ਕੇ ਸਾਡੀ ਪ੍ਰਸੰਨਤਾ ਵਿੱਚ ਵਾਧਾ ਕਰ ਸਕਦੀਆਂ ਹਨ। ਮੁਕਾਬਲੇ ਦਾ ਆਦੀ ਬਣ ਗਿਆ ਹੋਣ ਕਰਕੇ ਮਨੁੱਖ ਆਪਣੀ ਸਹਿਜ-ਪ੍ਰਾਪਤੀਆਂ ਨੂੰ ਵੀ ਆਪਣੇ ਜਤਨਾਂ ਦੇ ਨਤੀਜੇ ਦੱਸਣ,
ਮੰਨਣ ਅਤੇ ਬਣਾਉਣ ਵਿੱਚ ਆਪਣਾ ਮਰਦਊ ਮੰਨਦਾ ਹੈ। ਜਿਨ੍ਹਾਂ ਸਮਾਜਾਂ ਦਾ ਪ੍ਰਬੰਧ ਨਿਆਂ ਅਤੇ ਨੇਮ ਉੱਤੇ ਆਧਾਰਤ ਹੁੰਦਾ ਹੈ,
ਉਨ੍ਹਾਂ ਸਮਾਜਾਂ ਵਿੱਚ ਵੱਸਣ ਅਤੇ ਕੰਮ ਕਰਨ ਵਾਲੇ ਆਦਮੀਆਂ ਨੂੰ ਤਨਖ਼ਾਹਾਂ ਦਾ ਵਾਧਾ ਅਤੇ ਮੁਰਾਤਬੇ ਵਿੱਚ ਤਰੱਕੀ ਸਮੇਂ ਅਤੇ ਵਾਰੀ ਅਨੁਸਾਰ ਮਿਲਦੇ ਰਹਿਣੇ ਚਾਹੀਦੇ ਹਨ। ਅਜੇਹੇ ਵਾਧੇ ਅਤੇ ਤਰੱਕੀਆਂ ਕਿਸੇ ਮੁਕਾਬਲੇ ਦਾ ਨਤੀਜਾ ਨਾ ਹੋਣ ਕਰਕੇ ਇਨ੍ਹਾਂ ਤੋਂ ਪ੍ਰਾਪਤ ਹੋਣ ਵਾਲੀ ਖੁਸ਼ੀ ਕਿਸੇ ਨੂੰ ਚੁਭਦੀ ਨਹੀਂ। ਇਹ ਸਾਰੇ ਸਮਾਜ ਦੀ ਸਾਂਝੀ ਖ਼ੁਸ਼ੀ ਬਣੀ ਰਹਿੰਦੀ ਹੈ;
ਇੱਕ ਪ੍ਰਕਾਰ ਦਾ ਵਿਕਾਸ ਹੋ ਨਿਬੜਦੀ ਹੈ। ਆਪਣੇ ਉਚੇਦੇ ਜਤਨ ਨਾਲ ਪ੍ਰਾਪਤ ਕੀਤੀ ਹੋਈ ਸਫਲਤਾ ਵਿੱਚੋਂ ਮਿਲਣ ਵਾਲੀ ਖ਼ੁਸ਼ੀ ਸਾਰਿਆਂ ਨਾਲ ਸਾਂਝੀ ਕਰਨੀ ਜ਼ਰਾ ਔਖੀ ਹੁੰਦੀ ਹੈ। ਜਿਹੜਾ ਗੁੜ ਸਾਨੂੰ ਲੋਕਾਂ ਕੋਲੋਂ ਲੁਕਾਅ ਕੇ ਖਾਣਾ ਪਵੇ,
ਉਹ ਨਿਸਚੇ ਹੀ ਚੋਰੀ ਦਾ ਗੁੜ ਹੈ;
ਉਸ ਦੇ ਬਹੁਤ ਮਿੱਠਾ ਹੋਣ ਵਾਲੀ ਗੱਲ ਸਾਡੀ ਮੰਦੀ ਭਾਵਨਾ ਦੀ ਲਖਾਇਕ ਹੈ,
ਉਸ ਦੀ ਮਿਠਾਸ ਦੀ ਨਹੀਂ।
ਸਾਡੇ ਸਵਾਦਾਂ ਅਤੇ ਸਾਡੀਆਂ ਪਸੰਦਾਂ ਦਾ ਵਿਕਅਤੀਗਤ ਹੋਣਾ ਕੁਦਰਤੀ ਹੈ। ਕਿਸੇ ਨੂੰ ਮਿੱਠਾ ਪਸੰਦ ਹੈ, ਕਿਸੇ ਨੂੰ ਲੂਣ: ਕਿਸੇ ਨੂੰ ਨ੍ਰਿਤ ਪਸੰਦ ਹੈ, ਕਿਸੇ ਨੂੰ ਸੰਗੀਤ। ਆਪਣੇ ਸਵਾਦ ਅਤੇ ਪਸੰਦਾਂ ਅਸੀਂ ਸਾਰਿਆਂ ਨਾਲ ਸਾਂਝੇ ਨਹੀਂ ਕਰ ਸਕਦੇ। ਆਪਣੀਆਂ ਖੁਸ਼ੀਆਂ ਅਸੀਂ ਸਰਵ-ਸਾਂਝੀਆਂ ਕਰ ਸਕਦੇ ਹਾਂ। ਜਿਸ ਖ਼ੁਸ਼ੀ ਨੂੰ ਸਰਵ-ਸਾਂਝੀ ਕਰਨ ਵਿੱਚ ਸਾਨੂੰ ਕੋਈ ਬਿਜਕ ਮਹਿਸੂਸ ਹੁੰਦੀ ਹੋਵੇ, ਉਸ ਖੁਸ਼ੀ ਨੂੰ ਜਨਮ ਦੇਣ ਵਾਲੀ ਪ੍ਰਾਪਤੀ ਵਿੱਚ ਜ਼ਰੂਰ ਹੀ ਕੋਈ ਖੋਟ ਹੈ। ਪ੍ਰਸੰਨਤਾ ਸਾਡੀਆਂ ਪ੍ਰਾਪਤੀਆਂ ਨਾਲ ਨਹੀਂ, ਸਗੋਂ ਪ੍ਰਾਪਤੀਆਂ ਦੇ ਸਾਧਨਾਂ ਦੀ ਸੁੰਦਰਤਾ ਨਾਲ ਸੰਬੰਧਿਤ ਹੈ। ਪ੍ਰਸੰਨਤਾ ਦੇ ਸੰਬੰਧ ਵਿੱਚ "ਅੰਤ ਭਲਾ ਸੇ ਭਲਾ" ਦਾ ਨੇਮ ਕੰਮ ਨਹੀਂ ਕਰਦਾ। ਏਥੇ ਉਹੋ ਭਲਾ ਹੈ ਜੋ ਆਦਿ ਤੋਂ ਅੰਤ ਤਕ ਭਲਾ ਹੈ।