

ਅਸੀਂ ਮਮਤਾ ਉੱਤੇ ਲੋੜੋਂ ਵੱਧ ਨਿਰਭਰ ਕਰਦੇ ਹਾਂ। ਇਹ ਇੱਕ ਪਾਸਾ ਰਿਸ਼ਤਾ ਹੈ। ਮਾਪਿਆਂ ਦੇ ਮਨਾਂ ਵਿੱਚ ਬੱਚਿਆਂ ਲਈ ਮਮਤਾ ਹੁੰਦੀ ਹੈ; ਬੱਚਿਆਂ ਦੇ ਦਿਲ ਵਿੱਚ ਨਹੀਂ। ਜਦੋਂ ਬੱਚੇ ਵੱਡੇ ਹੋ ਕੇ ਮਾਪੇ ਬਣ ਜਾਂਦੇ ਹਨ, ਉਦੋਂ ਉਨ੍ਹਾਂ ਦੇ ਮਨਾਂ ਵਿੱਚ ਆਪਣੇ ਬੱਚਿਆਂ ਲਈ ਮਮਤਾ ਉਗਮ ਪੈਂਦੀ ਹੈ। ਆਪਣੇ ਮਾਪਿਆਂ ਨੂੰ ਉਨ੍ਹਾਂ ਨੇ ਸਤਿਕਾਰਯੋਗ ਮਿੱਤ੍ਰਤਾ ਦੇਣੀ ਹੁੰਦੀ ਹੈ। ਇਹ ਰਿਸ਼ਤਾ ਇੱਕ ਪਾਸਾ ਨਹੀਂ । ਮਾਪਿਆਂ ਨੂੰ ਸਤਿਕਾਰਯੋਗ ਮਿੱਤ੍ਰਤਾ ਤਾਂ ਮਿਲਨੀ ਹੈ, ਜੋ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਬਚਪਨ ਵਿੱਚ ਦਿੱਤੀ ਸੀ। ਜੇ ਮਾਪੇ ਬੱਚਿਆਂ ਦਾ ਸਤਿਕਾਰ ਨਹੀਂ ਕਰ ਸਕੇ ਤਾਂ ਉਨ੍ਹਾਂ ਨੇ ਪੀੜ੍ਹੀ-ਪਾੜੇ ਦੀ ਫਸਲ ਬੀਜ ਲਈ ਹੈ। ਇਹ ਫ਼ਸਲ ਸਾਡੀ 'ਭੁੱਲ' ਦਾ ਨਤੀਜਾ ਹੈ; ਸਾਡੀ 'ਉਮਰ' ਅਤੇ ਸਾਡੀਆਂ 'ਪਸੰਦਾਂ' ਦੇ ਅੰਤਰ ਦਾ ਪ੍ਰਭਾਵ ਨਹੀਂ। ਦਾਦੇ ਅਤੇ ਪੋਤੇ ਦੀ ਉਮਰ ਵਿੱਚ ਪਿਉ ਅਤੇ ਪੁੱਤਰ ਦੀ ਉਮਰ ਨਾਲੋਂ ਬਹੁਤਾ ਫਰਕ ਹੁੰਦਾ ਹੈ ਪ੍ਰੰਤੂ ਪੀੜ੍ਹੀ-ਪਾੜਾ ਨਹੀਂ ਹੁੰਦਾ। ਇੱਕ ਦੇ ਬੁਢਾਪੇ ਅਤੇ ਦੂਜੇ ਦੇ ਬਚਪਨ ਵਿੱਚ ਕੁਝ ਸਾਂਝਾ ਹੁੰਦਾ ਹੈ, ਜਿਹੜਾ ਇਸ ਪਾੜੇ ਨੂੰ ਮੇਲਣ ਦੀ ਜਾਦੂਗਰੀ ਕਰ ਦਿੰਦਾ ਹੈ।
ਸਤਿਕਾਰ ਵਿੱਚ ਆਪਣੀ ਇੱਕ ਸੁੰਦਰਤਾ ਹੈ। ਜੇ ਇਹ ਸੁੰਦਰਤਾ ਕਿਸੇ ਕਾਰਨ ਪ੍ਰਸੰਨਤਾ ਵਿੱਚ ਨਾ ਹੀ ਉਲਬਾਈ ਜਾ ਸਕੇ ਤਾਂ ਵੀ ਸੁੰਦਰਤਾ ਤੋਂ ਬਦਲ ਕੇ ਕੁਰੂਪਤਾ ਨਹੀਂ ਬਣੇਗੀ। ਸਤਿਕਾਰ ਜੀਵਨ ਦੀ ਸੁੰਦਰਤਾ ਹੈ। ਸਤਿਕਾਰ ਦੀ ਆਦਤ ਸੁੰਦਰਤਾ ਦੀ ਉਪਾਸ਼ਨਾ ਹੈ। ਸੁੰਦਰਤਾ ਦੇ ਉਪਾਸ਼ਕ ਦਾ ਨਿਰਾਦਰ ਕਰਨਾ ਬਹੁਤ ਔਖਾ ਹੈ। ਕੋਈ ਓਪਰਾ ਵੀ ਅਜੇਹਾ ਨਹੀਂ ਕਰ ਸਕਦਾ; ਸਾਡੇ ਆਪਣੇ ਬੱਚੇ ਕਿਵੇਂ ਕਰ ਸਕਦੇ ਹਨ। ਹਾਂ, ਸੁੰਦਰਤਾ ਦੀ ਉਪਾਸ਼ਨਾ ਜ਼ਰਾ ਔਖੀ ਹੈ।