Back ArrowLogo
Info
Profile
ਜਿਨ੍ਹਾਂ ਲੋਕਾਂ ਨੂੰ ਸ੍ਰੇਸ਼ਟ ਮੰਨਿਆ ਜਾਂਦਾ ਹੈ, ਉਨ੍ਹਾਂ ਦੇ ਸੰਬੰਧ ਵਿੱਚ ਵਧੇਰੇ ਖ਼ਬਰਦਾਰ ਰਹਿਣ ਦੀ ਲੋੜ ਹੈ ਕਿ ਉਹ ਸਾਡਾ ਬਹੁਤਾ ਧਿਆਨ ਅਤੇ ਬਹੁਤਾ ਉੱਦਮ ਲੈ ਕੇ ਸਾਨੂੰ ਜੀਵਨ ਦੇ ਦੂਜੇ ਪੱਖਾਂ ਵਿੱਚ ਭਰਪੂਰ ਯੋਗਦਾਨ ਦੇਣ ਰੋਕਣ ਦੀ ਖ਼ੁਦਗਰਜ਼ੀ ਨਾ ਕਰਨ। ਸ੍ਰੇਸ਼ਟ ਸਾਹਿਤ ਪੜ੍ਹਨ, ਆਪਣੇ ਮਿੱਤ੍ਰਾਂ ਅਤੇ ਸੰਬੰਧੀਆਂ ਦੀ ਸੇਵਾ-ਸਹਾਇਤਾ ਕਰਨ, ਯੋਗ ਆਦਿਕ ਦੇ ਅਭਿਆਸ ਨਾਲ ਆਪਣੇ ਮਨ ਨੂੰ ਸ਼ਾਂਤ ਕਰਨ ਅਤੇ ਇਨ੍ਹਾਂ ਵਰਗੇ ਹੋਰ ਸ੍ਰੇਸ਼ਟ ਸ਼ੌਕ ਜੇ ਸਾਡੀਆਂ ਪਰਿਵਾਰਕ ਅਤੇ ਸਮਾਜਕ ਜ਼ਿੰਮੇਦਾਰੀਆਂ ਦਾ ਰਾਹ ਰੋਕਣ ਤਾਂ ਇਹ ਜੀਵਨ ਦੀ ਸਾਧਾਰਣ ਪ੍ਰਸੋਨਤਾ ਦੀ ਹਾਨੀ ਕਰਨ ਦੇ ਦੋਸ਼ੀ ਮੰਨੇ ਜਾਣੇ ਚਾਹੀਦੇ ਹਨ। ਇਹੋ ਜਿਹੇ ਸ੍ਰੇਸ਼ਟ ਸ਼ੌਕ, ਕਈ ਵਿਅਕਤੀਆਂ ਲਈ ਆਪਣੀਆ ਜ਼ਿੰਮੇਦਾਰੀਆਂ ਤੋਂ ਪਿੱਛਾ ਛੁਡਾਉਣ ਦਾ ਬਹਾਨਾ ਵੀ ਬਣਾ ਲਏ ਜਾਂਦੇ ਹਨ।

ਮਨ ਦੀ ਸ਼ਾਂਤੀ, ਸੰਗੀਤ, ਨ੍ਰਿਤ ਅਤੇ ਚਿੱਤ੍ਰਕਾਰੀ ਆਦਿਕ ਦੇ ਸ਼ੌਕ ਨੂੰ ਕਈ ਵੇਰ ਸ਼ੌਕ ਦੀ ਥਾਂ ਲਗਨ ਅਤੇ ਸਾਧਨਾ ਦਾ ਰੂਪ ਦੇ ਕੇ ਜੀਵਨ ਦਾ ਮਨੋਰਥ ਵੀ ਮੰਨ ਲਿਆ ਜਾਂਦਾ ਹੈ। ਇਉਂ ਮੰਨ ਕੇ ਇਨ੍ਹਾਂ ਮਨੋਰਥਾਂ ਦੀ ਪ੍ਰਾਪਤੀ ਦਾ ਜਤਨ ਕਰਨ ਵਾਲੇ ਵਿਅਕਤੀ ਸਮਾਜਕ ਜੀਵਨ ਨੂੰ ਆਪਣੇ ਮਿੱਥੇ ਹੋਏ ਮਨੋਰਥ ਜਿੰਨਾ ਮਹੱਤਵਪੂਰਨ ਨਹੀਂ ਮੰਨਦੇ। ਸਮਾਜਕ ਜੀਵਨ ਦੀ ਸੁੰਦਰਤਾ ਅਤੇ ਪ੍ਰਸੰਨਤਾ ਦਾ ਮੁੱਲ ਤਾਰ ਕੇ ਉਹ ਆਪੋ ਆਪਣੇ ਖੇਤਰ ਵਿੱਚ ਮਹਾਨ ਪ੍ਰਾਪਤੀਆਂ ਕਰ ਲੈਂਦੇ ਹਨ। ਸਾਧਾਰਣ ਲੋਕ ਉਨ੍ਹਾਂ ਦੀਆ ਪ੍ਰਾਪਤੀਆਂ ਨੂੰ ਵੇਖਦੇ ਹਨ ਪਰ ਉਨ੍ਹਾਂ ਦੇ ਮਨ ਵਿਚਲੀ ਉਸ ਸੁਵ ਵਿੱਚ ਝਾਤੀ ਨਹੀਂ ਪਾ ਸਕਦੇ ਜਿਹੜੀ ਉਨ੍ਹਾਂ ਦੀ ਇੱਕ ਪਾਸੀ ਲਗਨ ਨੇ ਪੈਦਾ ਕੀਤੀ ਹੁੰਦੀ ਹੈ। ਇਨ੍ਹਾਂ ਦੇ ਇਸ ਘਾਟੇ ਨੂੰ 'ਪੂਰਾ ਕਰਨ ਦਾ' ਜਾਂ ਘਾਟੇ ਦੇ ਪੂਰਾ ਹੋ ਗਿਆ ਹੋਣ ਦਾ 'ਭਰਮ ਪੈਦਾ ਕਰਨ ਦਾ ਕੰਮ ਆਮ ਲੋਕਾਂ ਦੀ ਉਸ 'ਥੱਲੇ ਥੱਲੇ' ਦੁਆਰਾ ਕੀਤਾ ਜਾਂਦਾ ਹੈ ਜਿਹੜੀ ਇਨ੍ਹਾਂ ਦੀਆਂ ਪ੍ਰਾਪਤੀਆਂ ਦਾ ਯੋਗ ਮੁੱਲ ਹੁੰਦੀ ਹੈ।

ਇਨ੍ਹਾਂ ਮਹਾਂਰਥੀਆਂ ਕਾਰਨ ਸਾਧਾਰਣ ਜੀਵਨ ਨੂੰ ਵੀ ਇੱਕ ਹਾਨੀ ਹੁੰਦੀ ਹੈ। ਆਪਣੀਆਂ ਪ੍ਰਾਪਤੀਆਂ ਦੇ ਸਹਾਰੇ ਇਹ ਲੋਕ ਸਾਧਾਰਣ ਸਮਾਜਕ ਜੀਵਨ ਦਾ ਹਿੱਸਾ ਹੋਣ ਹਟ ਜਾਂਦੇ ਹਨ। ਇਨ੍ਹਾਂ ਦਾ ਆਪਣਾ ਹੀ ਇੱਕ ਇੰਦਰ-ਲੋਕ ਬਣ ਜਾਂਦਾ ਹੈ, ਜਿਸ ਦੀ ਆਪਣੀ ਵੱਖਰੀ  ਮਰਿਆਦਾ ਹੁੰਦੀ ਹੈ। ਪਰੰਤੂ ਸਾਧਾਰਣ ਜੀਵਨ ਦੀ ਮਰਿਆਦਾ ਦਾ ਉਲੰਘਣ ਅਤੇ ਨਿਰਾਦਰ ਕਰਨ ਦੀ ਜਿਹੜੀ ਪਿਰਤ ਇਹ ਪਾ ਦਿੰਦੇ ਹਨ ਉਹ ਇਨ੍ਹਾਂ ਵਰਗੀ ਲਗਨ ਵਾਲੇ ਪਰ ਦੂਜੇ ਅਤੇ ਤੀਜੇ ਦਰਜੇ ਦੇ ਸਾਧਕਾਂ ਦੁਆਰਾ ਅਪਣਾਅ ਲਈ ਜਾਂਦੀ ਹੈ । ਜੇ ਕੋਈ  ਬਾਇਰਨ ਕਿਸੇ ਕੁਦਰਤੀ ਕਜ ਕਾਰਨ ਲੰਗੜਾਅ ਕੇ ਤੁਰਦਾ ਹੋਵੇ ਤਾਂ ਉਸ ਦੀ ਰੀਸੇ ਕਈ ਅੰਗਰੇਜ਼ ਕਵੀ ਲੰਗੜਾਅ ਕੇ ਤੁਰਨ ਦੀ ਉਚੇਚੀ ਸਿਖਲਾਈ ਲੈਣ ਲੱਗ ਪੈਂਦੇ ਹਨ। ਇਉਂ ਸਫਲ ਇੱਕ- ਪਾਸੀ ਲਗਨ ਅਤੇ ਮਰਿਆਦਾ-ਹੀਣਤਾ ਵਿੱਚ ਇੱਕ ਸੰਬੰਧ ਸਥਾਪਤ ਹੋ ਜਾਂਦਾ ਹੈ, ਬਹੁਤ ਹੱਦ ਤਕ ਹੋ ਚੁੱਕਾ ਹੈ।

ਅਧਿਆਤਮਕ ਅਰਥਾਂ ਵਾਲੀ ਮਾਨਸਿਕ ਸ਼ਾਂਤੀ ਅਤੇ ਜੀਵਨ ਦੀ ਪ੍ਰਸੰਨਤਾ ਨੂੰ ਮੈਂ ਦੋ ਵੱਖ ਵੱਖ ਚੀਜ਼ਾਂ ਸਮਝਦਾ ਹਾਂ। ਮੇਰੀ ਜਾਚੇ ਮਨ ਦੀ ਸ਼ਾਂਤੀ ਦੀ ਇੱਛਾ ਵੀ ਇੱਕ-ਪਾਸੀ ਲਗਨ ਹੈ ਜਿਹੜੀ ਮਨੁੱਖ ਦੇ ਸਰਵਪੱਖੀ ਸੰਤੁਲਿਤ ਵਿਕਾਸ ਦੀ ਰੁਕਾਵਟ ਹੈ। ਇਸ ਲਗਨ ਦੇ ਹੱਕ ਵਿੱਚ ਸਭ ਤੋਂ ਵੱਡੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਇਹ ਮਨੁੱਖ ਨੂੰ ਹਰਖ ਸੋਗ ਤੋਂ ਪਰੇ ਲੈ ਜਾਂਦੀ ਹੈ ਅਤੇ ਲਗਨ ਦੇ ਨਤੀਜੇ ਵਜੋਂ ਪ੍ਰਾਪਤ ਹੋਣ ਵਾਲੀ ਸ਼ਾਂਤੀ ਸਾਧਾਰਣ ਪ੍ਰਸੰਨਤਾ ਵਾਂਗ ਥੋੜ੍ਹ-ਚਿਰੀ ਨਹੀਂ ਸਗੋਂ ਸਦੀਵੀ ਹੁੰਦੀ ਹੈ।

106 / 174
Previous
Next