Back ArrowLogo
Info
Profile

ਪ੍ਰਸੰਨਤਾ 'ਆਨੰਦ' ਅਤੇ ਰਸ-ਮਗਨਤਾ

ਸਾਡਾ ਸਮਾਜਕ ਜੀਵਨ ਸੰਬੰਧਾਂ ਦਾ ਵਿਸ਼ਾਲ ਤਾਣਾ-ਬਾਣਾ ਹੈ। ਖ਼ੁਸ਼ੀ ਇਸ ਤਾਣੇ-ਬਾਣੇ ਦੀ ਸੁਚੱਜੀ ਬੁਣਤਰ ਦਾ ਸੁਭਾਵਿਕ ਸਿੱਟਾ ਹੈ। ਪਰ ਸੁਚੱਜੀ ਬੁਣਤਰ ਬਹੁਤਾ ਸੌਖਾ ਕੰਮ ਨਹੀਂ। ਅਨੇਕਾਂ ਯਤਨਾਂ ਅਤੇ ਸਾਵਧਾਨੀਆਂ ਦੇ ਬਾਵਜੂਦ ਕਿਸੇ ਨਾ ਕਿਸੇ ਤੰਦ ਦੇ ਉਲਬ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸੱਭਿਅਤਾ ਦੇ ਵਿਕਾਸ ਨਾਲ ਸਮਾਜਕ ਜੀਵਨ ਵਧੇਰੇ ਗੁੰਝਲਦਾਰ ਹੁੰਦਾ ਜਾਣ ਕਰਕੇ ਉਲਝਣਾਂ ਦੀ ਸੰਭਾਵਨਾ ਵੀ ਵਧਦੀ ਗਈ ਹੈ। ਮੱਧਕਾਲ ਦੇ ਮਨੁੱਖ ਨੂੰ ਪੂਰਾ ਵਿਸ਼ਵਾਸ ਸੀ ਕਿ ਸਮੇਂ ਦੇ ਬੀਤਣ ਨਾਲ ਜੀਵਨ ਵਿੱਚ ਕਰੂਪਤਾ ਅਤੇ ਕਲੱਬ ਦਾ ਵਾਧਾ ਹੁੰਦਾ ਆਇਆ ਹੈ। ਇੱਕ ਯੁਗ ਵਿੱਚੋਂ ਦੂਜੇ ਵਿੱਚ ਪਰਵੇਸ਼ ਕਰਨ ਤਕ ਜੀਵਨ ਵਿੱਚੋਂ ਕਈ ਚੰਗਿਆਈਆਂ ਦਾ ਅਲੋਪ ਹੁੰਦਾ ਗਿਆ ਹੈ। ਇਸ ਗੱਲ ਨੂੰ ਉਹ ਧਰਮ ਦੇ ਪੈਰਾਂ ਦਾ ਖਿਸਕਣਾ ਜਾਂ ਆਧਾਰਾਂ ਦਾ ਅਲੋਪ ਹੋਣਾ ਆਖਦਾ ਸੀ। ਸਤਜੁਗ ਵਿੱਚ ਚਹੁੰ ਪੈਰਾਂ ਉੱਤੇ ਖਲੋਣ ਵਾਲਾ ਧਰਮ-ਧੌਲ ਹੁਣ (ਕਲਜੁਗ ਵਿੱਚ) ਕੇਵਲ ਇੱਕ ਪੈਰ ਉੱਤੇ ਖਲੋਤਾ ਹੋਇਆ ਮੰਨਿਆ ਜਾਂਦਾ ਹੈ।

ਕਿਉਂਜੁ ਜੀਵਨ ਸੰਬੰਧਾਂ ਦਾ ਤਾਣਾ-ਬਾਣਾ ਹੈ, ਇਸ ਲਈ ਜੀਵਨ ਵਿੱਚੋਂ ਚੰਗਿਆਈ ਅਤੇ ਸੁੰਦਰਤਾ ਦੇ ਘਟ ਜਾਣ ਦਾ ਭਾਵ ਹੈ ਮਨੁੱਖੀ ਸੰਬੰਧਾਂ ਵਿੱਚੋਂ ਸੁਹਿਰਦਤਾ ਦਾ ਅਲੋਪ ਹੋ ਜਾਣਾ। ਜਿਨ੍ਹਾਂ ਸਬੰਧਾਂ ਵਿੱਚੋਂ ਸੁਹਿਰਦਤਾ ਨਿਰੰਤਰ ਘਟਦੀ ਜਾ ਰਹੀ ਹੋਵੇ, ਉਨ੍ਹਾਂ ਵਿੱਚ ਕਿਸੇ  ਸਦੀਵੀ ਸੁੰਦਰਤਾ ਅਤੇ ਸੱਚੀ ਖ਼ੁਸ਼ੀ ਦੇ ਨਿਵਾਸ ਦੀ ਆਸ ਕੀਤੀ ਜਾਣੀ ਯੋਗ ਨਹੀਂ। ਇਸ ਲਈ ਮੱਧਕਾਲ ਦਾ ਮਨੁੱਖ ਇਹ ਵਿਸ਼ਵਾਸ ਰੱਖਦਾ ਸੀ ਕਿ ਸੰਸਾਰਕ ਜੀਵਨ ਕਿਸੇ ਪ੍ਰਕਾਰ ਦੀ ਸੱਚੀ ਖੁਸ਼ੀ ਅਤੇ ਸਦੀਵੀ ਸੁੰਦਰਤਾ ਦਾ ਆਧਾਰ ਨਹੀਂ; ਇਸ ਦੇ ਸੁਖ ਛਲਾਵਾ  ਹਨ; ਇਸ ਦੀਆਂ ਖ਼ੁਸ਼ੀਆਂ ਥੋੜ੍ਹ-ਚਿਰੀਆਂ ਹਨ। ਇਸ ਦੇ ਰਿਸ਼ਤੇ ਝੂਠੇ ਹਨ; ਇਸ ਦੀਆਂ ਪ੍ਰਾਪਤੀਆਂ ਬੰਧਨ ਹਨ; ਸੱਚਾ ਸਦੀਵੀ ਸੁਖ ਇਸ ਸੰਸਾਰ ਤੋਂ ਪਏ ਹੈ। ਸੰਸਾਰਕ ਸੰਬੰਧ ਉਸ 'ਪਰਮ ਸੁਖ' ਦੇ ਰਾਹ ਦੀ ਰੁਕਾਵਟ ਹਨ, ਮੋਹ ਦੀ ਉਪਜ ਹਨ।

ਆਧੁਨਿਕ ਕਾਲ ਵਿੱਚ ਵੀ ਮਨੁੱਖਤਾ ਦੀ ਬਹੁਤ ਵੱਡੀ ਗਿਣਤੀ ਇਸੇ ਵਿਸ਼ਵਾਸ ਵਿੱਚ ਜੀ ਰਹੀ ਹੈ। ਉਸ ਗਿਣਤੀ ਦੁਆਰਾ 'ਪਰਮ ਸੁਖ ਨੂੰ ਸੰਸਾਰਕ ਦੀ ਥਾਂ 'ਰੱਬੀ' ਜਾਂ 'ਅਲੋਕਿਕ' ਸਰੀਰਕ ਜਾਂ ਮਾਨਸਿਕ ਦੀ ਥਾਂ 'ਆਤਮਕ' ਅਤੇ ਸਮਾਜਕ ਦੀ ਥਾਂ 'ਅਧਿਆਤਮਕ' ਮੰਨਿਆ ਜਾਂਦਾ ਹੈ। ਇਸ ਸਮੁੱਚੇ ਵਖੇਵੇਂ ਨੂੰ ਪ੍ਰਗਟ ਕਰਨ ਲਈ ਇਸ 'ਪਰਮ ਸੁਖ' ਨੂੰ ਖੁਸ਼ੀ ਜਾਂ ਪ੍ਰਸੰਨਤਾ ਆਖਣ ਦੀ ਥਾਂ 'ਆਨੰਦ' ਦਾ ਨਾਂ ਦਿੱਤਾ ਗਿਆ ਹੈ।

ਸੰਸਾਰ ਦੇ ਸਾਰੇ ਧਰਮ 'ਆਨੰਦ' ਨਾਂ ਦੀ ਮਨੋ-ਅਵਸਥਾ ਦੀ ਵਿਆਖਿਆ ਕਰਦੇ ਹਨ। ਪਾਤੰਜਲੀ ਜੀ ਦੇ ਯੋਗ ਸ਼ਾਸਤ ਵਿੱਚ ਸਾਰੀਆਂ ਵਿਆਖਿਆਵਾਂ ਦਾ ਸਮਾਵੇਸ਼ ਮੰਨਿਆ ਜਾ ਸਕਦਾ ਹੈ। ਉਨ੍ਹਾਂ ਅਨੁਸਾਰ ਚਿੱਤ ਦੀਆਂ ਵ੍ਰਿਤੀਆਂ ਦੇ 'ਨਿਰੋਧ' ਜਾਂ ਰੋਕੇ ਜਾਣ ਦਾ ਨਾਂ 'ਯੋਗ' ਹੈ। ਭਾਵ ਇਹ ਹੈ ਕਿ ਜਦੋਂ ਕੋਈ ਆਦਮੀ ਆਪਣੇ ਚਿੱਤ ਦੀਆਂ ਵਿੱਤੀਆਂ ਉੱਤੇ

10 / 174
Previous
Next