

ਯੌਵਨ-ਉਦੇ ਸਮੇਂ ਜਿਨ੍ਹਾਂ ਬੱਚਿਆਂ ਨੂੰ ਮਾਪਿਆਂ ਦੀ ਮਿੱਤ੍ਰਤਾ ਨਾ ਮਿਲੇ, ਉਹ ਸ਼ਾਇਰ ਬਣਨ ਚਾਹੇ ਨਾ, ਸ਼ਾਇਰਾਨਾ ਉਦਾਸੀ ਉਨ੍ਹਾਂ ਦੇ ਹਿੱਸੇ ਜ਼ਰੂਰ ਆ ਜਾਂਦੀ ਹੈ, ਥੋੜੀ ਜਾਂ ਬਹੁਤੀ। ਉਨ੍ਹਾਂ ਨੇ ਮਾਪਿਆਂ ਰਾਹੀਂ ਦੁਨੀਆ ਵੇਖਣ ਦੀ ਆਦਤ ਪਾ ਲਈ ਹੁੰਦੀ ਹੈ। ਉਹ ਮਾਪਿਆ ਵਿਚਲੀ ਬੇ-ਵਫ਼ਾਈ ਨੂੰ ਸਮੁੱਚੇ ਜੀਵਨ ਦਾ ਵਤੀਰਾ ਮੰਨਣ ਲੱਗ ਪੈਂਦੇ ਹਨ। ਇਹ ਉਦਾਸੀ ਕਵੀਆਂ ਦੀ ਕਾਲਪਨਿਕ ਉਦਾਸੀ ਨਾਲੋਂ ਚਰਾ ਵੱਖਰੀ ਪ੍ਰਕਾਰ ਦੀ ਹੁੰਦੀ ਹੈ ਅਤੇ ਬਹੁਤੀ ਨਕਲੀ ਨਹੀਂ ਹੁੰਦੀ। ਨਾ ਹੀ ਇਹ ਕਿਸੇ ਕਵਿਤਾ ਦਾ ਕਾਰਨ ਬਣਦੀ ਹੈ। ਸਮਾਂ ਇਸ ਦਾ ਇਲਾਜ ਨਹੀਂ ਕਰ ਸਕਦਾ। ਸਮੇਂ ਦੇ ਬੀਤਣ ਨਾਲ ਇਹ ਉਦਾਸੀ ਵੱਖ-ਵੱਖ ਰੂਪ ਧਾਰ ਕੇ ਵਿਅਕਤੀ ਦੇ ਆਚਰਣ ਅਤੇ ਆਚਾਰ ਦਾ ਸਦੀਵੀ ਹਿੱਸਾ ਬਣ ਜਾਂਦੀ ਹੈ।
ਜਦੋਂ ਆਦਮੀ ਸਮਾਜਕ ਜੀਵਨ ਦਾ ਸਾਧਾਰਣ ਹਿੱਸਾ ਬਣ ਜਾਂਦਾ ਹੈ, ਉਦੋਂ ਵੀ ਅਣਇੱਛਤ ਅਤੇ ਦੁਖਦਾਈ ਘਟਨਾਵਾਂ ਉਸ ਲਈ ਉਦਾਸੀ ਪੈਦਾ ਕਰਦੀਆਂ ਹਨ। ਪ੍ਰੰਤੂ ਜੀਵਨ ਦੀ ਗੱਡੀ ਨੂੰ ਤੋਰੀ ਰੱਖਣਾ ਅਤੇ ਉਸ ਦੇ ਨਾਲ ਨਾਲ ਤੁਰਨਾ ਏਨਾ ਜ਼ਰੂਰੀ ਹੁੰਦਾ ਹੈ ਕਿ ਇਨ੍ਹਾਂ ਉਦਾਸੀਆਂ ਨੂੰ ਜੀਵਨ ਦਾ ਜ਼ਰੂਰੀ ਹਿੱਸਾ ਸਮਝ ਕੇ ਸਵੀਕਾਰ ਕਰਨ ਦੀ ਮਜਬੂਰੀ ਬਣ ਜਾਂਦੀ ਹੈ। ਵਡੇਰੇ ਦੁਖ ਲੰਮੇਰੇ ਸਮੇਂ ਲਈ ਉਦਾਸ ਕਰਦੇ ਹਨ, ਪਰ ਸਦਾ ਲਈ ਨਹੀਂ। ਦੂਜਿਆਂ ਵੱਲ ਵੇਖ ਕੇ ਆਪਣੇ ਮਨ ਨੂੰ ਸਮਝਾਉਣ ਦੀ ਜੁਗਤੀ ਸਿੱਖ ਲਈ ਜਾਂਦੀ ਹੈ। ਆਪਣੀ ਉਦਾਸੀ ਦੀ ਉਮਰ ਲੰਮੀ ਕਰਨ ਦਾ ਭਾਵ ਹੈ ਪ੍ਰਸੰਨਤਾ ਦੇ ਵਿਰੋਧੀ ਭਾਵ ਦੀ ਇੱਛਾ ਕਰਨੀ। ਇਉਂ ਕਰ ਸਕਣਾ ਸੰਭਵ ਨਹੀਂ। ਅਪ੍ਰਸੰਨਤਾ ਦੀ ਇੱਛਾ ਕਿਸੇ ਨੇ ਕਦੇ ਨਹੀਂ ਕੀਤੀ। ਕਵੀ ਸਾਧਾਰਣ ਵਿਅਕਤੀ ਨਹੀਂ ਹੁੰਦੇ; ਨਾ ਹੀ ਉਨ੍ਹਾਂ ਦੀ ਅਜਿਹੀ ਇੱਛਾ ਵਿੱਚ ਸੱਚਾਈ ਹੁੰਦੀ ਹੈ।
ਚਿੰਤਾ ਭਵਿੱਖ ਵਿੱਚ ਕਿਸੇ ਦੁਖ, ਨੁਕਸਾਨ ਜਾਂ ਨਮੋਸ਼ੀ ਬਾਰੇ ਕੀਤੀ ਜਾਂਦੀ ਹੈ। ਜਿਵੇਂ ਜਿਵੇਂ ਮਨੁੱਖ ਉੱਨਤ ਹੁੰਦਾ ਗਿਆ ਹੈ ਤਿਵੇਂ ਤਿਵੇਂ ਵਿਉਂਤਾਂ ਅਤੇ ਮਨਸੂਬਿਆਂ ਦਾ ਮਹੱਤਵ ਵਧਦਾ ਗਿਆ ਹੈ। ਸੱਭਿਆ ਮਨੁੱਖ ਭਵਿੱਖ ਦਾ ਪੁਜਾਰੀ ਹੈ ਅਤੇ ਚਿੰਤਾ ਉਸ ਦੀ ਪੂਜਾ ਦੀ ਵਿਧੀ ਅਤੇ ਸਮੱਗਰੀ ਹੈ; ਵਿਉਂਤਾਂ ਅਤੇ ਮਨਸੂਬੇ ਉਸ ਦਾ ਭਜਨ, ਕੀਰਤਨ ਅਤੇ ਸਿਮਰਨ ਆਦਿਕ ਹਨ। ਵੱਡੇ ਵੱਡੇ ਪ੍ਰਬੰਧਾਂ ਦੇ ਪੱਧਰ ਉੱਤੇ ਕੀਤੀ ਜਾਣ ਵਾਲੀ ਚਿੰਤਾ ਅਸਲ ਵਿੱਚ ਚਿੰਤਨ ਹੈ, ਜਿਸ ਬਿਨਾਂ ਸੱਭਿਅ ਸੰਸਾਰ ਦਾ ਕੰਮ ਨਹੀਂ ਚੱਲ ਸਕਦਾ। ਇਹ ਵਡ-ਆਕਾਰੀ ਚਿੰਤਾ ਵਿਅਕਤੀ ਦੀ ਪ੍ਰਸੰਨਤਾ ਨੂੰ ਪ੍ਰਭਾਵਿਤ ਕਰਦੀ ਹੈ; ਪਰ, ਵਿਅਕਤੀ ਇਸ ਸੰਬੰਧ ਵਿੱਚ ਬਹੁਤਾ ਕੁਝ ਕਰ ਨਹੀਂ ਸਕਦਾ। ਮੈਂ ਉਸ ਚਿੰਤਾ ਦੀ ਗੱਲ ਕਰਨੀ ਚਾਹੁੰਦਾ ਹਾਂ ਜਿਹੜੀ ਵਿਅਕਤੀ ਦੀ ਆਪਣੀ ਹੈ ਅਤੇ ਉਸ ਦੇ ਵੱਸ ਵਿੱਚ ਹੈ-ਸਮੁੱਚੀ ਨਹੀਂ-ਕਿਸੇ ਹੱਦ ਤਕ।
ਚਿੰਤਾ ਭਵਿੱਖ ਵਿੱਚ ਆਉਣ ਵਾਲੀ ਕਿਸੇ ਵਿਪਤਾ ਬਾਰੇ ਕੀਤੀ ਜਾਂਦੀ ਹੈ। ਹਰ ਕਿਸੇ ਦਾ ਅੰਤ ਨਿਸਚਿਤ ਹੈ; ਪਰ, ਹਰ ਕੋਈ ਆਪਣੀ ਮੌਤ ਦੀ ਚਿੰਤਾ ਕਾਰਨ ਸਿਰ ਸੁੱਟ ਕੇ ਨਹੀਂ ਬੈਠਾ ਰਹਿੰਦਾ। ਕਿਉਂ। ਉਸ ਨੂੰ ਪਤਾ ਹੈ ਕਿ ਮੈਂ ਇਸ ਸੰਬੰਧ ਵਿੱਚ ਕੁਝ ਨਹੀਂ ਕਰ ਸਕਦਾ। ਅਸੀਂ ਮੌਤ ਕੋਲੋਂ ਡਰ ਸਕਦੇ ਹਾਂ, ਪਰ ਇਸ ਦੀ ਚਿੰਤਾ ਨਹੀਂ ਕਰ ਸਕਦੇ। ਕਿਸਾਨ ਗੜੇਮਾਰੀ ਤੋਂ ਡਰਦਾ ਹੈ, ਪਰ ਉਸ ਦੀ ਚਿੰਤਾ ਨਹੀਂ ਕਰਦਾ। ਚਿੰਤਾ ਉਸ ਖ਼ਤਰੇ ਬਾਰੇ ਕੀਤੀ ਜਾਂਦੀ ਹੈ, ਜਿਸ ਨੂੰ ਟਾਲਿਆ ਜਾ ਸਕਦਾ ਹੋਵੇ ਜਾਂ ਟਾਲਿਆ ਜਾ ਸਕਣ ਦੀ ਸੰਭਾਵਨਾ ਹੋਵੇ। ਜਿਸ ਨੂੰ ਟਾਲ ਨਹੀਂ ਸਕਦੇ, ਉਸ ਨੂੰ ਪਰਵਾਨ ਕਰਨਾ ਪੈਂਦਾ ਹੈ। ਹਰ ਗੱਲ ਨੂੰ