Back ArrowLogo
Info
Profile
ਪੁੰਨਾਂ ਦਾ ਇਨਾਮ ਦੱਸ ਕੇ ਇਸ ਦੰਡ-ਵਿਧਾਨ ਦਾ ਹਿੱਸਾ ਹੋਣੋਂ ਹਟਣ ਦੀਆਂ ਹਿਦਾਇਤਾਂ ਕਰਨ ਦੇ ਨਾਲ ਨਾਲ ਮੁਕਤੀ, ਨਿਰਵਾਣ ਅਤੇ ਸਦੀਵੀ ਸੱਚਖੰਡ ਨਿਵਾਸ ਦੇ ਅਲੋਕਿਕ ਉਦੇਸ਼ਾਂ ਦੀ ਪ੍ਰਾਪਤੀ ਦੇ ਲੋਕਿਕ ਸਾਧਨਾਂ ਦਾ ਨਿਰਮਾਣ ਕਰਦੀ ਆਈ ਹੈ। ਇਸ ਲਈ ਭਾਰਤੀ ਦਾਰਸ਼ਨਿਕਤਾ ਵਿੱਚ ਸਾਧਾਰਣ ਆਦਮੀ ਦੀ ਸਾਧਾਰਣ ਪ੍ਰਸੰਨਤਾ ਨੂੰ ਸਤਿਕਾਰਯੋਗ ਥਾਂ ਪ੍ਰਾਪਤ ਨਹੀਂ। ਏਥੋਂ ਦੀ ਭੂਗੋਲਿਕ ਪਰਿਸਥਿਤੀ ਨੇ, ਮੌਸਮ ਨੇ ਅਤੇ ਸਮਾਜ-ਪ੍ਰਬੰਧ ਦੀ ਨਿਪੁੰਨਤਾ ਨੇ ਇਸ ਦੇ ਵਿਚਾਰਕਾਂ ਦੀ ਸੋਚ ਨੂੰ ਅਧਿਆਤਮਕ ਵਲਗਣਾਂ ਵਿੱਚੋਂ ਬਾਹਰ ਆਉਣ ਦੀ ਲੋੜ ਮਹਿਸੂਸ ਨਹੀਂ ਹੋਣ ਦਿੱਤੀ।

ਭਾਰਤੀ ਸੋਚ ਦਾ ਅਧਿਆਤਮਕ ਵਲਗਣ ਵਿੱਚ ਘਿਰੀ ਰਹਿਣਾ ਏਥੋਂ ਦੇ ਸਮਾਜਿਕ ਵਿਧਾਨ ਦੀ ਪਰੀਪੂਰਣਤਾ ਅਤੇ ਸਫਲਤਾ ਦਾ ਸਹਾਇਕ ਅਤੇ ਪੂਰਕ ਵੀ ਸੀ। ਕਿਸਾਨੇ ਯੁਗ ਵਿੱਚ ਪੈਦਾਵਾਰ ਦੇ ਵਸੀਲੇ ਏਨੇ ਉੱਨਤ ਨਹੀਂ ਸਨ ਕਿ ਹਾਕਮ ਜਮਾਤ ਦੇ ਐਸ਼ਵਰਜ ਅਤੇ ਆਪਸੀ ਜੰਗਾਂ ਦੇ ਪਸ਼ੂ-ਪੁਣੇ ਉੱਤੇ ਕੀਤੇ ਜਾਣ ਵਾਲੇ ਖ਼ਰਚਾਂ ਤੋਂ ਪਿੱਛੋਂ ਜਨ-ਸਾਧਾਰਣ ਦੇ ਜੀਵਨ ਨੂੰ ਸੁਖੀ ਅਤੇ ਸਤਿਕਾਰਯੋਗ ਬਣਾਉਣ ਲਈ ਕੁਝ ਬਚਾਇਆ ਜਾ ਸਕਦਾ। ਇਸ ਲਈ ਜੰਨਤ ਦੇ ਸਬਜ਼-ਬਾਗਾਂ ਅਤੇ ਮੁਕਤੀ ਦੇ ਸੁਰੀਲੇ ਰਾਗਾਂ ਦੇ ਨਾਲ ਨਾਲ ਇਹ ਸਾਜ਼ ਵੀ ਵਜਾਇਆ ਜਾਣਾ ਜ਼ਰੂਰੀ ਸੀ ਕਿ "ਮਨੁੱਖ ਨੂੰ ਕਰਮ ਕਰਨਾ ਚਾਹੀਦਾ ਹੈ; ਫਲ ਦੀ ਇੱਛਾ ਨਹੀਂ ਕਰਨੀ ਚਾਹੀਦੀ।" ਪੈਦਾਵਾਰੀ ਮਸ਼ੀਨ ਦੇ ਮਨੁੱਖੀ ਪੁਰਜ਼ੇ, ਪ੍ਰਸੰਨਤਾ ਦੇ ਤੇਲ ਤੋਂ ਬਿਨਾਂ ਰਗੜੀਂਦੇ ਹੋਏ ਹਰਖ-ਸੋਗ ਤੋਂ ਪਰੇ ਜਾਣ ਦੇ ਸੁਨਹਿਰੀ ਸੁਪਨੇ ਵੇਖਦੇ ਰਹਿੰਦੇ ਸਨ।

ਇਸ ਲਈ ਸੰਸਾਰਕ ਕਰਮ ਦਾ ਸਫਲਤਾ ਨਾਲ, ਸਫਲਤਾ ਦਾ ਵਿਕਾਸ ਨਾਲ ਅਤੇ ਵਿਕਾਸ ਦਾ ਪ੍ਰਸੰਨਤਾ ਨਾਲ ਬਹੁਤਾ ਨੇੜਲਾ ਸੰਬੰਧ ਸਮਝਿਆ, ਮੰਨਿਆ ਅਤੇ ਦੱਸਿਆ ਨਹੀਂ ਗਿਆ। ਇਸ ਦੇ ਉਲਟ ਭਾਰਤੀ ਸੋਚ ਨੇ ਇਹ ਦੱਸਣ ਦਾ ਜਤਨ ਕੀਤਾ ਹੈ ਕਿ ਕੋਈ ਸੰਸਾਰਕ ਸਫਲਤਾ ਕਿਸੇ ਪ੍ਰਸੰਨਤਾ ਦਾ ਸਰੋਤ ਹੋ ਹੀ ਨਹੀਂ ਸਕਦੀ। ਸਾਰੀ ਦੁਨੀਆ ਦਾ ਰਾਜ ਹਾਸਲ ਕਰ ਕੇ ਵੀ ਕੋਈ ਆਦਮੀ ਪ੍ਰਸੰਨ ਹੋਣ ਦੀ ਆਸ ਨਹੀਂ ਕਰ ਸਕਦਾ।

ਦੁਨੀਆ ਦੇ ਸਫਲ ਲੋਕਾਂ ਵੱਲ ਵੇਖੋ-ਸਿਕੰਦਰ, ਸੀਜ਼ਰ, ਐਟੀਲਾ, ਚੰਗੇਜ਼ ਅਤੇ ਨੈਪੋਲੀਅਨ ਵਰਗੇ ਵਿਜਈ ਖ਼ੁਸ਼ ਨਹੀਂ ਸਨ। ਮਾਰਕਸਵਾਦੀ ਸੁਪਨੇ ਸਾਕਾਰ ਕਰਨ ਦਾ ਜਿੰਨਾ ਭਰਪੂਰ ਅਵਸਰ ਲੈਨਿਨ ਨੂੰ ਮਿਲਿਆ ਸੀ, ਓਨਾ ਹੋਰ ਕਿਸੇ ਨੂੰ ਨਹੀਂ ਮਿਲਿਆ; ਪਰ ਉਹ ਪ੍ਰਸੰਨ ਵਿਅਕਤੀ ਨਹੀਂ ਸੀ। ਮਾਈਕਲ ਐਂਜਿਲੇ ਅਤੇ ਪਿਕਾਸੋ ਵਰਗੇ ਸਫਲ ਚਿੱਤਰਕਾਰ ਕਲਾ ਦੀ ਟੀਸੀ ਉੱਤੇ ਬਿਰਾਜਮਾਨ ਹੋਣ ਦੇ ਬਾਵਜੂਦ ਈਰਖਾ, ਉਦਾਸੀ ਅਤੇ ਪਾਗਲਪਨ ਦਾ ਜੀਵਨ ਜੀ ਕੇ ਗਏ ਹਨ। ਸ਼ੈਕਸਪੀਅਰ ਅਤੇ ਮਿਲਟਨ ਕਦੇ ਖ਼ੁਸ਼ ਨਹੀਂ ਵੇਖੇ ਗਏ। ਪਲੇਟੋ ਅਰਸਤੂ ਆਦਿਕ ਤੋਂ ਲੈ ਕੇ ਰੂਸੋ, ਹੀਗਲ ਅਤੇ ਨੀਤਸ਼ੇ ਤੱਕ ਸਫਲਤਾ ਦੀਆਂ ਸਿਖਰਾਂ ਛੂਹ ਕੇ ਵੀ ਪ੍ਰਸੰਨਤਾ ਨੂੰ ਤਰਸਦੇ ਰਹੇ ਹਨ ਅਤੇ ਪ੍ਰਸੰਨਤਾ ਦੀ ਥਾਂ ਪਾਗਲਪਨ ਨੂੰ ਪ੍ਰਾਪਤ ਹੋਏ ਹਨ।

ਪਰੰਤੂ ਇਹ ਕਹਿਣਾ ਵੀ ਠੀਕ ਨਹੀਂ ਕਿ ਅਸਫਲਤਾ ਜਾਂ ਨਾਕਾਮਯਾਬੀ ਪ੍ਰਸੰਨਤਾ ਦਾ ਕਾਰਨ ਬਣ ਸਕਦੀ ਹੈ। ਜੋ ਨਾਕਾਮਯਾਬੀ ਵਿੱਚ ਪ੍ਰਸੰਨਤਾ ਹੁੰਦੀ ਤਾਂ ਜੀਵਨ ਦੀ ਰੂਪ-ਰੇਖਾ ਕਿਸੇ ਵੱਖਰੀ ਪ੍ਰਕਾਰ ਦੀ ਹੋਣੀ ਸੀ। ਹੋ ਸਕਦਾ ਹੈ ਪਸ਼ੂ-ਜੀਵਨ ਤੋਂ ਅਗੇਰੇ ਵਿਕਾਸ ਹੀ ਨਾ ਹੁੰਦਾ ਅਤੇ ਇਸ ਜਗਤ ਨੂੰ ਸਤ-ਚਿੱਤ-ਆਨੰਦ (ਸੱਚਿਦਾਨੰਦ) ਦੀ ਥਾਂ ਕੇਵਲ ਸਤ-ਚਿੱਤ ਦੀ ਅਭਿਵਿਅਕਤੀ ਆਖਿਆ ਜਾਂਦਾ। ਨੀਵੀਂ ਪੱਧਰ ਦੇ ਪਸ਼ੂ-ਜੀਵਨ ਤਕ ਸਤ ਅਤੇ ਚਿੱਤ ਵਿਕਾਸ ਦੇ ਮੂਲ ਸੰਚਾਲਕ ਹਨ; ਆਨੰਦ ਦੀ ਹੋਂਦ ਨਾ ਮਾਤ੍ਰ ਹੈ, ਉੱਕਾ ਅਭਾਵ ਨਹੀਂ। ਮਨੁੱਖ ਦੇ ਨੇੜਲੇ ਪੂਰਵਜਾਂ (ਬਨਮਾਣਸ ਆਦਿਕ) ਵਿੱਚ ਆਨੰਦ ਦੀ ਇੱਛਾ ਹੈ, ਪਰ ਯੋਗਤਾ ਦੀ

116 / 174
Previous
Next