

ਪਰਿਵਾਰ ਵਿੱਚ ਵੀ ਸਤਿਕਾਰ ਦੀ ਭਾਵਨਾ ਦੀ ਘਾਟ ਉਵੇਂ ਹੀ ਆਮ ਹੁੰਦੀ ਹੈ ਜਿਵੇਂ ਸਮਾਜਕ ਜੀਵਨ ਵਿੱਚ ਹੁੰਦੀ ਹੈ। ਸਾਡੇ ਪਰਿਵਾਰਕ ਜੀਵਨ ਦਾ ਆਰੰਭ ਬਚਪਨ ਨਾਲ ਹੁੰਦਾ ਹੈ। ਬਚਪਨ ਵਿੱਚ ਸਾਨੂੰ ਆਪਣੀਆਂ ਕਮਜ਼ੋਰੀਆਂ ਦਾ ਅਹਿਸਾਸ ਹੁੰਦਾ ਹੈ। ਅਸੀਂ ਉਨ੍ਹਾਂ ਕਮਜ਼ੋਰੀਆਂ ਲਈ ਸ਼ਰਮਸਾਰ ਨਹੀਂ ਹੁੰਦੇ। ਉਨ੍ਹਾਂ ਕਮਜ਼ੋਰੀਆਂ ਤੋਂ ਉੱਪਰ ਉੱਠਣ ਦੀ ਕੁਦਰਤੀ ਇੱਛਾ ਸਾਡੇ ਵਿੱਚ ਹੁੰਦੀ ਹੈ; ਅਤੇ ਆਪਣੇ ਨਾਲੋਂ ਵੱਡਿਆਂ ਦੀ ਮਿਸਾਲ ਸਾਡੇ ਲਈ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੁੰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਅਸੀਂ ਸਤਿਕਾਰ ਦੀ ਸੱਭਿਅ ਸਮਾਜਕ ਭਾਵਨਾ ਨੂੰ ਅਪਣਾਉਣ ਲਈ ਤਿਆਰ ਹੁੰਦੇ ਹਾਂ: ਨਿਰੇ ਤਿਆਰ ਹੀ ਨਹੀਂ, ਅਸੀਂ ਸਤਿਕਾਰ ਦੀ ਪ੍ਰਬਲ ਇੱਛਾ ਕਰਦੇ ਹਾਂ। ਬੱਚੇ ਹੋਣ ਕਰਕੇ ਸਾਡੇ ਕੋਲੋਂ ਕੁਝ ਅਜੇਹਾ ਵੀ ਹੁੰਦਾ ਹੈ ਜਿਸ ਨੂੰ ਅਸੀਂ ਭਾਵੇਂ ਗਲਤੀ ਨਾ ਸਮਝਦੇ ਹੋਈਏ, ਸਾਡੇ ਵੰਡੇ ਉਸ ਨੂੰ ਸਾਡੀ ਗਲਤੀ ਜਾਂ ਸ਼ਰਾਰਤ ਸਮਝਦੇ ਹਨ। ਸਾਨੂੰ ਹਰ ਗਲਤੀ ਅਤੇ ਸ਼ਰਾਰਤ ਦੀ ਸਜ਼ਾ ਦਿੱਤੀ ਜਾਂਦੀ ਹੈ। ਅਜੀਬ ਹਾਲਤ ਹੁੰਦੀ ਹੈ ਸਾਡੀ, ਜਦੋਂ ਅਸੀਂ ਵੇਖਦੇ ਹਾਂ ਕਿ ਵੱਡਿਆਂ ਦੀ ਲੋੜ ਅਤੇ ਇੱਛਾ ਅਨੁਸਾਰ ਘਰ ਦਾ ਵਿਧਾਨ ਬਦਲਦਾ ਰਹਿੰਦਾ ਹੈ ਅਤੇ ਜਿਨ੍ਹਾਂ ਗਲਤੀਆਂ ਦੀ ਸਾਨੂੰ ਸਜ਼ਾ ਦਿੱਤੀ ਜਾਂਦੀ ਹੈ ਉਨ੍ਹਾਂ ਹੀ ਗਲਤੀਆਂ ਅਤੇ ਸ਼ਰਾਰਤਾਂ ਨੂੰ, ਵੱਡੇ ਆਪਣੇ ਮਨੋਰੰਜਨ ਲਈ, ਆਪਣੇ ਵਰਗੇ ਵੱਡਿਆਂ ਸਾਮ੍ਹਣੇ ਦੁਹਰਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ। ਭੈ ਜਾਂ ਦੰਡ ਦੀ ਬੇ-ਰੋਕ ਅਤੇ ਲਗਾਤਾਰੀ ਵਰਤੋਂ ਸਾਡੇ ਮਨਾਂ ਵਿੱਚੋਂ ਸਤਿਕਾਰ ਦੀ ਭਾਵਨਾ ਦਾ ਅੰਤ ਕਰ ਦਿੰਦੀ ਹੈ ਅਸੀਂ ਡਰ ਅਧੀਨ ਆਪਣੇ ਲਈ ਸਹੂਲਤੀ ਵਤੀਰੇ ਦੀ ਚੋਣ ਅਤੇ ਵਰਤੋਂ ਕਰਦੇ ਹਾਂ। ਇਸ ਵਰਤੋਂ ਨੂੰ ਸਾਡੇ ਵੱਡੇ ਸਤਿਕਾਰ ਜਾਂ ਆਦਰ ਸਮਝਦੇ ਰਹਿੰਦੇ ਹਨ। ਘਰ ਦਾ ਕੰਮ ਚੱਲਦਾ ਰਹਿੰਦਾ ਹੈ।
ਬਚਪਨ ਬੀਤ ਜਾਣ ਉੱਤੇ ਪਤੀ-ਪਤਨੀ ਦੇ ਰੂਪ ਵਿੱਚ ਸਾਡਾ ਸੰਬੰਧ ਆਪਣੇ ਬਰਾਬਰ ਦੇ ਵਿਅਕਤੀ ਨਾਲ ਹੁੰਦਾ ਹੈ। ਸ਼ਕਤੀ ਦੇ ਸਹਾਰੇ ਅਤੇ ਧਾਰਮਿਕ-ਸਮਾਜਕ-ਆਰਥਕ ਨੀਂਹਾਂ ਉੱਤੇ ਉੱਸਰੀ ਹੋਈ ਸੱਭਿਅਤਾ ਪਤੀ-ਪਤਨੀ ਵਿੱਚ ਬਰਾਬਰੀ ਅਤੇ ਸਤਿਕਾਰ ਦਾ ਸੰਬੰਧ ਸਥਾਪਤ ਨਹੀਂ ਹੋਣ ਦਿੰਦੀ। ਅੱਜ ਤੋਂ ਪੰਜਾਹ ਕੁ ਸਾਲ ਪਹਿਲਾਂ ਤਕ ਇਸਤਰੀ ਨੂੰ ਘਰ- ਸੰਸਾਰ ਵਿੱਚ ਦੂਜੇ ਨੰਬਰ ਦਾ ਨਾਗਰਿਕ ਮੰਨਿਆ ਜਾਂਦਾ ਸੀ; ਹੁਣ ਉਸ ਨੂੰ, ਇਸ ਦੇ ਨਾਲ ਨਾਲ, ਦਾਜ ਅਤੇ ਨੌਕਰੀ ਰਾਹੀਂ ਆਰਥਕ ਸਮੱਸਿਆ ਦਾ ਹੱਲ ਮੰਨਿਆ ਜਾਣ ਲੱਗ ਪਿਆ ਹੈ। ਇਸ ਤਬਦੀਲੀ ਨੇ ਦੋਹਾਂ ਦੇ ਸਮਾਜਕ-ਪਰਿਵਾਰਕ ਸਥਾਨ ਵਿੱਚ ਕੋਈ ਸਾਰਥਕ ਅਤੇ ਸੁੰਦਰ ਤਬਦੀਲੀ ਨਹੀਂ ਕੀਤੀ। ਇਸਤਰੀ ਅਜੇ ਵੀ ਮਰਦ ਜਿੰਨੇ ਸਤਿਕਾਰ ਦੀ ਹੱਕਦਾਰ