

ਸਾਨੂੰ ਇਸ ਦੇ ਉਲਟ ਵਿਸ਼ਵਾਸ ਅਪਣਾਉਣ ਦੀ ਲੋੜ ਹੈ। ਉਹ ਇਹ ਕਿ "ਅਸੀਂ ਇਸ ਲਈ ਅਪ੍ਰਸੰਨ ਨਹੀਂ ਹਾਂ ਕਿ ਅਸੀਂ ਪ੍ਰਾਪਤ ਨਹੀਂ ਕਰ ਸਕੇ, ਸਗੋਂ ਇਸ ਲਈ ਕਿ ਅਸੀਂ ਆਪਣੇ ਵਿੱਚ ਪ੍ਰਸੰਨਤਾ ਦੀ ਯੋਗਤਾ ਨਹੀਂ ਪੈਦਾ ਕਰ ਸਕੇ।" ਕਾਂਟ ਦੇ ਸ਼ਬਦਾਂ ਵਿੱਚ ਇਹ ਗੱਲ ਇਉਂ ਆਖੀ ਜਾਵੇਗੀ ਕਿ ਅਸੀਂ ਖ਼ੁਦਗਰਜ਼ ਹੋ ਗਏ ਹਾਂ। ਸਾਨੂੰ 'ਖੁਦੀ' ਦੀ ਗਰਜ਼ ਹੈ, 'ਖ਼ੁਸ਼ੀ' ਦੀ ਨਹੀਂ।
ਇਨ੍ਹਾਂ ਵਿਸ਼ਵਾਸਾਂ ਦੇ ਫਲਸਰੂਪ ਅਸੀਂ ਪ੍ਰਾਪਤੀਆਂ ਦੀ ਦੌੜ ਵਿੱਚ ਪਿੱਛੇ ਰਹਿ ਸਕਦੇ ਹਾਂ, ਪਰ ਪ੍ਰਸੰਨਤਾ ਦੇ ਪਿੜ ਵਿੱਚ ਪਿੱਛੇ ਨਹੀਂ ਰਹਿ ਸਕਦੇ। ਚੋਣ ਸਾਡੀ ਆਪਣੀ ਹੈ; ਪਰ ਆਪਣੀ ਹੋਣ ਦਾ ਇਹ ਮਤਲਬ ਨਹੀਂ ਕਿ ਸੌਖੀ ਵੀ ਹੈ, ਇਸ ਦੇ ਉਲਟ ਆਪਣੀ ਹੋਣ ਕਰਕੇ ਔਖੀ ਹੈ—ਈਮਾਂ ਮੁਝੇ ਰੋਕੋ ਹੈ, ਜੋ ਖੀਂਚੇ ਹੈ ਮੁਝੇ ਕੁਦਰ। ਮਨੁੱਖ ਲਈ ਪ੍ਰਾਪਤੀ ਦੇ ਮੋਹ ਤੋਂ ਉੱਚੇ ਉੱਠ ਸਕਣਾ ਸੰਭਵ ਨਹੀਂ। ਇਸ ਮੋਹ ਤੋਂ ਮੁਕਤ ਹੋਣ ਦਾ ਦਾਅਵਾ ਜਾਂ ਤਾਂ ਰਾਜਾ ਜਨਕ ਵਰਗੇ ਉਹ ਲੋਕ ਕਰ ਸਕਦੇ ਹਨ, ਜਿਨ੍ਹਾਂ ਨੂੰ ਲੋੜੋਂ ਬਹੁਤਾ ਪ੍ਰਾਪਤ ਹੈ ਅਤੇ ਪ੍ਰਾਪਤ ਵੀ ਨਿਰਯਤਨ ਹੈ। ਜਾਂ ਉਹ ਲੋਕ ਕਰਦੇ ਹਨ, ਜਿਨ੍ਹਾਂ ਦੇ ਪੱਲੇ ਕੁਝ ਨਹੀਂ। ਪਹਿਲੀ ਪ੍ਰਕਾਰ ਦੇ ਲੋਕ ਕਾਲਪਨਿਕ ਹਨ ਜਾਂ ਫ਼ਰੇਬੀ ਹਨ; ਦੂਜੀ ਪ੍ਰਕਾਰ ਦੇ ਆਤਮ-ਭਰਮੀ ਹਨ ਜਾਂ ਪਾਗਲ ਹਨ; ਇਨ੍ਹਾਂ ਵਿੱਚੋਂ ਸਾਧਾਰਣ ਕੋਈ ਨਹੀਂ। ਸਾਧਾਰਣ ਆਦਮੀ ਅਜੇਹਾ ਦਾਅਵਾ ਕਰ ਕੇ ਆਪਣੀ ਹਉਮੈ ਅਤੇ ਅਕ੍ਰਿਤਘਣਤਾ ਦਾ ਪ੍ਰਗਟਾਵਾ ਕਰਦਾ ਹੈ। ਇਉਂ ਕਰ ਕੇ ਉਹ ਵੀ ਸਾਧਾਰਣ ਨਹੀਂ ਰਹਿੰਦਾ, ਅਸਾਧਾਰਣ ਬਣ ਜਾਂਦਾ ਹੈ। ਸਾਡੀ ਹਰ ਪ੍ਰਾਪਤੀ ਸਾਡੇ ਨਿਕਟਵਰਤੀਆਂ ਅਤੇ ਨਿਕਟਵਾਸੀਆਂ ਦੇ ਸਾਥ, ਸਹਿਯੋਗ ਅਤੇ ਸਹਾਇਤਾ ਦਾ ਨਤੀਜਾ ਹੁੰਦੀ ਹੈ। ਆਪਣੀਆਂ ਪ੍ਰਾਪਤੀਆਂ ਨੂੰ ਕੇਵਲ ਆਪਣੀ ਮਿਹਨਤ, ਈਮਾਨਦਾਰੀ, ਸਿਆਣਪ, ਵਿੱਦਿਆ ਅਤੇ ਕਿਸਮਤ ਆਦਿਕ ਦਾ ਨਤੀਜਾ ਮੰਨ ਕੇ ਅਸੀਂ ਆਪਣੇ ਆਲੇ-ਦੁਆਲੇ ਦੇ ਜੀਵਨ ਪ੍ਰਤੀ ਨਾ-ਸ਼ੁਕਰਾਪਨ ਪ੍ਰਗਟ ਕਰਦੇ ਹਾਂ। ਆਪਣੀਆਂ ਪ੍ਰਾਪਤੀਆਂ ਨੂੰ ਰੱਬ ਦੀ ਦਾਤ ਮੰਨਣਾ ਵੀ ਆਪਣੇ ਆਲੇ-ਦੁਆਲੇ ਨਾਲੋਂ ਸ੍ਰੇਸ਼ਟ ਹੋਣ ਦਾ ਦਾਅਵਾ ਕਰਨਾ ਹੈ। ਭਾਵੇਂ ਇਹ ਦਾਅਵਾ ਕਿੰਨੇ ਵੀ ਕੋਮਲ ਸ਼ਬਦਾਂ ਅਤੇ ਨਾਟਕੀ ਨਿਮਰਤਾ ਨਾਲ ਕਿਉਂ ਨਾ ਕੀਤਾ ਜਾਵੇ, ਇਸ ਦਾ ਅੰਤਲਾ ਭਾਵ ਇਹੋ ਹੈ ਕਿ "ਮੈਂ ਏਨਾ ਜ਼ਰੂਰੀ ਹਾਂ ਕਿ ਰੱਬ ਨੂੰ ਮੇਰੀ ਸਫਲਤਾ ਦਾ ਉਚੇਚਾ ਉਪਰਾਲਾ ਕਰਨਾ ਪੈਂਦਾ ਹੈ।" ਜਨ-ਸਾਧਾਰਣ ਦੀ ਬਹੁਤੀ ਗਿਣਤੀ ਰੱਬ ਦੇ ਰਹਿਮ ਉੱਤੇ ਨਹੀਂ, ਸਗੋਂ ਆਪਣੀ ਮਿਹਨਤ ਅਤੇ ਆਪਣੇ ਨਿਕਟ- ਵਰਤੀਆਂ ਦੇ ਸਹਿਯੋਗ ਦੇ ਸਹਾਰੇ ਜੀ ਰਹੀ ਹੁੰਦੀ ਹੈ। ਜੇ ਅਸੀਂ ਆਪਣੀਆਂ ਪ੍ਰਾਪਤੀਆਂ ਪ੍ਰਤੀ ਵਿਗਿਆਨਕ ਅਤੇ ਸਮਾਜਿਕ ਦ੍ਰਿਸ਼ਟੀਕੋਣ ਦੇ ਧਾਰਨੀ ਬਣ ਜਾਈਏ ਤਾਂ ਸਾਡੀਆਂ ਪ੍ਰਾਪਤੀਆਂ ਅਤੇ ਸਫਲਤਾਵਾਂ ਸਾਡਾ ਵਿਕਾਸ ਬਣ