Back ArrowLogo
Info
Profile
ਉਹ ਇਸ ਦੇ ਆਦੀ ਹੋ ਜਾਂਦੇ ਹਨ ਅਤੇ ਇਹ ਸਮਝਦੇ ਹਨ ਕਿ ਮਾਨਸਿਕ ਸ਼ਾਂਤੀ ਉੱਤੇ ਵੀ 'ਸਾਨੂੰ ਉਚੇਚਾ ਅਧਿਕਾਰ ਹੈ"। ਕੁਝ ਇੱਕ ਅਜੇਹੇ ਵੀ ਹੁੰਦੇ ਹਨ, ਜਿਨ੍ਹਾਂ ਕੋਲੋਂ ਅਧਿਕਾਰਾਂ ਦੀ ਵਰਤੋਂ ਵਿੱਚ ਕੁਝ ਵਧੀਕੀਆਂ ਹੋਈਆਂ ਹੁੰਦੀਆਂ ਹਨ। ਇਨ੍ਹਾਂ ਦੀ ਯਾਦ ਉਨ੍ਹਾਂ ਨੂੰ ਅਸ਼ਾਂਤ ਕਰਦੀ ਹੈ। ਉਹ ਮਾਨਸਿਕ ਸ਼ਾਂਤੀ ਦੀ ਲੋੜ ਮਹਿਸੂਸ ਕਰਦੇ ਹਨ। ਕੁਝ ਇੱਕ ਅਤਿ ਕਮਲ ਮਨ ਜੀਵਨ ਦੀ ਸੰਧਿਆ ਸਮੇਂ ਇਹ ਸੋਚ ਕੇ ਵੀ ਅਸ਼ਾਂਤ ਹੋ ਸਕਦੇ ਹਨ ਕਿ ਉਨ੍ਹਾਂ ਨੂੰ ਆਪਣੇ ਵਰਗੇ ਲੋਕਾਂ ਨਾਲੋਂ ਬਹੁਤੇ ਅਧਿਕਾਰਾਂ ਦੇ ਸਵਾਮੀ ਹੋਣ ਦਾ ਕੋਈ ਅਧਿਕਾਰ ਨਹੀਂ ਸੀ। ਕੁਝ ਇੱਕ ਅਜੇਹੀਆਂ ਸੋਚਾਂ ਤੋਂ ਕੋਹਾਂ ਦੂਰ ਰਹਿੰਦੇ ਹਨ-ਉਵੇਂ ਹੀ ਜਿਵੇਂ ਅਪਰਾਧੀ ਅਪਰਾਧ- ਭਾਵਨਾ ਤੋਂ ਦੂਰ ਰਹਿੰਦੇ ਹਨ।

ਮੇਰਾ ਭਾਵ ਇਹ ਹੈ ਕਿ ਹਰ ਯੁਗ ਵਿੱਚ ਸਮਾਜ ਦੇ ਜ਼ਿੰਮੇਦਾਰ ਅਤੇ ਅਧਿਕਾਰੀ ਵਰਗ ਨੂੰ ਮਾਨਸਿਕ ਅਸ਼ਾਂਤੀ ਜਨ-ਸਾਧਾਰਣ ਨਾਲੋਂ ਵਧੇਰੇ ਭੋਗਣੀ ਪੈਂਦੀ ਹੈ, ਜਿਸ ਕਰਕੇ ਸ਼ਾਂਤੀ ਦੇ ਉਪਰਾਲੇ ਵੀ ਜਿਆਦਾ ਕਰਨੇ ਪੈਂਦੇ ਹਨ। ਹਰ ਯੁਗ ਦਾ ਸਧ ਸਮਾਜਿਕ ਹਿੱਸਾ ਮਨ ਦੀ ਸ਼ਾਂਤੀ ਲਈ ਸੰਤਾਂ ਸਾਧੂਆਂ ਅਤੇ ਗੁਰੂਆਂ-ਪੀਰਾਂ ਦੇ ਦੱਸੇ ਅਭਿਆਸਾਂ ਵਿੱਚ ਵਧੇਰੇ ਦਿਲਚਸਪੀ ਲੈਂਦਾ ਆਇਆ ਹੈ। ਇਸ ਵਰਗ ਨੂੰ ਇਸ ਦਿਲਚਸਪੀ ਦਾ ਇੱਕ ਲਾਭ ਇਹ ਵੀ ਹੁੰਦਾ ਹੈ ਕਿ ਰੀਟਾਇਰ ਹੋ ਜਾਣ ਉੱਤੇ ਅਧਿਕਾਰਾਂ ਦੀ ਸਮਾਪਤੀ ਹੋ ਜਾਣ ਪਿੱਛੋਂ ਵੀ ਇਹ ਅਧਿਆਤਮਕ ਜਗਤ ਦੇ ਉੱਚ-ਅਧਿਕਾਰੀ ਹੋਣ ਦੀ ਤਸੱਲੀ ਦਾ ਆਨੰਦ ਮਾਣ ਸਕਦੇ ਹਨ। ਇਸ ਤਸੱਲੀ ਨੂੰ ਨਿਰਮੂਲ ਅਤੇ ਨਿਰਾਰਥਕ ਕਹਿਣ ਦੀ ਕਾਹਲ, ਮੈਂ ਨਹੀਂ ਕਰਨੀ ਚਾਹੁੰਦਾ। ਇਸ ਦਾ ਕੁਝ ਵਿਸਧਾਰ ਕਰਨ ਦੀ ਲੋੜ ਇਸ ਲਈ ਮਹਿਸੂਸ ਕੀਤੀ ਹੈ ਕਿ ਇਹ ਮਨ ਦੇ ਸਾਤਵਿਕ ਵਿਕਾਸ ਦਾ ਰਾਹ ਰੋਕਦੀ ਹੈ । ਆਪਣੇ ਮਨ ਵਿੱਚ ਝਾਤੀ ਪਾ ਕੇ ਆਪਣੀਆਂ ਮਾਨਸਿਕ ਲੋੜਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਵਾਲੇ ਵਿਅਕਤੀ ਲਈ ਇਹ ਵਿਸਥਾਰ ਲਾਹੇਵੰਦਾ ਹੋ ਸਕਦਾ ਹੈ।

ਅੰਤ ਵਿੱਚ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਬੁੜ੍ਹਾਪਾ ਕੇਵਲ ਸਰੀਰਕ ਨਹੀਂ, ਸਗੋਂ ਸਰੀਰਕ ਅਤੇ ਮਾਨਸਿਕ ਵੀ ਹੈ, ਉਸ ਬੁੜ੍ਹਾਪੇ ਨੂੰ ਤਾਮਸਿਕ ਬਾਹਰਮੁਖਤਾ ਨਾਲ ਸਾਂਝ ਪਾਉਣ ਦੀ ਜਾਚ ਵੀ ਕੁਦਰਤੀ ਹੁੰਦੀ ਹੈ। ਉਹ ਸਾਥ, ਸਹਿਯੋਗ, ਸਹਾਇਤਾ ਅਤੇ ਸਾਂਝ ਦਾ ਲੋੜਵੰਦ ਹੋਣ ਵਿੱਚ ਕਿਸੇ ਪ੍ਰਕਾਰ ਦੀ ਹੀਣਤਾ ਮਹਿਸੂਸ ਕਰਨ ਦੀ ਥਾਂ ਇਨ੍ਹਾਂ ਨੂੰ ਜੀਵਨ ਦੀਆਂ ਵੱਡੀਆਂ ਪ੍ਰਾਪਤੀਆਂ ਸਮਝਦਾ ਹੈ ਅਤੇ ਇਨ੍ਹਾਂ ਨੂੰ ਪ੍ਰਾਪਤ ਕਰ ਸਕਣ ਨੂੰ ਵੱਡੀ ਸਫਲਤਾ ਮੰਨਦਾ ਹੈ। ਆਪਣੇ ਭਾਵਾਂ ਨੂੰ ਸਪੱਸ਼ਟਤਾ ਅਤੇ ਨਿਮਰਤਾ ਨਾਲ ਪ੍ਰਗਟ ਕਰ ਸਕਣ ਵਾਲਾ ਅਤੇ ਦੂਜੇ ਦੇ ਭਾਵਾਂ ਨੂੰ ਸਿਆਣਪ ਅਤੇ ਸਹਿਜ ਨਾਲ ਸੁਣਨ ਵਾਲਾ ਬੁੜ੍ਹਾਪਾ ਨਿਰਾ ਪ੍ਰਸੰਨ ਹੀ ਨਹੀਂ, ਸਗੋਂ ਸੁਹਣਾ ਵੀ ਹੁੰਦਾ ਹੈ। ਜਿੰਨਾ ਜ਼ੋਰ ਅਸੀਂ ਕਿਆਮਤ, ਨਰਕ, ਸੁਰਗ, ਧਰਮਰਾਜ, ਚੁਰਾਸੀ ਲੱਖ ਜੂਨ ਅਤੇ ਆਵਾਗੋਣ ਵਰਗੇ ਨਿਰਮੂਲ, ਅਵਿਗਿਆਨਕ, ਨਾ-ਕਾਬਲੇ ਤਸਦੀਕ ਅਤੇ ਭਿਆਨਕ ਸਿਧਾਂਤਾਂ ਉੱਤੇ ਵਿਸ਼ਵਾਸ ਕਰਨ ਵਿੱਚ ਲਾਉਂਦੇ ਹਾਂ, ਉਸ ਨਾਲੋਂ ਅੱਧੀ ਅਕਲ ਲਾ ਕੇ ਜੇ ਅਸੀਂ ਆਪਣੇ ਆਪ ਨੂੰ ਇਹ ਮੰਨਵਾ ਸਕੀਏ ਕਿ ਸਾਡਾ ਪਰਿਵਾਰ ਸਾਡੀ ਮਾਲਕੀ ਨਹੀਂ; ਅਸੀਂ ਉਸ ਸਭ ਕਾਸੇ ਦੇ ਪਹਿਰੇਦਾਰ, ਨਿਗਰਾਨ ਜਾਂ ਕੇਅਰ ਟੇਕਰ (Care taker) ਹਾਂ, ਜੋ ਅਸਲ ਵਿੱਚ ਸਾਡੇ ਬੱਚਿਆਂ ਦੀ ਮਾਲਕੀ ਹੈ; ਤਾਂ ਸਾਡਾ ਬੁੜ੍ਹਾਪਾ ਹੁਣ ਨਾਲੋਂ ਘੱਟ ਉਦਾਸ ਜਾਂ ਬਹੁਤਾ ਪ੍ਰਸੰਨ ਹੋ ਸਕਦਾ ਹੈ। ਪਰੰਤੂ ਆਪਣੇ ਬੱਚਿਆਂ ਨੂੰ ਆਪਣੇ ਨਾਲੋਂ ਵੱਧ ਸਤਿਕਾਰਯੋਗ ਸਮਝਣਾ ਸੋਖਾ ਨਹੀਂ: ਇਹ ਇੱਕ ਸਾਤਵਿਕ ਸਾਧਨਾ ਹੈ। ਅਸੀਂ ਤਾਂ ਆਪਣੇ ਬਰਾਬਰ ਦੇ ਆਦਮੀਆਂ ਨੂੰ ਵੀ ਆਪਣੇ ਜਿੰਨਾ ਸਤਿਕਾਰ ਦੇਣ ਲਈ ਤਿਆਰ ਨਹੀਂ ਹਾਂ।

126 / 174
Previous
Next