Back ArrowLogo
Info
Profile

ਮੈਨੂੰ ਪਤਾ ਨਹੀਂ। ਹਾਂ, ਆਪਣੀ ਉਦਾਸੀ ਨੂੰ ਖ਼ੁਸ਼ੀ ਦੇ ਵਿਖਾਵੇ ਪਿੱਛੇ ਛੁਪਾ ਲੈਣ ਦੀ ਕਲਾ ਬਹੁਤ ਆਮ ਹੈ। ਇਸ ਕਲਾ ਕਾਰਨ ਕਈ ਵੇਰ ਅਸੀਂ ਇਹ ਭੁਲੇਖਾ ਖਾ ਸਕਦੇ ਹਾਂ ਕਿ ਕੋਈ ਆਦਮੀ ਬਹੁਤੀ ਆਮਦਨ ਕਾਰਨ ਸਾਡੇ ਨਾਲੋਂ ਬਹੁਤਾ ਪ੍ਰਸੰਨ ਹੈ।

ਇਹ ਇੱਕ ਭੁਲੇਖਾ ਹੈ। ਸੱਚ ਇਹ ਹੈ ਕਿ ਪ੍ਰਸੰਨਤਾ ਬਹੁਤੇ ਪੈਸੇ ਵਿੱਚ ਨਹੀਂ, ਸਗੋਂ ਆਪਣੀ ਨੇਕ ਕਮਾਈ ਨੂੰ ਸੁਚੱਜੀ ਵਿਉਂਤ ਨਾਲ ਖ਼ਰਚ ਕਰਨ ਵਿੱਚ ਹੈ। ਨਿਸਚਿਤ ਅਤੇ ਲਗਾਤਾਰ ਆਮਦਨ ਦੇ ਭਰੋਸੇ ਵਾਲੇ ਲੋਕਾਂ ਲਈ ਆਪਣੇ ਖ਼ਰਚਾਂ ਨੂੰ ਵਿਉਂਤਬੱਧ ਕਰਨਾ ਸੌਖਾ ਵੀ ਹੈ ਅਤੇ ਸੁਖਦਾਇਕ ਵੀ। ਕਰੜੀ ਸਰੀਰਕ ਮਿਹਨਤ ਦੇ ਸਹਾਰੇ ਜੀਣ ਵਾਲੇ ਜਿਨ੍ਹਾਂ ਲੋਕਾਂ ਨੂੰ ਆਪਣੇ ਕੰਮ ਅਤੇ ਕੰਮ ਤੋਂ ਹੋਣ ਵਾਲੀ ਕਮਾਈ ਦੇ ਜਾਰੀ ਰਹਿਣ ਦਾ ਭਰੋਸਾ ਨਹੀਂ ਹੁੰਦਾ, ਉਨ੍ਹਾਂ ਦੀ ਪ੍ਰਸੰਨਤਾ ਦੀ ਗੱਲ ਕਰ ਕੇ ਸਮਾਜਾਂ ਦੇ ਸਮ੍ਰਿੱਧ ਸੰਚਾਲਕਾਂ ਨੂੰ ਨਾਰਾਜ਼ ਕਰਨ ਵਿੱਚ ਸਿਆਣਪ ਨਹੀਂ। ਮਿਸਰੀ, ਯੂਨਾਨੀ, ਈਰਾਨੀ, ਰੋਮਨ, ਤੁਰਕ ਅਤੇ ਅਰਥ ਸਮਾਜਾਂ ਦੇ ਗ਼ੁਲਾਮਾਂ ਵਾਂਗ ਪਸ਼ੂ-ਪੱਧਰ ਉੱਤੇ ਜੀਣ ਲਈ ਮਜਬੂਰ ਇਨ੍ਹਾਂ ਲੋਕਾਂ ਕੋਲ ਪਸ਼ੂ-ਪ੍ਰਸੰਨਤਾ ਨਾਂ ਦੀ ਕੋਈ ਚੀਜ਼ ਸ਼ਾਇਦ ਹੋਵੇ ਪਰ ਉਦਾਸੀ ਅਤੇ ਚਿੰਤਾ ਦੇ ਸੱਭਿਅ ਸਮਾਜਕ ਰੋਗ ਇਨ੍ਹਾਂ ਤੋਂ ਦੂਰ ਰਹਿੰਦੇ ਹਨ।

ਦਿਮਾਗੀ ਥਕਾਵਟ ਅਤੇ ਚਿੰਤਾ ਦੀ ਚਰਚਾ ਵੱਡੀਆਂ ਵੱਡੀਆਂ ਪ੍ਰਬੰਧਕੀ ਪਦਵੀਆਂ ਉੱਤੇ ਬੈਠੇ ਪ੍ਰਬੰਧਕਾਂ ਅਤੇ ਛੋਟੇ ਛੋਟੇ ਪਰਿਵਾਰਕ ਪੱਧਰ ਉੱਤੇ ਵਾਪਾਰ ਕਰਨ ਵਾਲੇ ਲੋਕਾਂ ਵਿੱਚ ਆਮ ਹੈ। ਪ੍ਰਬੰਧਕੀ ਕੰਮਾਂ ਵਿੱਚ ਲੱਗੇ ਲੋਕਾਂ ਨੂੰ ਦਿਮਾਗੀ ਥਕਾਵਟ ਅਤੇ ਚਿੰਤਾ ਆਦਿਕ ਤੋਂ ਮੁਕਤੀ ਪਾਉਣ ਦੇ ਤਰੀਕਿਆਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਅਤੇ ਇਸ ਦੇ ਸਾਧਨਾਂ ਦੀ ਸੇਵਾ ਪ੍ਰਾਪਤ ਕਰਨ ਦੀ ਸਮਰੱਥਾ ਵੀ ਉਨ੍ਹਾਂ ਕੋਲ ਹੁੰਦੀ ਹੈ। ਉਨ੍ਹਾਂ ਦੀ ਚਿੰਤਾ ਨਿਰੋਲ ਨਿੱਜੀ ਨਹੀਂ ਹੁੰਦੀ; ਪ੍ਰਬੰਧਕੀ ਚਿੰਤਾ ਹੁੰਦੀ ਹੈ। ਉਹ ਆਪਣੇ ਵਰਗੇ ਜ਼ਿੰਮੇਦਾਰ ਲੋਕਾਂ ਦੇ ਇਕੱਠ ਵਿੱਚ ਬੈਠ ਕੇ (ਭਾਵ ਮੀਟਿੰਗ ਕਰ ਕੇ) ਆਪਣੀ ਚਿੰਤਾ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰ ਲੈਣ ਪਿੱਛੋਂ ਆਪਣੇ ਦਿਮਾਗ ਨੂੰ ਚਿੰਤਾ ਦੇ ਖ਼ਿਆਲ ਤੋਂ ਖਾਲੀ ਕਰ ਲੈਂਦੇ ਹਨ।

ਪ੍ਰੰਤੂ ਛੋਟੇ ਵਾਪਾਰਾ ਜਾਂ ਫੈਮਿਲੀ ਬਿਜ਼ਨਿਸਾਂ ਵਾਲੇ ਲੋਕ ਇਉਂ ਨਹੀਂ ਕਰ ਸਕਦੇ। ਉਨ੍ਹਾਂ ਦੀ ਚਿੰਤਾ ਬਹੁਤ ਸੱਚੀ ਹੁੰਦੀ ਹੈ। ਉਨ੍ਹਾਂ ਦੇ ਜੀਵਨ ਦਾ ਸਾਰਾ ਦਾਰੋਮਦਾਰ ਉਸ ਕਾਰੋਬਾਰ ਉੱਤੇ ਹੁੰਦਾ ਹੈ, ਜਿਸ ਵਿੱਚ ਉਨ੍ਹਾਂ ਦੀ ਸਾਰੀ ਪੂੰਜੀ ਵੀ ਲੱਗੀ ਹੋਈ ਹੁੰਦੀ ਹੈ ਅਤੇ ਸਾਰੇ ਪਰਿਵਾਰ ਦੀ ਮਿਹਨਤ ਵੀ। ਉਨ੍ਹਾਂ ਦੇ ਕਾਰੋਬਾਰ ਦੀ ਚਿੰਤਾ ਸੌਂਦਿਆਂ-ਜਾਗਦਿਆਂ ਅਤੇ ਖਾਦਿਆਂ- ਪੀਂਦਿਆਂ ਸਦਾ ਉਨ੍ਹਾਂ ਦੇ ਨਾਲ ਰਹਿੰਦੀ ਹੈ। ਆਪਣੀ ਚਿੰਤਾ ਨੂੰ ਦੂਰ ਕਰਨ ਦੇ ਜਿਹੜੇ ਵਸੀਲੇ ਉਹ ਵਰਤਦੇ ਹਨ, ਉਹ ਬਹੁਤੀ ਵੇਰ ਚਿੰਤਾ ਘਟਾਉਣ ਦੀ ਥਾਂ ਚਿੰਤਾ ਵਧਾਉਂਦੇ ਹਨ। ਜਿਸ ਤਰ੍ਹਾਂ ਚਿੰਤਾ ਜਾਂ ਪਰੇਸ਼ਾਨੀ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ, ਉਸੇ ਤਰ੍ਹਾਂ ਸਰੀਰਕ ਥਕਾਵਟ (ਇੱਕ ਹੱਦ ਤੋਂ ਵਧ ਜਾਣ ਉੱਤੇ) ਸਾਡੀਆਂ ਚਿੰਤਾਵਾਂ ਅਤੇ ਪ੍ਰੇਸ਼ਾਨੀਆਂ ਵਿੱਚ ਵਾਧਾ ਕਰਨ ਲੱਗ ਪੈਂਦੀ ਹੈ। ਇਸ ਲਈ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਜਿਸ ਕੰਮ ਜਾਂ ਰੁਝੇਵੇਂ ਨੇ ਸਾਡੇ ਲਈ ਚਿੰਤਾ ਪੈਦਾ ਕੀਤੀ ਹੈ, ਉਸੇ ਕੰਮ ਨੂੰ ਬਹੁਤਾ ਸਮਾਂ ਅਤੇ ਧਿਆਨ ਦੇਣ ਨਾਲ ਸਾਡੀ ਚਿੰਤਾ ਵਿੱਚ ਵਾਧਾ ਹੋਵੇਗਾ।

ਚਿੰਤਾ ਦੇ ਕਾਰਨਾਂ ਵਲੋਂ ਬੇ-ਧਿਆਨ ਹੋਣਾ ਵੀ ਚਿੰਤਾ ਦਾ ਇਲਾਜ ਨਹੀਂ। ਇਸ ਲਈ ਠੀਕ ਤਰੀਕਾ ਇਹ ਹੋਵੇਗਾ ਕਿ:

1. ਆਪਣੀ ਕਿਸੇ ਚਿੰਤਾ ਨੂੰ ਨਿਰੋਲ ਨਿੱਜੀ ਨਾ ਸਮਝਿਆ ਜਾਵੇ। ਸਾਡਾ ਪਰਿਵਾਰ, ਸਾਡੇ ਸੁਹਿਰਦ ਸੰਬੰਧੀ ਅਤੇ ਸਾਡੇ ਮਿੱਤ੍ਰ ਵੀ ਸਾਡੀਆਂ ਚਿੰਤਾਵਾਂ ਤੋਂ ਪ੍ਰਭਾਵਿਤ ਹੁੰਦੇ ਹਨ।

112 / 174
Previous
Next