

2. ਚਿੰਤਾ ਨੂੰ ਆਪਣੇ ਪਰਿਵਾਰ ਅਤੇ ਸਨੇਹੀਆਂ ਵਿੱਚ ਉਵੇਂ ਹੀ ਵਾਚਿਆ ਵਿਚਾਰਿਆ ਜਾਣਾ ਚਾਹੀਦਾ ਹੈ ਜਿਵੇਂ ਵਾਪਾਰਕ ਕੰਪਨੀਆਂ ਦੀਆਂ ਪ੍ਰਬੰਧਕੀ ਮੀਟਿੰਗਾਂ ਵਿੱਚ ਕੀਤਾ ਜਾਂਦਾ ਹੈ। ਇਸ ਕੰਮ ਨੂੰ ਲੋੜੀਂਦਾ ਸਮਾਂ, ਸਤਿਕਾਰ ਅਤੇ ਧਿਆਨ ਦੇ ਕੇ ਚਿੰਤਾ ਦੇ ਹਰ ਕਾਰਨ ਨੂੰ ਜਾਣਨ ਦਾ ਜਤਨ ਕੀਤਾ ਜਾਵੇ; ਉਸ ਦੀ ਨਵਿਰਤੀ ਦੇ ਹਰ ਤਰੀਕੇ ਉੱਤੇ ਬਹਿਸ ਹੋਵੇ ਅਤੇ ਕਿਸੇ ਫ਼ੈਸਲੇ ਉੱਤੇ ਪਹੁੰਚਣ ਤੋਂ ਬਿਨਾਂ ਇਸ ਕੰਮ ਨੂੰ ਛੱਡਿਆ ਨਾ ਜਾਵੇ।
3. ਫ਼ੈਸਲਿਆਂ ਉੱਤੇ ਪੁੱਜ ਕੇ ਆਪਣੀ ਅਗਲੇ ਜਤਨਾਂ ਦੀ ਰੂਪ-ਰੇਖਾ ਉਲੀਕ ਲੈਣ ਤੋਂ ਪਿੱਛੋਂ ਚਿੰਤਾਜਨਕ ਮੁਆਮਲਿਆਂ ਬਾਰੇ ਸੋਚਣਾ ਬੰਦ ਕਰ ਦਿੱਤਾ ਜਾਵੇ। ਉਨ੍ਹਾਂ ਦੀ ਗੱਲ ਉਦੋਂ ਕੀਤੀ ਜਾਵੇ ਜਦੋਂ ਕੋਈ ਨਵੇਂ ਤੱਥ ਸਾਹਮਣੇ ਆਉਣ। ਇਸ ਤੋਂ ਇਲਾਵਾ ਜੇ ਚਿੰਤਾਵਾਂ ਸੰਬੰਧੀ ਗੱਲਾ ਕਰਦੇ ਰਹੀਏ ਤਾਂ ਉਹ ਕੰਬਲੀ ਦੇ ਭਿੱਜਣ ਵਾਂਗ ਹੋਰ ਭਾਰੀਆਂ ਹੁੰਦੀਆਂ ਜਾਣਗੀਆਂ।
4. ਕਈ ਵੇਰ ਸਾਡੇ ਗਲਤ ਵਿਸ਼ਵਾਸ ਅਤੇ ਅਵਿਗਿਆਨਿਕ ਵਿਚਾਰ ਸਾਡੀ ਚਿੰਤਾ ਦਾ ਕਾਰਨ ਹੁੰਦੇ ਹਨ। ਪ੍ਰੰਪਰਾ ਦੇ ਭਾਰ ਹੇਠ ਦੱਬੇ ਅਸੀਂ ਉਨ੍ਹਾਂ ਵਿਚਾਰਾਂ ਅਤੇ ਵਿਸ਼ਵਾਸਾਂ ਦੀ ਪੜਤਾਲ, ਜਾਂ ਆਲੋਚਨਾ ਕਰਨ ਕਤਰਾਉਂਦੇ ਰਹਿੰਦੇ ਹਾਂ ਅਤੇ ਇਹ ਵਿਸ਼ਵਾਸ ਸਾਡੀ ਚਿੰਤਾ ਵਿੱਚ ਵਾਧਾ ਕਰੀ ਜਾਂਦੇ ਹਨ। ਇੱਕ ਮਿਸਾਲ ਦਿੰਦਾ ਹਾਂ। ਪਿਛਲੇ ਦੋ ਤਿੰਨ ਦਹਾਕਿਆ ਵਿੱਚ ਭਾਰਤੀ, ਪਾਕਿਸਤਾਨੀ, ਸ੍ਰੀ ਲੰਕਨ ਅਤੇ ਬੰਗਲਾ ਦੇਸ਼ੀ ਦੁਕਾਨਦਾਰਾਂ ਨੇ ਲੰਡਨ ਦੇ ਕੁਝ ਇੱਕ ਬਾਜ਼ਾਰਾਂ ਉੱਤੇ ਪੂਰਾ ਅਤੇ ਕੁਝ ਇੱਕ ਉੱਤੇ ਅਧੂਰਾ ਕਬਜ਼ਾ ਕਰ ਲਿਆ ਹੈ। ਇਹ ਦੁਕਾਨਦਾਰ ਹਫ਼ਤੇ ਦੇ ਸੱਤੇ ਦਿਨ ਸਵੇਰੇ ਅੱਠ ਵਜੇ ਤੋਂ ਰਾਤ ਦੇ ਸਾਢੇ ਨੌਂ ਵਜੇ ਤਕ ਦੁਕਾਨਾਂ ਖੁੱਲ੍ਹੀਆਂ ਰੱਖਦੇ ਹਨ। ਸਾਰਾ ਪਰਿਵਾਰ ਕੰਮ ਦੀ ਚੱਕੀ ਵਿੱਚ ਪਿਸਦਾ ਰਹਿੰਦਾ ਹੈ। ਕੋਈ ਸੋਸ਼ਲ ਲਾਇਫ਼ ਨਹੀਂ; ਕੋਈ ਵਿਹਲ ਨਹੀਂ; ਕੋਈ ਸੁਨੇਹ-ਸਾਂਝ ਨਹੀਂ: ਕੋਈ ਸੁਹਜ-ਤ੍ਰਿਪਤੀ ਨਹੀਂ। ਜੋ ਚਾਲ੍ਹੀਆਂ ਨੂੰ ਪੁੱਜ ਕੇ ਬੁੱਢੇ ਹੋਣੇ ਆਰੰਭ ਹੋ ਗਏ ਸਨ, ਹੁਣ ਸੱਠਾਂ ਨੂੰ ਪੁੱਜ ਕੇ ਨਕਾਰੇ ਅਤੇ ਬੇ-ਲੋੜੇ ਹੁੰਦੇ ਜਾ ਰਹੇ ਹਨ। ਜੇ ਪੁੱਛ ਏਨਾ ਕੰਮ ਕਿਉਂ ? ਤਾਂ ਉੱਤਰ ਦਿੰਦੇ ਹਨ, "ਇਸ ਤੋਂ ਬਿਨਾਂ ਸਰਵਾਇਵ ਨਹੀਂ ਕਰ ਸਕਦੇ।" ਇਹ ਕਦੇ ਨਹੀਂ ਸੋਚਦੇ ਕਿ ਅਸੀਂ ਸਰਵਾਇਵ ਕਰਨਾ (ਜੀਣਾ) ਚਾਹੁੰਦੇ ਹਾਂ ਜਾਂ ਦੂਜੇ ਨੂੰ ਮਾਰਨ (ਮਾਰਕੀਟ ਵਿੱਚੋਂ ਕੱਢਣ) ਦੀ ਕੋਸ਼ਿਸ਼ ਵਿੱਚ ਆਪਣੇ ਆਪ ਨਾਲ ਬੇ-ਇਨਸਾਫ਼ੀ ਕਰ ਰਹੇ ਹਾਂ। ਸੋਚਣ ਵੀ ਕਿਉਂ? ਆਪਣੇ ਵਿਸ਼ਵਾਸਾਂ ਦਾ ਵਿਰੋਧ ਕਰਨ ਵਾਲੀ ਸੋਚ ਵੀ ਕੋਈ ਸੋਚ ਹੁੰਦੀ ਹੈ ?
5. ਚਿੰਤਾ ਦਾ ਇਲਾਜ ਕਰਨ ਲਈ ਸਾਨੂੰ ਆਪਣੇ ਮਨ ਨੂੰ ਇਉਂ ਸਾਧਣ ਦੀ ਲੋੜ ਹੈ ਕਿ ਉਹ ਆਪ-ਹੁਦਰਾ ਹੋ ਕੇ ਹਰ ਵੇਲੇ-ਕੁਵੇਲੇ ਇੱਕ ਵਹਿਣ ਵਿੱਚ ਨਾ ਪਿਆ ਰਹੇ, ਸਗੋਂ ਹਰ ਮੁਆਮਲੇ ਨੂੰ ਯੋਗ ਸਮੇਂ ਉੱਤੇ, ਯੋਗ ਢੰਗ ਨਾਲ ਨਿਪਟਾਵੇ ਅਤੇ ਉਸ ਵੱਲੋਂ ਬੇ-ਧਿਆਨ
ਹੋ ਜਾਵੇ।