

ਪੂਰਬੀ ਲੰਡਨ ਵਿੱਚ ਵੱਸਣ ਵਾਲੇ ਮੇਰੇ ਮਿੱਤ੍ਰ ਹੈਰਾਨ ਹੁੰਦੇ ਹਨ ਕਿ ਇਹ ਆਦਮੀ ਚਾਰ ਘੰਟੇ ਦਾ ਸਵਰ ਕਰ ਕੇ ਘੱਟਾ ਦੋ ਘੰਟੇ ਏਥੇ ਬੈਠਣ ਆਉਂਦਾ ਹੈ, ਕੀ ਇਸ ਨੂੰ ਹੋਰ ਕੋਈ ਕੰਮ ਨਹੀਂ ? ਬਿਲਕੁੱਲ ਨਹੀਂ। ਰਿਟਾਇਰਡ ਹੈ। ਇੱਕ ਤੋਂ ਇਲਾਵਾ ਦੂਜਾ ਕੋਈ ਸ਼ੌਕ ਨਹੀਂ। ਜੇ ਚੰਗੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਹੋਵੇ, ਹਿੰਦੀ ਫਿਲਮਾਂ ਵੇਖਣ ਦਾ ਸ਼ੌਕ ਹੋਵੇ, ਫੁਟਬਾਲ ਅਤੇ ਕ੍ਰਿਕਟ ਦੇ ਮੈਚ ਵੇਖਣ ਦਾ ਸ਼ੌਕ ਹੋਵੇ, ਤਾਂ ਮੇਰੇ ਇਸ ਮਿੱਤ੍ਰ ਨੂੰ ਸਿਰ ਖੁਰਕਣ ਦਾ ਸਮਾਂ ਨਾ ਮਿਲੇ। ਤੁਸੀਂ ਇਹ ਜਾਣ ਕੇ ਹੋਰ ਵੀ ਹੈਰਾਨ ਹੋਵੋਗੇ ਕਿ ਮੇਰੇ ਇਸ ਮਿੱਤ੍ਰ ਨੂੰ ਚਿੱਤ੍ਰਕਾਰੀ ਦਾ ਵਲ ਆਉਂਦਾ ਹੈ, ਸੁਹਣੀਆਂ ਤਸਵੀਰਾਂ ਬਣਾ ਸਕਦਾ ਹੈ, ਪਰ ਸ਼ੌਕ ਨਹੀਂ। ਪਿਛਲੇ ਪੈਂਤੀ ਸਾਲਾਂ ਤੋਂ ਕਦੇ ਕੋਈ ਤਸਵੀਰ ਨਹੀਂ ਬਣਾਈ, ਪਹਿਲੀਆਂ ਬਣੀਆਂ ਦੀਆਂ ਗੱਲਾ ਕਰਦਾ ਹੈ।