"ਜੇ ਕਿਸੇ ਜੁਗਤੀ ਜਾਂ ਅਭਿਆਸ ਨਾਲ ਅਸੀਂ ਜਾਗਦਿਆਂ ਹੋਇਆ ਆਤਮਾ ਦੇ ਅਧਿਕਾਰ ਵਿੱਚ ਰਹਿਣ ਦੀ ਜਾਚ ਸਿੱਖ ਲਈਏ ਤਾਂ ਜਾਗ੍ਰਤ ਵਿੱਚ ਵੀ ਗੂਹੜੀ ਨੀਂਦ ਵਾਲੇ ਸੁਖ ਮਾਣ ਸਕਦੇ ਹਾਂ; ਜਾਂ ਦੁਖ-ਸੁਖ ਤੋਂ ਪਰੇ ਰਹਿ ਸਕਦੇ ਹਾਂ। ਜਾਗ੍ਰਤ ਅਵਸਥਾ ਵਿੱਚ ਦੁਖ- ਸੁਖ ਅਤੇ ਹਰਖ-ਸੋਗ ਤੋਂ ਪਰੇ ਹੋਣਾ ਆਨੰਦ ਜਾਂ ਪਰਮ ਸੁਖ ਵਿੱਚ ਹੋਣਾ ਹੈ।"
ਇਸ ਅਵਸਥਾ ਵਿੱਚ ਜਾਣ ਦਾ ਭੇਤ ਮਨ ਨੂੰ ਸੁਖੋਪਤ ਵਿੱਚ ਲੈ ਜਾਣ ਵਿੱਚ ਹੈ। ਇਸ ਗੱਲ ਨੂੰ 'ਮਨ ਮਾਰਨਾ', 'ਮਨ ਉੱਤੇ ਕਾਬੂ ਪਾਉਣਾ', 'ਮਨ ਨੂੰ ਸ਼ਾਂਤ ਕਰਨਾ', 'ਮਨ ਨੂੰ ਇਕਾਗਰ ਕਰਨਾ' ਜਾਂ 'ਚਿਤ ਵਿਤੀ ਦਾ ਨਿਰੋਧ ਕਰਨਾ' ਆਖਿਆ ਜਾਂਦਾ ਹੈ। ਸਰੀਰ ਦੇ ਜਾਗਦਿਆਂ ਹੋਇਆਂ ਮਨ ਦੀ ਗੂਹੜੀ ਨੀਂਦ ਵਿੱਚ ਜਾਣਾ ਅਤੇ ਗੂਹੜੀ ਨੀਂਦ ਵਿੱਚ ਹੁੰਦਿਆਂ ਹੋਇਆਂ ਮਨ ਦੁਆਰਾ ਸਰੀਰ ਦਾ ਸਾਥ ਦਿੱਤਾ ਜਾਣਾ ਬਹੁਤ ਹੀ ਅਨੋਖੀ ਗੱਲ ਹੈ।
ਇਸ ਅਨੋਖੀ ਪ੍ਰਾਪਤੀ ਦੇ ਸਾਧਨ ਵੀ ਅਨੋਖੇ ਅਤੇ ਔਖੇ ਹਨ। ਆਨੰਦ ਦੀ ਅਵਸਥਾ ਦੀ ਜੋ ਵਿਆਖਿਆ ਹੁੰਦੀ ਆਈ ਹੈ ਅਤੇ ਇਸ ਅਵਸਥਾ ਦੀ ਪ੍ਰਾਪਤੀ ਦੇ ਜਿਹੜੇ ਸਾਧਨ ਦੱਸੇ ਗਏ ਹਨ ਉਨ੍ਹਾਂ ਦੀ ਰੋਸ਼ਨੀ ਵਿੱਚ(1) ਆਧੁਨਿਕ ਜੀਵਨ: (2) ਮਨੁੱਖੀ ਮਨ; (3) ਖ਼ੁਸ਼ੀ ਅਤੇ (4) 'ਆਨੰਦ' ਦੇ ਆਪਸੀ ਸੰਬੰਧਾਂ ਦੀ ਵਿਆਖਿਆ ਕਰ ਕੇ ਜੀਵਨ ਵਿੱਚ 'ਖ਼ੁਸੀ' ਅਤੇ 'ਆਨੰਦ' ਦਾ ਸਥਾਨ ਨਿਯਤ ਕਰਨ ਦੇ ਖ਼ਿਆਲ ਨਾਲ ਇਹ ਲੇਖ ਲਿਖਿਆ ਜਾ ਰਿਹਾ ਹੈ।
ਸੁਖ, ਸਵਾਦ ਅਤੇ ਖੁਸ਼ੀ ਤਿੰਨ ਅਜਿਹੇ ਮਨੋਰਥ ਹਨ, ਜਿਨ੍ਹਾਂ ਦੀ ਪ੍ਰਾਪਤੀ ਦਾ (ਚੇਤ ਜਾਂ ਅਚੇਤ) ਜਤਨ ਸੁਰੱਖਿਆ ਦੀ ਪ੍ਰਾਪਤੀ ਤੋਂ ਪਿੱਛੋਂ, ਸਦਾ ਜਾਰੀ ਰਹਿੰਦਾ ਹੈ। ਸਾਧਾਰਣ ਜੀਵਨ ਦੀਆਂ ਸਾਧਾਰਣ ਪਰਿਸਥਿਤੀਆਂ ਵਿੱਚ ਇਹ ਤਿੰਨੇ ਇੱਕ ਦੂਜੇ ਦੇ ਨੇੜਲੇ ਸੰਬੰਧੀ ਹਨ। ਇੱਕ ਦੀ ਹਾਜ਼ਰੀ ਜਾਂ ਗੈਰ-ਹਾਜ਼ਰੀ ਦੂਜੇ ਦੀ ਹੋਂਦ ਨੂੰ ਪ੍ਰਭਾਵਿਤ ਕਰ ਦਿੰਦੀ ਹੈ। ਸਰੀਰਕ ਦੁਖ ਸਾਡੇ ਸਵਾਦਾਂ ਦੀ ਹੋਂਦ ਨੂੰ ਉੱਕਾ ਖ਼ਤਮ ਕਰ ਸਕਦੇ ਹਨ ਅਤੇ ਖੁਸ਼ੀ ਦੀ ਅਣਹੋਂਦ ਜਾ ਚਿੰਤਾ ਦੀ ਹਾਲਤ ਵਿੱਚ ਵੱਡੇ ਵੱਡੇ ਸੁਖ ਅਣਹੋਏ ਹੋ ਜਾਂਦੇ ਹਨ। ਕੁਝ ਲੋਕ ਸੁਖ ਦੀ ਅਣਹੋਂਦ ਵਿੱਚ ਵੀ ਖ਼ੁਸ਼ ਰਹਿ ਲੈਂਦੇ ਹਨ ਪਰ ਉਨ੍ਹਾਂ ਲੋਕਾਂ ਨੂੰ ਜਾਂ ਉਨ੍ਹਾਂ ਦੇ ਜੀਵਨ ਦੀਆਂ ਪਰਿਸਥਿਤੀਆਂ ਨੂੰ ਸਾਧਾਰਣ ਨਹੀਂ ਆਖਿਆ ਜਾ ਸਕਦਾ।
ਚੇਤਨ ਤੌਰ ਉੱਤੇ ਚਾਹੇ ਜਾਣ ਵਾਲੇ ਅਤੇ ਉਚੇਚੇ ਜਤਨ ਨਾਲ ਪ੍ਰਾਪਤ ਕੀਤੇ ਜਾਣ ਵਾਲੇ ਇਨ੍ਹਾਂ ਪਦਾਰਥਕ ਅਤੇ ਸਮਾਜਕ ਮਨੋਰਥਾਂ ਤੋਂ ਵੱਖਰਾ ਹੈ 'ਆਨੰਦ' ਦਾ ਮਨੋਰਥ । ਇਹ ਉਪਰੋਕਤ ਮਨੋਰਥਾਂ ਨਾਲੋਂ ਕਈ ਰੂਪਾਂ ਵਿੱਚ ਵੱਖਰਾ ਹੈ। ਪਹਿਲਾ ਇਹ ਕਿ ਇਹ ਸਰਵ- ਵਿਆਪਕ ਨਹੀਂ; ਜਾਂ ਇਹ ਕਿ ਇਸ ਦੀ ਹੋਂਦ ਦਾ ਗਿਆਨ ਸਰਵ-ਵਿਆਪਕ ਨਹੀਂ; ਦੂਜਾ ਇਹ ਕਿ ਇਸ ਦੀ ਪ੍ਰਾਪਤੀ ਦੀ ਇੱਛਾ ਅਤੇ ਚੇਸ਼ਟਾ ਸਰਵ ਵਿਆਪਕ ਨਹੀਂ: ਤੀਜਾ ਇਹ ਕਿ ਇਸ ਦੀ ਪ੍ਰਾਪਤੀ ਦੇ ਤਰੀਕੇ ਸਾਧਾਰਣ ਜੀਵਨ ਦੀ ਕਿਰਿਆ ਤੋਂ ਵੱਖਰੇ ਹਨ; ਚੋਥਾ ਇਹ ਕਿ ਇਹ ਸਾਧਾਰਣ ਸੰਬੰਧਾਂ ਦੀ ਉਪਜ ਨਹੀਂ; ਪੰਜਵਾਂ ਇਹ ਕਿ ਇਹ ਦੂਜਿਆਂ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ (ਉਪਰੋਕਤ ਸਾਰੇ ਵਖੇਵਿਆਂ ਦੇ ਕਾਰਨ) ਛੇਵਾਂ ਇਹ ਕਿ ਇਹ ਮਨੁੱਖ ਨੂੰ ਅੰਤਰਮੁਖੀ ਹੋਣ ਲਈ ਪ੍ਰੇਰਣ ਦੀ ਰੁਚੀ ਰੱਖਦਾ ਹੈ।