ਮੈਂ ਮਨ ਦੀਆਂ ਤਰੰਗਾਂ ਨੂੰ ਰੋਕ ਕੇ ਪਰਮ ਆਨੰਦ ਦੀ ਕਿਸੇ ਮਨੋ ਅਵਸਥਾ ਵਿੱਚ ਜਾਣ ਦਾ ਅਭਿਆਸੀ ਨਹੀਂ ਹਾਂ। ਇਸ ਲਈ ਮੈਨੂੰ ਇਹ ਨਿਰਣਾ ਦੇਣ ਦਾ ਹੱਕ ਨਹੀਂ ਕਿ ਅਜਿਹੀ ਕੋਈ ਅਵਸਥਾ ਹੈ ਜਾਂ ਨਹੀਂ। ਜਿਨ੍ਹਾਂ ਮਹਾਤਮਾਵਾਂ ਅਤੇ ਮਹਾਂ ਪੁਰਸ਼ਾਂ ਇਸ ਅਵਸਥਾ ਦੀ ਹੋਂਦ ਦੀ ਹਾਮੀ ਭਰੀ ਹੈ ਉਨ੍ਹਾਂ ਦੀ ਨੀਅਸ ਉੱਤੇ ਕਿਸੇ ਪ੍ਰਕਾਰ ਦਾ ਸ਼ੱਕ ਕੀਤੇ ਜਾਣ ਦੀ ਗੁੰਜਾਇਸ਼ ਨਹੀਂ। ਉਹ ਲੋਕ ਉਨ੍ਹਾਂ ਸਾਰੇ ਕਾਰਨਾਂ ਤੋਂ ਪਰੇ ਜਾਂ ਉੱਚੇ ਸਨ, ਜਿਨ੍ਹਾਂ ਕਰਕੇ ਮਨੁੱਖ ਗਲਤ ਬਿਆਨੀ ਕਰਦਾ ਹੈ। ਉਹ ਭੁੱਖ, ਭੈ ਅਤੇ ਭੁਲੇਖੇ ਤੋਂ ਮੁਕਰ ਸਨ। ਆਪਣੇ ਮਨ ਦੀ ਅਵਸਥਾ ਬਾਰੇ ਕਬੀਰ ਜੀ ਜਾਂ ਰਵਿਦਾਸ ਜੀ ਨੂੰ ਕੋਈ ਭੁਲੇਖਾ ਨਹੀਂ ਸੀ ਅਤੇ ਇਸ ਸੰਬੰਧ ਵਿੱਚ ਕਿਸੇ ਪ੍ਰਕਾਰ ਦੀ ਗਲਤ ਬਿਆਨੀ ਕਰ ਕੇ ਕਿਸੇ ਲਾਭ ਦਾ ਲੋਭ ਵੀ ਉਨ੍ਹਾਂ ਨੂੰ ਨਹੀਂ ਸੀ। ਉਨ੍ਹਾਂ ਦੇ ਆਖੇ ਨੂੰ ਸੱਚ ਮੰਨਦਾ ਹੋਇਆ ਮੈਂ ਇਹ ਮੰਨਦਾ ਹਾਂ ਕਿ ਸਾਧਾਰਣ ਸੰਸਾਰਕ ਜੀਵਨ ਦੇ ਸੰਬੰਧਾਂ ਉੱਤੇ ਆਧਾਰਤ ਸਾਧਾਰਣ ਖੁਸ਼ੀ ਜਾਂ ਪ੍ਰਸੰਨਤਾ ਨਾਲੋਂ ਵੱਖਰਾ ਕੋਈ 'ਆਨੰਦ' ਵੀ ਇਸ ਜੀਵਨ ਦੀ ਇੱਕ ਵਾਸਤਵਿਕਤਾ ਹੈ। ਇਸ ਵਾਸਤਵਿਕਤਾ ਨੂੰ ਜੀਵਨ ਦਾ ਮਨੋਰਥ ਮੰਨਿਆ ਜਾਣ ਵਿੱਚ ਜੀਵਨ ਦੀ ਕੋਈ ਹਾਨੀ ਨਹੀਂ। ਪਰੰਤੂ ਸਾਰੇ ਮੱਧਕਾਲ ਵਿੱਚ ਅਜਿਹਾ ਨਹੀਂ ਹੋ ਸਕਿਆ। ਪੁਰਾਤਨਕਾਲ ਅਤੇ ਮੱਧਕਾਲ ਵਿੱਚ ਆਨੰਦ ਨੂੰ 'ਜੀਵਨ' ਦਾ ਨਹੀਂ ਸਗੋਂ 'ਜੀਵ' ਦਾ ਮਨੋਰਥ ਮੰਨਿਆ ਜਾਂਦਾ ਰਿਹਾ ਹੈ।
ਜਾਗ੍ਰਤ, ਸੁਪਨ, ਸੁਖੋਪਤ ਅਤੇ ਤੁਰੀਆ, ਮਨੁੱਖੀ ਜੀਵਨ ਦੀਆਂ ਚਾਰ ਹਾਲਤਾਂ ਹਨ। ਜਾਗਣ, ਸੁਪਨੇ ਵੇਖਣ ਅਤੇ ਗੂਹੜੀ ਨੀਂਦ ਦਾ ਅਨੁਭਵ ਸਾਨੂੰ ਸਾਰਿਆਂ ਨੂੰ ਹੈ । ਜਾਗ੍ਰਤ ਅਤੇ ਸੁਪਨ ਵਿੱਚ ਦੁਖ-ਸੁਖ ਅਤੇ ਹਰਖ-ਸੋਗ ਦੀ ਮਿਲਾਵਟ ਹੈ। ਸੁਖੋਪਤ ਜਾਂ ਗੂਹੜੀ ਨੀਂਦ ਵਿੱਚ ਦੁਖ-ਸੁਖ ਦੀ ਅਣਹੋਂਦ ਹੈ। ਇਸ ਦੇ ਨਾਲ ਨਾਲ ਸੁਖੋਪਤ ਵਿੱਚ ਆਪਣੇ ਆਪੇ ਦੀ ਹੱਦ ਦਾ ਗਿਆਨ ਵੀ ਨਹੀਂ ਰਹਿੰਦਾ। ਇਸ ਲਈ ਸੁਖੋਪਤ ਦੇ ਸੁਖ ਨੂੰ ਪਰਮ ਸੁਖ ਨਹੀਂ ਆਖਿਆ ਗਿਆ, ਉਂਜ ਹੈ ਇਹ ਸਾਰੇ ਸੰਸਾਰਕ ਸੁੱਖਾਂ ਤੋਂ ਸ੍ਰੇਸ਼ਟ।
ਗੂਹੜੀ ਨੀਂਦ ਵਿੱਚ ਅਸੀਂ ਆਪਣੇ ਬਾਰੇ ਅਤੇ ਆਪਣੀ ਦੁਨੀਆ ਬਾਰੇ ਕੁਝ ਨਹੀਂ ਜਾਣਦੇ: ਪਰੰਤੂ ਜਦੋਂ ਨੀਂਦ ਵਿੱਚੋਂ ਜਾਗ੍ਰਤ ਵਿੱਚ ਆਉਂਦੇ ਹਾਂ ਤਾਂ ਆਖਦੇ ਹਾਂ, "ਅੱਜ ਬਹੁਤ ਗੂਹੜੀ ਨੀਂਦ ਆਈ: ਖੂਬ ਸੁੱਤੇ ਬਹੁਤ ਸੁਖ ਹੋਇਆ ।" ਅਜੋਕਾ ਵਿਗਿਆਨੀ ਆਖੇਗਾ ਕਿ ਗੂਹੜੀ ਨੀਂਦ ਵਿੱਚੋਂ ਬਾਹਰ ਆਉਣ ਉੱਤੇ ਸਾਡੀ ਮਾਨਸਿਕ ਅਤੇ ਸਰੀਰਕ ਸ਼ਕਤੀ ਪਰਤ ਆਉਂਦੀ ਹੈ। ਇਸ ਕਾਰਨ ਸਰੀਰ ਦੇ ਅੰਗਾਂ ਅਤੇ ਸਾਡੇ ਮਨ ਵਿੱਚ ਇੱਕ ਪ੍ਰਕਾਰ ਦਾ ਸੁਖ ਸਮਾਅ ਜਾਂਦਾ ਹੈ, ਜਿਸ ਦੇ ਪ੍ਰਭਾਵ ਨੂੰ ਅਸੀਂ ਇਹ ਕਹਿ ਕੇ ਪ੍ਰਗਟ ਕਰਦੇ ਹਾਂ, "ਅੱਜ ਬਹੁਤ ਨੀਂਦ ਆਈ, ਬਹੁਤ ਸੁਖ ਹੋਇਆ।" ਇਹ ਸੁਖੋਪਤ ਦੀ ਸਮ੍ਰਿਤੀ ਨਹੀਂ, ਸਗੋਂ ਜਾਗ੍ਰਤ ਦਾ ਅਨੁਭਵ ਹੈ।
ਮੱਧਕਾਲ ਅਤੇ ਪੁਰਾਤਨਕਾਲ ਦਾ ਅਧਿਆਤਮਵਾਦੀ ਕਹਿੰਦਾ ਸੀ, "ਨੀਂਦ ਵਿੱਚ ਮਨੁੱਖੀ ਮਨ ਸੰਪੂਰਣ ਰੂਪ ਵਿੱਚ ਅਗਿਆਨ ਦੀ ਅਵਸਥਾ ਵਿੱਚ ਹੁੰਦਾ ਹੈ। ਅਗਿਆਨ ਦੀ ਅਵਸਥਾ ਵਿੱਚ ਦੁਖ-ਸੁਖ ਦਾ ਅਨੁਭਵ ਜਾਂ ਉਸ ਅਨੁਭਵ ਦੀ ਸਮ੍ਰਿਤੀ (ਯਾਦ) ਸੰਭਵ ਨਹੀਂ। ਗੁਹੜੀ ਨੀਂਦ ਵਿੱਚੋਂ ਜਾਗ ਕੇ ਜੋ ਸਾਨੂੰ ਸੁਖ ਦੀ ਸਮ੍ਰਿਤੀ ਹੈ ਤਾਂ ਇਸ ਦਾ ਇਹ ਭਾਵ ਹੈ ਕਿ ਉਹ ਸਮ੍ਰਿਤੀ ਮਨ ਨੂੰ ਨਹੀਂ ਕਿਸੇ ਹੋਰ ਨੂੰ ਹੈ ਜੋ ਗੂਹੜੀ ਨੀਂਦ ਵਿੱਚ ਵੀ ਜਾਗਦਾ ਹੈ; ਜੋ ਸਦਾ ਜਾਗਦਾ ਹੈ। ਇਹ ਸਦਾ ਜਾਗਣ ਵਾਲਾ ਸਾਡਾ ਆਤਮਾ ਹੈ ਜਾਂ ਸਾਡੀ ਆਤਮਾ ਹੈ। ਜਦੋਂ ਅਸੀਂ ਗੁਹੜੀ ਨੀਂਦ ਵਿੱਚ ਹੁੰਦੇ ਹਾਂ ਉਦੋਂ ਸਾਡੇ ਜੀਵਨ ਵਿਚਲੇ ਦੁੱਖਾਂ-ਸੁੱਖਾਂ ਦਾ