

ਪਰੰਪਰਾ ਅਤੇ ਪ੍ਰਸੰਨਤਾ
ਲੇਖਾਂ ਦੀ ਇਸ ਲੜੀ ਦੇ ਆਰੰਭ ਵਿੱਚ ਮੈਂ ਲਿਖਿਆ ਸੀ ਕਿ ਇਨ੍ਹਾਂ ਲੇਖਾਂ ਰਾਹੀਂ ਮੇਰਾ ਮਨੋਰਥ ਇਹ ਵੇਖਣਾ ਅਤੇ ਵਿਚਾਰਨਾ ਹੈ ਕਿ ਇੱਕ ਆਦਮੀ ਆਪਣੀ ਖੁਸ਼ੀ ਲਈ ਆਪਣੇ ਤੌਰ 'ਤੇ ਕੀ ਕਰ ਸਕਦਾ ਹੈ। ਪਰੰਪਰਾਵਾਂ ਸਮਾਜਕ ਮਾਨਤਾਵਾਂ ਅਤੇ ਸਾਡੇ ਰੀਤੀ-ਰਿਵਾਜ ਸਾਡੀ ਪ੍ਰਸੰਨਤਾ ਨਾਲ ਗੂਹੜਾ ਸੰਬੰਧ ਰੱਖਦੇ ਹਨ। ਪਰੰਪਰਾਵਾਂ, ਰਸਮਾਂ ਅਤੇ ਮਾਨਤਾਵਾਂ ਉੱਤੇ ਕਿਸੇ ਵਿਅਕਤੀ ਦਾ ਕੋਈ ਅਧਿਕਾਰ ਪ੍ਰਤੀਤ ਨਹੀਂ ਹੁੰਦਾ। ਇਹ ਸਮਾਜਕ ਜਾਂ ਸਮੂਹਕ ਹੁੰਦੀਆਂ ਹਨ। ਇਉਂ ਜਾਪਦਾ ਹੈ ਕਿ ਇਨ੍ਹਾਂ ਦੇ ਸੰਬੰਧ ਵਿੱਚ ਵਿਅਕਤੀ ਉੱਕਾ ਬੇ-ਬੱਸ ਹੈ। ਇਨ੍ਹਾਂ ਵੱਲੋਂ ਆਉਣ ਵਾਲੀ ਹਰ ਖੁਸ਼ੀ ਜਾਂ ਉਦਾਸੀ ਉਸ ਨੂੰ, ਬਿਨਾਂ ਹੀਲ-ਹੁੱਜਤ, ਪਰਵਾਨ ਕਰਨੀ ਪਵੇਗੀ।
ਜੇ ਇਹ ਠੀਕ ਹੈ ਤਾਂ ਹੱਥਲਾ ਲੇਖ ਇਸ ਲੜੀ ਦਾ ਹਿੱਸਾ ਨਹੀਂ ਆਖਿਆ ਜਾਣਾ ਚਾਹੀਦਾ। ਪਰੰਤੂ ਇਹ ਗੱਲ ਸਮੁੱਚੀ ਠੀਕ ਨਹੀਂ। ਮੇਰਾ ਖਿਆਲ ਹੈ ਕਿ ਜਿਨ੍ਹਾਂ ਪਰਿਸਥਿਤੀਆਂ ਸਾਹਮਣੇ ਮਨੁੱਖ ਉੱਕਾ ਬੇ-ਬੱਸ ਹੈ ਉਨ੍ਹਾਂ ਪ੍ਰਤੀ ਆਪਣੀ ਸੋਚ, ਆਪਣੇ ਗਿਆਨ ਅਤੇ ਆਪਣੇ ਸਨੇਹੀਆਂ ਦੇ ਸਹਿਯੋਗ ਦੇ ਸਹਾਰੇ, ਉਹ ਆਪਣੀ ਪ੍ਰਤੀਕਿਰਿਆ ਨੂੰ ਅਜੇਹੀ ਬਣਾ ਸਕਦਾ ਹੈ ਜਿਸ ਨਾਲ ਉਸ ਦੀ ਪ੍ਰਸੰਨਤਾ ਦੀ ਬਹੁਤੀ ਹਾਨੀ ਨਾ ਹੋਵੇ।
ਇਉਂ ਕਰ ਸਕਣ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਪਰੰਪਰਾਵਾਂ, ਰਸਮਾਂ ਅਤੇ ਮਾਨਤਾਵਾਂ ਦੇ ਵਿਕਾਸ ਦੇ ਭੇਰ ਨੂੰ ਜਾਣਦੇ ਹੋਈਏ। ਇਸ ਤੋਂ ਮੇਰਾ ਇਹ ਭਾਵ ਨਹੀਂ ਕਿ ਹਰ ਪਰੰਪਰਾ ਜਾਂ ਹਰ ਰਸਮ ਦੇ ਵਿਕਾਸ ਤੋਂ ਜਾਣੂੰ ਹੋਣ ਦੀ ਸਾਨੂੰ ਲੋੜ ਹੈ। ਇਹ ਕੰਮ ਪੇਸ਼ਾਵਰ ਖੋਜੀਆਂ ਦਾ ਹੈ। ਆਮ ਆਦਮੀ ਲਈ ਇਹ ਜਾਣਨਾ ਕਾਫ਼ੀ ਹੈ ਕਿ ਪਰੰਪਰਾ ਅਤੇ ਸੱਭਿਅ ਸਮਾਜਕ ਜੀਵਨ ਵਿੱਚ ਕੀ ਸਾਂਝ ਹੈ।
ਇਸ ਸਾਂਝ ਦੀ ਵਿਗਿਆਨਿਕ ਵਿਆਖਿਆ ਲਈ ਮੈਨੂੰ ਅੰਗਰੇਜ਼ੀ ਬੋਲੀ ਦੀ ਸਹਾਇਤਾ ਲੈਣੀ ਪਵੇਗੀ। ਕਾਰਨ ਇਹ ਹੈ ਕਿ ਸਾਡੀ ਭਾਸ਼ਾ ਨੇ ਅਜੇ ਅਜੇਹੇ ਮਸਲਿਆਂ ਦੀ ਛਾਣ- ਬੀਣ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਇਹ ਵੀ ਆਖਿਆ ਜਾ ਸਕਦਾ ਹੈ ਕਿ ਮੈਨੂੰ ਪੰਜਾਬੀ ਬੋਲੀ (ਜਾਂ ਭਾਰਤੀ ਬੋਲੀਆਂ) ਦੀ ਸਮਰੱਥਾ ਦਾ ਬਹੁਤਾ ਗਿਆਨ ਨਹੀਂ।
ਅੰਗਰੇਜ਼ੀ ਭਾਸ਼ਾ ਦੇ ਤਿੰਨ ਸ਼ਬਦ-ਕਨਵੈਨਸ਼ਨ, ਕਸਟਮ ਅਤੇ ਟੈਡੀਸ਼ਨ (Convention, Custom and Tradition) ਉਵੇਂ ਹੀ ਸਮਾਨਾਰਥਕ ਸਮਙੇ, ਮੰਨੇ ਅਤੇ ਵਰਤੇ ਜਾਂਦੇ ਹਨ ਜਿਵੇਂ ਪੰਜਾਬੀ ਦੇ ਰੀਤੀ, ਰਿਵਾਜ ਅਤੇ ਪਰੰਪਰਾ। ਉਂਞ ਇਨ੍ਹਾਂ ਦੇ ਅਰਥਾਂ ਵਿੱਚ ਫਰਕ ਹੈ। ਜਦੋਂ ਤੁਲਸੀ ਦਾਸ ਜੀ ਕਹਿੰਦੇ ਹਨ, "ਰਘੂਕੁਲ ਰੀਤ ਯਹੀ ਚਲੀ ਆਈ" ਉਦੋਂ 'ਰੀਤ' ਦਾ ਭਾਵ ਰਿਵਾਜ ਨਹੀਂ। ਰਿਵਾਜ ਸਮੁੱਚੇ ਸਮਾਜ ਨਾਲ ਸੰਬੰਧਤ ਹੁੰਦੇ ਹਨ ਜਦ ਕਿ ਪ੍ਰਾਣ ਦੇ ਕੇ ਬਚਨ ਨਿਭਾਉਣ ਦੀ 'ਰੀਤ' ਰਘੁਵੰਸ਼ ਦੀ ਵਿਸ਼ੇਸ਼ਤਾ ਹੈ। ਸਮਾਜ ਦੇ ਹਰ ਮੈਂਬਰ ਵੀ ਬਚਨ ਨਿਭਾਉਣ ਦੀ ਪ੍ਰਥਾ ਦਾ ਆਦਰ ਕਰਦੇ ਹਨ ਪਰੰਤੂ ਪ੍ਰਾਣ ਦੇ ਕੇ ਬਚਨ