

ਉਦਾਸੀ ਅਤੇ ਚਿੰਤਾ
ਪਿੱਛੇ ਦੱਸੇ ਢੰਗਾਂ ਦਾ ਅਭਿਆਸ ਸਾਨੂੰ ਸਾਡੇ ਵਿਚਾਰਾਂ ਉੱਤੇ ਕਾਬੂ ਪਾਉਣ ਦੀ ਜਾਚ ਸਿਖਾ ਸਕਦਾ ਹੈ। ਜੇ ਅਸੀਂ ਇਹ ਜਾਚ ਸਿੱਖਣ ਦਾ ਜਤਨ ਨਹੀਂ ਕਰਾਂਗੇ, ਚਿੰਤਾ ਸਾਨੂੰ ਸੌਣ ਨਹੀਂ ਦੇਵੇਗੀ। ਜੇ ਗੂਹੜੀ ਨੀਂਦ ਸੌਂ ਨਾ ਸਕਾਂਗੇ ਤਾਂ ਅਗਲੇ ਦਿਨ ਦੇ ਕੰਮ ਜੋਗੀ ਸ਼ਕਤੀ ਦਾ ਸੰਚਾਰ ਸਾਡੇ ਤਨ-ਮਨ ਵਿੱਚ ਨਹੀਂ ਹੋਵੇਗਾ। ਆਪਣੀ ਅਯੋਗਤਾ ਕਾਰਨ ਅਸੀਂ ਖਿਝਾਂਗੇ। ਸਾਡੀ ਖਿਤ ਸਾਡੇ ਕੋਲੋਂ ਗਲਤ ਫੈਸਲੇ ਕਰਵਾਏਗੀ। ਗਲਤ ਫੈਸਲੇ ਸਾਡੀ ਚਿੰਤਾ ਵਿੱਚ ਵਾਧਾ ਕਰਨਗੇ। ਇਸ ਵਿਚ-ਚੱਕਰ ਨੂੰ ਤੋੜਨ ਲਈ ਆਪਣੇ ਵਿਵਹਾਰ ਵਿੱਚ ਸਹਿਜ ਪੈਦਾ ਕਰਨ ਦੀ ਲੋੜ ਹੈ। ਹੌਲੀ ਬੋਲਣ, ਹੌਲੀ ਤੁਰਨ, ਹੌਲੀ ਹੌਲੀ ਪਾਣ-ਪੀਣ ਦੇ ਸਰੀਰਕ ਸਹਿਜ ਰਾਹੀਂ 'ਠੀਕ ਸੋਚਣ' ਦੇ ਬੌਧਿਕ ਸਹਿਜ ਤਕ ਪੁੱਜਿਆ ਜਾ ਸਕਦਾ ਹੈ। ਇਹ ਇੱਕ ਸੰਕੇਤ ਹੈ। ਸਾਨੂੰ ਆਪਣੇ ਭਾਵਾਂ, ਵਿਚਾਰਾਂ ਅਤੇ ਵਿਸ਼ਵਾਸਾਂ ਨੂੰ ਵੀ ਸਹਿਜ ਵਿੱਚ ਲੈ ਜਾਣ ਦੀ ਲੋੜ ਹੈ।