

ਇਹ ਮੱਧਕਾਲ ਦੀ ਸੋਚ ਸੀ। ਵਿਗਿਆਨ ਇਸ ਸੋਚ ਨੂੰ ਗਲਤ ਸਾਬਤ ਕਰ ਰਿਹਾ ਹੈ। ਅਜੋਕੀ ਫ਼ਿਜ਼ਿਕਸ ਇਹ ਨਹੀਂ ਮੰਨਦੀ ਕਿ ਰੌਸ਼ਨੀ ਦਾ ਮਹੱਤਵ ਵਧਾਉਣ ਲਈ ਜਾਂ ਉਚਾਈਆਂ ਨੂੰ ਸਾਰਥਕ ਕਰਨ ਲਈ ਹਨੇਰਾ ਅਤੇ ਨਿਵਾਣ ਉਪਜਾਏ ਗਏ ਹਨ। ਪ੍ਰਕ੍ਰਿਤੀ ਦੀ ਜਿਸ ਪ੍ਰਕ੍ਰਿਆ ਨਾਲ ਉਚਾਈਆਂ, ਨਿਵਾਣਾਂ, ਹਨੇਰਾ ਅਤੇ ਰੌਸ਼ਨੀ ਆਦਿਕ ਹੋਂਦ ਵਿੱਚ ਆਏ ਹਨ, ਉਹ ਪ੍ਰਕ੍ਰਿਆ ਇਨ੍ਹਾਂ ਨੂੰ ਇੱਕ ਦੂਜੇ ਉੱਤੇ ਆਧਾਰਿਤ ਨਹੀਂ ਮੰਨਦੀ। ਅਜੋਕੀ ਫ਼ਿਜ਼ਿਕਸ ਨੂੰ ਰੌਸ਼ਨੀ ਦੇ ਉਨ੍ਹਾਂ ਰੂਪਾਂ ਦਾ ਪਤਾ ਹੈ, ਜਿਹੜੇ ਵੇਖੇ ਨਹੀਂ ਜਾ ਸਕਦੇ ਅਤੇ ਨਾ ਹੀ ਵੇਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਇਸ ਪ੍ਰਕਾਰ ਦੀਆਂ ਕਿਰਨਾਂ ਜਾਂ ਰੇਜ਼ (Rays) ਦਾ ਬਹੁਤ ਮਹੱਤਵ ਹੈ ਅਤੇ ਇਹ ਮਹੱਤਵ ਕਿਸੇ ਹਨੇਰੇ ਉੱਤੇ ਆਧਾਰਿਤ ਨਹੀਂ। ਮੇਰੇ ਲਈ ਇਹ ਮੰਨਣਾ ਮੁਸ਼ਕਿਲ ਹੈ ਕਿ ਜਿਸ ਦਾ ਕਦੇ ਨਿਰਾਦਰ ਨਹੀਂ ਹੋਇਆ, ਉਹ ਆਦਰ ਦੇ ਭਾਵ ਤੋਂ ਹੀਣਾ ਹੈ ਜਾਂ ਜਿਸ ਨੇ ਕਦੇ ਕੌੜਾ ਨਹੀਂ ਖਾਧਾ, ਉਹ ਮਿੱਠੇ ਨੂੰ ਨਹੀਂ ਮਾਣ ਸਕਦਾ। ਗੰਦਗੀ ਦੇ ਢੇਰ ਲਾ ਕੇ ਅਸੀਂ ਗੰਦਗੀ ਵਧਾ ਸਕਦੇ ਹਾਂ: ਸਫ਼ਾਈ ਦਾ ਮਹੱਤਵ ਨਹੀਂ ਵਧਾ ਸਕਦੇ। ਜੋ ਸਫਾਈ ਗੰਦਗੀ ਉੱਤੇ ਆਧਾਰਿਤ ਹੋਵੇ ਤਾਂ ਇਸ ਦੀ ਹੋਂਦ ਹੀ ਕਾਇਮ ਨਾ ਰਹੇ। ਅਸੀਂ ਮੁਕਾਬਲੇ-ਰਹਿਤ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ।
ਅਸੀਂ ਪੁੰਨ ਦੇ ਮੁਕਾਬਲੇ ਵਿੱਚ ਪਾਪ ਅਤੇ ਰੱਬ ਦੇ ਮੁਕਾਬਲੇ ਵਿੱਚ ਸ਼ੈਤਾਨ ਦੀ ਕਲਪਨਾ ਦੇ ਆਦੀ ਹੋ ਚੁੱਕੇ ਹਾਂ। ਮੁਕਾਬਲੇ ਦਾ ਜੀਵਨ ਵਿਕਾਸ ਦਾ ਜੀਵਨ ਨਹੀਂ; ਇਹ ਵਿਨਾਸ਼ ਦਾ ਮਾਰਗ ਹੈ। ਵਿਕਾਸ ਵਿੱਚ ਪ੍ਰਸੰਨਤਾ ਹੈ; ਵਿਨਾਸ਼ ਵਿੱਚ ਅਪ੍ਰਸੰਨਤਾ ਹੈ।
ਹੁਣ ਜਦੋਂ ਜੀਵਨ ਇੱਕ ਸੰਘਰਸ਼ ਹੈ, ਇੱਕ ਮੁਕਾਬਲਾ ਹੈ, ਉਦੋਂ ਸਫਲਤਾ ਦਾ ਅਰਥ ਹੈ ਜਿੱਤ। ਅਸੀਂ ਵਿਕਾਸ ਕਰਨ ਨੂੰ ਜਾ ਕਿਸੇ ਕੰਮ ਦੇ ਯੋਗ ਹੋ ਜਾਣ ਨੂੰ ਸਫਲਤਾ ਨਹੀਂ ਮੰਨਦੇ; ਸਗੋਂ ਆਪਣੀ ਯੋਗਤਾ ਦੇ ਨਤੀਜੇ ਵਜੋਂ ਹੋਣ ਵਾਲੀ ਪ੍ਰਾਪਤੀ ਨੂੰ ਸਫਲਤਾ ਮੰਨਦੇ ਹਾਂ। ਜਦੋਂ ਪ੍ਰਾਪਤੀ ਸਫਲਤਾ ਬਣ ਜਾਂਦੀ ਹੈ, ਉਦੋਂ ਯੋਗਤਾ ਦਾ ਮਹੱਤਵ ਘੱਟ ਜਾਂਦਾ ਹੈ ਅਤੇ ਮਨੁੱਖ ਦੀ ਨਜ਼ਰ ਪ੍ਰਾਪਤੀ ਉੱਤੇ ਟਿਕ ਜਾਂਦੀ ਹੈ। ਉਹ ਯੋਗ ਹੋਣ ਦੀ ਥਾਂ ਪ੍ਰਾਪਤ ਕਰਨ ਦੇ ਯਤਨ ਵਿੱਚ ਜੁੱਟ ਜਾਂਦਾ ਹੈ। ਨਿਸਚੇ ਹੈ ਕਿ ਉਹ ਅਯੋਗ ਢੰਗ ਵਰਤ ਕੇ ਪ੍ਰਾਪਤੀ ਕਰੇਗਾ। ਇਉਂ ਹੋਣ ਲੱਗ ਪੈਂਦਾ ਹੈ ਅਤੇ ਇਮੈਨੂਅਲ ਕਾਂਟ ਦਾ ਤੋਖਲਾ ਸੱਚਾ ਸਿੱਧ ਹੋ ਜਾਂਦਾ ਹੈ।
ਕਾਂਟ ਦਾ ਖਿਆਲ ਸੀ ਕਿ ਵਿਅਕਤੀਗਤ ਪ੍ਰਸੰਨਤਾ ਉੱਤੇ ਆਧਾਰਿਤ ਨੈਤਿਕਤਾ ਖੁਦਗ਼ਰਜ਼ੀ ਵਿੱਚ ਬਦਲ ਜਾਂਦੀ ਹੈ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਪ੍ਰਸੰਨਤਾ ਦਾ ਜਤਨ ਕਰਨ ਦੀ ਥਾਂ ਪ੍ਰਸੰਨਤਾ ਦਾ 'ਹੱਕਦਾਰ' ਹੋਣ ਦਾ ਜਤਨ ਕਰੇ। ਉਹ 'ਨੈਤਿਕਤਾ ਉੱਤੇ ਆਧਾਰਿਤ ਪ੍ਰਸੰਨਤਾ' ਨੂੰ ਸਰਬ-ਸਾਂਝੀ ਖ਼ੁਸ਼ੀ ਦੀ ਦਲੀਲ ਦੱਸਦਾ ਸੀ।
ਅਸੀਂ ਕਿਸੇ ਇਨਕਲਾਬ ਦੀ ਸਹਾਇਤਾ ਨਾਲ ਸੰਘਰਸ਼ੀ ਜੀਵਨ ਨੂੰ ਸਹਿਯੋਗੀ ਜੀਵਨ ਵਿੱਚ ਨਹੀਂ ਬਦਲ ਸਕਦੇ। ਕ੍ਰਾਂਤੀਆਂ ਨਾਲ ਜੀਵਨ ਵਿੱਚ ਕਦੇ ਕੋਈ ਤਬਦੀਲੀ ਨਹੀਂ ਆਈ। ਇਹ ਜੀਵਨ ਦੇ ਵਿਕਾਸ ਵਿੱਚ ਰੁਕਾਵਟ ਪਾਉਂਦੀਆਂ ਆਈਆਂ ਹਨ। ਵਿਕਾਸ ਨੂੰ ਪਿੱਛੇ ਪਾਉਂਦੀਆਂ ਆਈਆਂ ਹਨ: ਕਿਉਂਜ਼ ਵਿਕਾਸ ਮਿੱਤ੍ਰਤਾ ਅਤੇ ਮਿਲਵਰਤਣ ਦਾ ਨਾਂ ਹੈ, ਕ੍ਰਾਂਤੀਆਂ ਹਿੰਸਾ, ਹੱਤਿਆ, ਭੈਅ, ਈਰਖਾ, ਬੇ-ਵਸਾਹੀ ਅਤੇ ਘਿਰਣਾ ਉਪਜਾਉਂਦੀਆਂ ਹਨ। ਅਸੀਂ ਸਮਾਜਿਕ ਵਿਕਾਸ ਦੀ ਲੰਮੀ ਉਡੀਕ ਛੱਡ ਕੇ ਆਪਣੇ ਵਿਸ਼ਵਾਸਾਂ ਵਿੱਚ ਵਿਗਿਆਨਕ ਤਬਦੀਲੀ ਪੈਦਾ ਕਰ ਕੇ ਆਪਣੀ ਪ੍ਰਸੰਨਤਾ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਕਰ ਸਕਦੇ ਹਾਂ।