟ ਮਾਰਗ ਉੱਤੇ ਤੁਰਿਆ ਮਨੁੱਖੀ ਜੀਵਨ ਵਿਚੋਂ ਦੁਖ ਦੀ ਮਾਤਰਾ ਘਟਾ ਕੇ ਸੁਖ ਅਤੇ ਸੁੰਦਰਤਾ ਦੀ ਮਾਤਰਾ ਵਧਾਈ ਜਾ ਸਕਦੀ ਹੈ। ਉਸ ਨੇ ਮਨੁੱਖਾਂ ਨੂੰ ਅਜਿਹਾ ਕਰਨ ਲਈ ਪ੍ਰੇਰਨ ਦਾ ਯਤਨ ਵੀ ਕੀਤਾ। ਉਸ ਯਤਨ ਵਿਚ ਉਸ ਨੂੰ ਕਿੰਨਾ ਸਾਰਾ ਤਿਆਗ ਵੀ ਕਰਨਾ ਪਿਆ। ਉਸਦਾ ਇਹ ਸਾਰਾ ਆਚਾਰ ਜਾਂ ਵਤੀਰਾ ਉਸਦੀ ਭਾਵਨਾ ਦੀ ਉਪਜ ਸੀ; ਉਸਦੀ ਸਦ-ਭਾਵਨਾ ਦਾ ਪ੍ਰਗਟਾਵਾ ਸੀ। ਉਹ ਕਿਸੇ ਰਿਵਾਜ, ਪਰੰਪਰਾ ਜਾਂ ਮਾਨਤਾ ਦਾ ਨਿਰਾਦਰ ਕਰਨ ਦੀ ਇੱਛਾ ਨਹੀਂ ਸੀ ਰੱਖਦਾ। ਉਹ ਜੀਵਨ ਨੂੰ ਸੁਖ ਅਤੇ ਸੁੰਦਰਤਾ ਦੀ ਸੇਧ ਵਿਚ ਤੋਰਨ ਦੀ ਰੀਝ ਰੱਖਦਾ ਸੀ। ਉਹ ਨਿਰੋਲ ਵਿਅਕਤੀ ਸੀ।
ਯਿਸੂ ਮਸੀਹ ਨੇ ਵੇਖਿਆ ਕਿ ਕਿਸੇ ਦੀ ਅੱਖ ਕੱਢਣ ਵਾਲੇ ਦੀ ਅੱਖ ਕੱਢਣ ਅਤੇ ਕਿਸੇ ਦਾ ਦੰਦ ਭੰਨਣ ਵਾਲੇ ਦਾ ਦੰਦ ਭੰਨਣ ਦੇ ਨਿਰਦੈਤਾਪੂਰਣ ਨੇਮ ਦਾ ਪਾਲਣ ਕਰਦੀ ਹੋਈ ਮਨੁੱਖਤਾ ਕਾਣੀ ਅਤੇ ਥੋੜੀ ਹੁੰਦੀ ਜਾ ਰਹੀ ਹੈ। ਮਨੁੱਖਤਾ ਨੂੰ ਸੁੰਦਰਤਾ ਵੱਲ ਲੈ ਜਾਣ ਦੀ ਰੀਝ ਰੱਖਣ ਵਾਲੇ ਯਿਸੂ ਨੇ ਮਨੁੱਖਤਾ ਲਈ ਨਵੇਂ ਵਤੀਰੇ ਦੀ ਸੋਚ ਸੋਚੀ ਅਤੇ ਆਖਿਆ, "ਅੱਖ ਦੇ ਵੰਡੇ ਅੱਖ ਲੈਣ ਦਾ ਨੇਮ ਆਖ਼ਰੀ ਨੇਮ ਨਹੀਂ। ਮੈਂ ਇਸਦਾ ਵਿਰੋਧ ਕਰਨ ਨਹੀਂ ਆਇਆ, ਸਗੋਂ ਇਸਨੂੰ ਵਿਕਸਾਉਣ ਅਤੇ ਸੁੰਦਰ ਬਣਾਉਣ ਆਇਆ ਹਾਂ। ਇਸ ਤੋਂ ਅਗਲਾ ਪਾਠ ਇਹ ਹੈ ਕਿ ਆਪਣੀ ਖੱਬੀ ਗੱਲ੍ਹ ਉੱਤੇ ਚਪੇੜ ਖਾ ਕੇ ਆਪਣੀ ਸੱਜੀ ਗੱਲ੍ਹ ਚਪੇੜ ਮਾਰਨ ਵਾਲੇ ਦੇ ਅੱਗੇ ਕਰਨ ਦੀ ਸਹਿਨਸ਼ੀਲਤਾ ਅਤੇ ਸਮਰੱਥਾ ਪੈਦਾ ਕਰੋ। ਤੁਹਾਡੇ ਜੀਵਨ ਵਿਚ