

ਪਰੰਤੂ ਮੈਂ ਇਨ੍ਹਾਂ ਸੁਹਣੇ ਸ਼ੌਕਾਂ ਨੂੰ ਉਲਾਰ ਆਖਣ ਲਈ ਮਜਬੂਰ ਹਾਂ। ਸਾਧਾਰਣ ਸੰਤੁਲਿਤ ਜੀਵਨ ਵਿੱਚੋਂ ਪ੍ਰਾਪਤ ਹੋਣ ਵਾਲੀ 'ਪ੍ਰਸੰਨਤਾ' ਅਤੇ ਉਚੇਚੇ ਸ਼ੌਕਾਂ ਦੀ ਪੂਰਤੀ ਵਿੱਚੋਂ ਉਪਜਣ ਵਾਲੀ 'ਉਤੇਜਨਾ' ਵਿੱਚ ਕੋਈ ਸਾਂਝ ਨਹੀਂ। ਹਰ ਸ਼ੌਕ ਜੀਵਨ ਦਾ ਨਿੱਕਾ ਜਾਂ ਵੱਡਾ ਹਿੱਸਾ ਹੈ ਅਤੇ ਹਿੱਸਾ ਜਾਂ ਅੰਸ਼ ਸਮੁੱਚੇ ਜੀਵਨ ਨਾਲੋਂ ਵੱਡਾ ਜਾਂ ਉਸ ਦੇ ਬਰਾਬਰ ਨਹੀਂ ਹੋ ਸਕਦਾ। ਇਸ ਲਈ ਜੇ ਤਾਂ ਸਾਡੇ ਸ਼ੌਕ ਸਮੁੱਚੇ ਜੀਵਨ ਦੀ ਸਾਧਾਰਣ ਖੁਸ਼ੀ ਅਤੇ ਸੁੰਦਰਤਾ ਦਾ ਸਾਧਾਰਣ ਹਿੱਸਾ ਹਨ ਤਾਂ ਉਹ ਜੀਵਨ ਵਿੱਚ ਪ੍ਰਸੰਨਤਾ ਪੈਦਾ ਕਰਨ ਅਤੇ ਵਧਾਉਣ ਵਿੱਚ ਸਹਾਈ ਹੋਣਗੇ ਪਰੰਤੂ ਜੇ ਕੋਈ ਸ਼ੌਕ ਸਾਡੀ ਸਾਧਾਰਣ ਜੀਵਨ ਜਾਚ ਨਾਲੋਂ ਬਹੁਤ ਵੱਡਾ ਜਾਂ ਮਹੱਤਵਪੂਰਣ ਬਣ ਜਾਵੇਗਾ ਤਾਂ ਉਹ ਸਾਡੇ ਜੀਵਨ ਦੀ ਪ੍ਰਸੰਨਤਾ ਨੂੰ ਘਟਾਉਣ ਦਾ ਦੇਸ਼ੀ ਹੋ ਜਾਵੇਗਾ।
ਜਿਨ੍ਹਾਂ ਲੋਕਾਂ ਵਿੱਚ ਮਨ ਦਾ ਕੋਈ ਵੇਗ, ਕਲਾ ਦੀ ਕੋਈ ਪ੍ਰਸ਼ੀਣਤਾ ਜਾਂ ਹਿਰਦੇ ਦਾ ਕੋਈ ਅਹਿਸਾਸ ਕਿਸੇ ਉਚੇਚੀ ਤੀਬਰਤਾ ਦਾ ਧਾਰਣੀ ਬਣ ਜਾਂਦਾ ਹੈ, ਉਨ੍ਹਾਂ ਲੋਕਾਂ ਨੂੰ ਕਵਿਤਾ, ਕਲਾ, ਦਰਬਨ, ਵਿਗਿਆਨ, ਸੰਗੀਤ, ਨ੍ਰਿਤ, ਗਿਆਨ ਅਤੇ ਧਰਮ ਆਦਿਕ ਵਿੱਚ ਕਿਸੇ ਇੱਕ ਪਾਸੇ ਦੀ ਲਗਨ ਲੱਗ ਜਾਂਦੀ ਹੈ। ਆਪਣੇ ਲਕਸ਼ ਦੀ ਸਿੱਧੀ ਉਨ੍ਹਾਂ ਦੇ ਜੀਵਨ ਦਾ ਮੂਲ ਮਨੋਰਥ ਬਣ ਜਾਂਦਾ ਹੈ। ਇਸ ਪ੍ਰਕਾਰ ਦੀ ਕਿਸੇ ਲਗਨ ਨੂੰ ਸਾਧਾਰਣ ਆਦਮੀ ਦੇ ਸਾਧਾਰਣ ਸ਼ੋਕ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਅਜਿਹੀ ਲਗਨ ਵਾਲੇ ਆਦਮੀ ਇੱਕ-ਪੱਖੀ ਪ੍ਰਤਿਭਾ ਦੇ ਮਾਲਕ ਹੁੰਦੇ ਹਨ ਅਤੇ ਕਈ ਵੇਰ ਮਹਾਨ ਪ੍ਰਾਪਤੀਆਂ ਵੀ ਕਰ ਲੈਂਦੇ ਹਨ, ਤਾਂ ਵੀ ਉਨ੍ਹਾਂ ਨੂੰ ਜ਼ਿੰਦਾ ਦਿਲ ਅਤੇ ਪ੍ਰਸੇਨ ਮਨੁੱਖ ਨਹੀਂ ਆਖਿਆ ਜਾ ਸਕਦਾ। ਪ੍ਰਸੰਨਤਾ ਲਈ ਮਨੁੱਖ ਦਾ ਸਾਂਵਾਂ ਵਿਕਾਸ ਜ਼ਰੂਰੀ ਹੈ। ਇੱਕ ਪੱਖੀ ਵਿਕਾਸ ਵਾਲੇ ਲੋਕ ਜੀਵਨ ਦੇ ਉਸ ਪੱਖ ਵਿੱਚੋਂ ਵੀ ਬਹੁਤੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦੇ ਕਿਉਂਜ ਉਨ੍ਹਾਂ ਵਿੱਚ ਆਪਣੇ ਪਿੜ ਦੇ ਸਫਲ ਵਿਅਕਤੀਆਂ ਪ੍ਰਤੀ ਓਨੀ ਹੀ ਬਹੁਤੀ ਈਰਖਾ ਹੁੰਦੀ ਹੈ ਜਿੰਨੀ ਵੱਡੀ ਪ੍ਰਤਿਭਾ ਦੇ ਉਹ ਮਾਲਕ ਹੋਣ।
ਜਿਹੜੀ ਗੱਲ ਉਲਾਰ ਪ੍ਰਤਿਭਾ ਦੇ ਸੰਬੰਧ ਵਿੱਚ ਆਖੀ ਜਾ ਸਕਦੀ ਹੈ, ਉਹੋ ਗੱਲ ਉਨ੍ਹਾਂ ਲੋਕਾਂ ਲਈ ਵੀ ਆਖੀ ਜਾ ਸਕਦੀ ਹੈ ਜਿਨ੍ਹਾਂ ਦਾ ਸ਼ੌਕ ਸਮੁੱਚੇ ਜੀਵਨ ਨੂੰ ਭਰਪੂਰਤਾ ਨਾਲ ਜੀਣ ਦੀ ਥਾਂ ਜੀਵਨ ਦੇ ਕਿਸੇ ਇੱਕ ਪੱਖ ਜਾਂ ਰੁਝੇਵੇਂ ਦੀ ਵਲਗਣ ਵਿੱਚ ਘਿਰ ਗਿਆ ਹੋਵੇ। ਇਹ ਸ਼ੌਕ ਬਾਗਬਾਨੀ ਦਾ ਹੈ ਜਾਂ ਸ਼ਤਰੰਜ ਖੇਡਣ ਦਾ ਜਾਂ ਕ੍ਰਿਕਟ ਦਾ ਮੈਚ ਵੇਖਣ ਦਾ, ਜੇ ਇਹ ਸਾਨੂੰ ਸਾਡੇ ਸਾਧਾਰਣ ਜੀਵਨ ਦੀਆਂ ਸਾਧਾਰਣ ਜ਼ਿੰਮੇਦਾਰੀਆਂ ਤੋਂ ਬੇ-ਮੁੱਖ ਜਾਂ ਅਵੇਸਲੇ ਹੋਣ ਦੀ ਸਲਾਹ ਦਿੰਦਾ ਹੈ ਤਾਂ ਇਹ ਸਾਡੇ ਸਮੁੱਚੇ ਆਪੋ ਨੂੰ ਆਪਣੇ ਵਿੱਚ ਲੀਨ ਨਹੀਂ ਕਰ ਸਕਦਾ। ਹੱਦੋਂ ਵਧਿਆ ਹਰ ਸ਼ੌਕ ਸਾਡਾ ਸਮੁੱਚਾ ਆਪਾ ਬਣਨ ਦਾ 'ਜਤਨ' ਕਰਦਾ ਹੈ ਜਾਂ ਸਾਡਾ ਸਮੁੱਚਾ ਆਪਾ ਹੋਣ ਦਾ 'ਭੁਲੇਖਾ' ਪਾਉਂਦਾ ਹੈ। ਇਸ ਕੰਮ ਵਿੱਚ ਸਫਲ ਹੋ ਜਾਣ ਵਾਲਾ ਸ਼ੋਕ ਸਾਡੇ ਵਿਅਕਤਿਤਵ ਦੇ ਬਾਕੀ ਸਾਰੇ ਪੱਖਾਂ ਦੀ ਹਾਨੀ ਕਰਦਾ ਹੈ। ਇਹ ਇੱਕ ਪ੍ਰਕਾਰ ਦਾ ਅਮਲ ਜਾਂ ਨਸ਼ਾ ਬਣ ਜਾਂਦਾ ਹੈ। ਇਹ ਜੀਵਨ ਦੇ ਪਾਣੀ ਵਿੱਚ ਘੁਲੀ ਹੋਈ ਮਿਸਰੀ ਵਾਂਗ ਮਿਠਾਸ ਦਾ ਰੂਪ ਨਹੀਂ ਧਾਰਣ ਕਰਦਾ, ਸਗੋਂ ਭਰੇ ਗਲਾਸ ਦੇ ਥੱਲੇ ਬੈਠੇ ਗੁੜ ਵਾਂਗ ਹੇਠਲੇ ਉਸ ਘੁੱਟ ਕੁ ਪਾਣੀ ਨੂੰ ਲੋੜੀਂ ਬਹੁਤਾ ਮਿੱਠਾ ਕਰ ਦਿੰਦਾ ਹੈ ਜਿਸ ਤਕ ਪੁੱਜਣ ਲਈ, ਪਿਆਸੇ ਨੂੰ ਕਿੰਨੇ ਸਾਰੇ ਬੇ-ਸਵਾਦੇ ਘੁੱਟ ਭਰਨ ਦੀ ਮਜਬੂਰੀ ਹੁੰਦੀ ਹੈ।