

'ਵਿਅਕਤੀ' ਲੱਖਾਂ-ਕੜਾਂ ਦੀ ਗਿਣਤੀ ਵਿਚ ਨਹੀਂ ਹੁੰਦੇ ਹਾਂ, ਲੱਖਾਂ ਹਜ਼ਾਰਾਂ ਵਿਚ ਉਨ੍ਹਾਂ ਦਾ ਆਸ਼ਕ ਪ੍ਰਤੀਬਿੰਬ ਜ਼ਰੂਰ ਵੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਨਾਂ ਉੱਤੇ ਚਲਾਏ ਗਏ ਧਰਮਾਂ ਦੇ ਧਾਰਨੀਆਂ ਵਿਚ ਉਨ੍ਹਾਂ ਦਾ ਪ੍ਰਤੀਬਿੰਬ ਵੇਖਣ ਦੀ ਇੱਛਾ ਕਰਨ ਵਾਲੇ ਨੂੰ, ਹੋ ਸਕਦਾ ਹੈ, ਨਿਰਾਸ਼ ਹੋਣਾ ਪਵੇ। ਹਾਂ, ਦਇਆ ਅਤੇ ਅਹਿੰਸਾ ਦਾ ਭਾਵ ਬਣ ਕੇ, ਬੁੱਧ, ਹਰ ਮਨੁੱਖ ਦੇ ਮਨ ਵਿਚ, ਕਦੇ ਨਾ ਕਦੇ ਜ਼ਰੂਰ ਹੀ ਆ ਬੈਠਦਾ ਹੈ। ਕਿਸੇ ਕਿਸੇ ਮਨ ਵਿਚ ਸਦੀਵੀ ਵਸੇਬਾ ਵੀ ਸੰਭਵ ਹੈ।
ਇਹ ਵੀ ਸੱਚ ਨਹੀਂ ਕਿ ਯਥਾ-ਸਥਿਤੀ ਅਤੇ ਸਮਾਜਕ ਅਨਿਆਂ ਦੀ ਸਦੀਵਤਾ ਚਾਹੁਣ ਵਾਲੇ ਸੱਤਾਧਾਰੀ ਲੋਕਾਂ ਦੁਆਰਾ ਇਨ੍ਹਾਂ ਸਾਤਵਿਕ ਵਿਅਕਤੀਆਂ ਦੀ ਕਰਨੀ ਅਤੇ ਕੀਰਤੀ ਨੂੰ ਵਰਤਿਆ ਨਹੀਂ ਜਾਂਦਾ। ਸੱਚ ਇਹ ਹੈ ਕਿ ਯਥਾ-ਸਥਿਤੀ ਦੀ ਭਾਵਨਾ ਕਿਸੇ ਨਾ ਕਿਸੇ ਰੂਪ ਵਿਚ ਉਸ ਬੋਹੜ ਦੀ ਛਾਵੇਂ ਜ਼ਰੂਰ ਬਹਿੰਦੀ ਹੈ, ਜਿਸ ਦੀਆਂ ਜੜ੍ਹਾਂ ਸਾਤਵਿਕਤਾ ਦੇ ਸੋਮਿਆਂ ਵਿਚ ਹੁੰਦੀਆਂ ਹਨ। ਫਰਕ ਸਿਰਫ ਏਨਾ ਹੈ ਕਿ ਸਦ-ਭਾਵਨਾ ਦੀ ਸੁੰਦਰਤਾ ਵਾਲਾ ਸਾਤਵਿਕ ਵਿਅਕਤੀ ਜੋ ਮੁੜ ਅਜਿਹੇ ਸਮਾਜ ਵਿਚ ਆ ਜਾਵੇ ਤਾਂ ਉਹ ਪਛਤਾਵੇ ਨਾਲ ਭਰਪੂਰ ਹੋਣ ਦੀ ਥਾਂ ਦਇਆ ਨਾਲ ਦੁਵਦਾ ਹੈ। ਉਸ ਦੇ ਮਨ ਵਿਚ ਆਕਾਸ਼ ਦੀ ਅਨੰਤਤਾ, ਸਮੇਂ ਦੀ ਸਦੀਵਤਾ ਅਤੇ ਜੀਵਨ ਦੀ ਨਿਰੰਤਰਤਾ ਨਿਵਾਸ ਕਰਦੀ ਹੋਣ ਕਰਕੇ ਉਹ ਜਾਣਦਾ ਹੈ ਕਿ ਸਾਤਵਿਕਤਾ ਦੇ ਚਾਨਣ ਵਿਚ ਜਾਣ ਤੋਂ ਪਹਿਲਾਂ ਜੀਵਨ ਨੇ ਕਿਹੜੇ ਕਿਹੜੇ ਰਜੋਗੁਣੀ ਹਨੇਰਿਆਂ ਵਿਚੋਂ ਲੰਘਣਾ ਹੈ ਅਤੇ ਕਿਥੇ ਕਿਥੇ ਡਿੱਗ ਕੇ ਕਿਵੇਂ ਕਿਵੇਂ ਹੱਡ-ਗੋਡੇ ਰੁਕਵਾਉਣੇ ਹਨ। ਜੇ ਅੱਜ ਬਰਟ੍ਰੰਡ ਰਸਲ ਸਾਡੀ ਦੁਨੀਆਂ ਵਿਚ ਆ ਜਾਵੇ ਤਾਂ ਇਹ ਪਛਤਾਵਾ ਨਹੀਂ ਭੋਗੇਗਾ ਕਿ 'ਜੇ ਸਾਰੀ ਦੁਨੀਆਂ ਉੱਤੇ ਏਨੀਆਂ ਖਾਨਾ-ਜੰਗੀਆਂ ਹੋਣੀਆਂ ਸਨ; ਜੇ ਮਨੁੱਖਤਾ ਨੇ ਇਉਂ ਹੀ ਲਹੂ ਵਿਚ ਲੱਥ-ਪੱਥ ਹੋਣਾ ਸੀ; ਤਾਂ ਮੈਂ ਅਮਨ ਲਈ ਏਨਾ ਕੁਝ ਕਿਉਂ ਕੀਤਾ।" ਉਹ ਪਹਿਲਾਂ ਨਾਲੋਂ ਕਿਤੇ ਬਹੁਤੇ ਉਤਸ਼ਾਹ ਨਾਲ ਅਮਨ ਦੀ ਮੰਜ਼ਲ ਵੱਲ ਤੁਰੇਗਾ।
1. ਟਰਕੀ-ਮਨੁੱਖ ਦੁਆਰਾ ਖਾਧਾ ਜਾਣ ਵਾਲਾ ਕੁੱਕਲੀ ਦੇ ਆਕਾਰ ਦਾ ਇਕ ਪੰਛੀ ਹੈ। ਇਸ ਨੂੰ ਕ੍ਰਿਸਮਿਸ ਵਾਲੇ ਦਿਨ ਉੱਤੇ ਖਾਣ ਦਾ ਰਿਵਾਜ ਹੈ। ਇਸ ਦਿਨ ਈਸਾਈ-ਸੰਸਾਰ ਵਿਚ ਕਈ ਕ੍ਰੋੜ ਟਰਕੀਆਂ ਦੀ ਹੱਤਿਆ ਕੀਤੀ ਜਾਂਦੀ ਹੈ। ਪਤਾ ਨਹੀਂ ਪਿਆਰ-ਰੂਪ ਯਿਸੂ ਲਈ ਇਹ ਖੂਨ-ਖਰਾਬਾ ਕਿੰਨਾ ਕੁ ਦੁਖਦਾਈ ਹੁੰਦਾ ਹੋਵੇਗਾ।