

ਮੈਂ ਕਨਵੈਨਸ਼ਨ, ਕਸਟਮ ਅਤੇ ਟ੍ਰੈਡੀਸ਼ਨ ਦੀ ਗੱਲ ਕਰ ਰਿਹਾ ਹਾਂ। ਇਹ ਠੀਕ ਹੈ ਕਿ ਕਿਸੇ ਸਮਾਜ ਦੇ ਸਾਰੇ ਮੈਂਬਰ ਇੱਕ ਥਾਂ ਬੈਠ ਕੇ ਅਤੇ ਸਲਾਹ-ਮਸ਼ਵਰਾ ਕਰ ਕੇ ਕਸਟਮਜ਼ ਨੂੰ ਜਨਮ ਨਹੀਂ ਦਿੰਦੇ, ਤਾਂ ਵੀ ਕਸਟਮ ਉਨ੍ਹਾਂ ਮਨੁੱਖੀ ਵਤੀਰਿਆਂ ਅਤੇ ਵਰਤਾਰਿਆਂ ਦਾ ਨਤੀਜਾ ਹੁੰਦੇ ਹਨ ਜਿਹੜੇ ਵਤੀਰੇ, ਜੀਵਨ ਨੂੰ ਸੁਖਾਵਾਂ ਬਣਾਉਣ ਲਈ ਮਨੁੱਖਾਂ ਨੇ ਸੋਚ ਸਮਝ ਕੇ (ਮਜਬੂਰੀ ਦੀ ਥਾਂ ਮਰਜ਼ੀ ਨਾਲ) ਅਪਣਾਏ ਹੁੰਦੇ ਹਨ। ਇਸੇ ਤਰ੍ਹਾਂ ਕਨਵੈਨਸ਼ਨਜ਼ ਵੀ ਉਨ੍ਹਾਂ ਸਹਿਮਤੀਆਂ, ਸਮਝੌਤਿਆਂ ਅਤੇ ਸੰਬੰਧਾਂ ਦੀ ਉਪਜ ਹੁੰਦੀਆਂ ਹਨ ਜਿਨ੍ਹਾਂ ਪਿੱਛੇ ਮਨੁੱਖ ਦੀ ਮਰਜ਼ੀ ਅਤੇ ਪਰਵਾਨਗੀ ਕੰਮ ਕਰ ਰਹੀ ਹੁੰਦੀ ਹੈ। ਵਿਅਕਤੀ ਦੀ ਮਰਜ਼ੀ ਅਤੇ ਸਮਾਜ ਦੀ ਮਨਜ਼ੂਰੀ ਇਸ ਗੱਲ ਦੀ ਗਵਾਹੀ ਹੈ ਕਿ ਰਸਮਾਂ ਅਤੇ ਰਿਵਾਜਾਂ ਦਾ ਜਨਮ ਸਮਾਜਕ ਜੀਵਨ ਨੂੰ ਸੁਖਾਵਾਂ ਬਣਾ ਕੇ ਵਿਅਕਤੀ ਲਈ ਪ੍ਰਸੰਨਤਾ ਦੇ ਅਵਸਰ ਪੈਦਾ ਕਰਨ ਦੇ ਖਿਆਲ ਵਿੱਚੋਂ ਹੋਇਆ ਹੈ।
ਰਵਾਇਤਾਂ ਬਣਨ ਤੋਂ ਪਹਿਲਾਂ ਰਿਵਾਜ ਆਪਣੇ ਇਸ ਮਨੋਰਥ ਵਿੱਚ ਬਹੁਤ ਹੱਦ ਤਕ ਸਫਲ ਵੀ ਹੁੰਦੇ ਹਨ। ਰਿਵਾਜ ਅਤੇ ਆਦਤ ਵਿੱਚ ਇੱਕ ਸਾਂਝ ਹੈ । ਰਿਵਾਜ ਨੂੰ ਸਮਾਜਕ ਆਦਤ ਆਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਇੱਕ ਵਿਅਕਤੀ ਲਈ ਆਪਣੀ ਆਦਤ (ਚੰਗੀ ਭਾਵੇਂ ਮਾੜੀ) ਅਨੁਸਾਰ ਵਰਤਣਾ-ਵਿਚਰਨਾ ਸੌਖਾ ਅਤੇ ਨਿਰਯਤਨ ਹੁੰਦਾ ਹੈ, ਉਸੇ ਤਰ੍ਹਾਂ ਸਮਾਜਾਂ ਲਈ ਰਿਵਾਜਾਂ ਦਾ ਪਾਲਣ ਕਰਨਾ ਵੀ ਸਰਲ ਅਤੇ ਸੁਖਦਾਇਕ ਹੁੰਦਾ ਹੈ। ਪ੍ਰਾਣ-ਦਾਨ ਦੀ ਮੰਗ ਰੀਤਾਂ ਜਾਂ ਰਵਾਇਤਾਂ ਦੀ ਹੈ, ਰਿਵਾਜਾਂ ਦੀ ਨਹੀਂ।
ਸਾਡੀਆਂ ਆਦਤਾਂ ਸਾਡੇ ਭਾਵਾਂ ਅਤੇ ਵਿਚਾਰਾਂ ਉੱਤੇ ਵੀ ਆਧਾਰਿਤ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਨੇੜਲਾ ਸੰਬੰਧ ਸਾਡੇ ਕੰਮਾਂ ਨਾਲ ਵੀ ਹੁੰਦਾ ਹੈ। ਕਿਸੇ ਕਿਰਿਆ ਦਾ ਲੰਮਾ ਅਭਿਆਸ ਕਿਸੇ ਇੱਕ ਆਦਤ ਨੂੰ ਜਨਮ ਦੇ ਦਿੰਦਾ ਹੈ । ਆਦਤਾਂ (ਪਰਗਟ ਰੂਪ ਵਿੱਚ) ਸਰੀਰਕ ਹੁੰਦੀਆਂ ਹਨ ਵਿਸ਼ੇਸ਼ ਕਰਕੇ ਆਪਣੇ ਮੁੱਢਲੇ ਰੂਪ ਵਿੱਚ। ਹੌਲੀ ਹੌਲੀ ਇਹ ਮਨੁੱਖ ਉੱਤੇ ਏਨੀਆਂ ਭਾਰੂ ਹੋ ਜਾਂਦੀਆਂ ਹਨ ਕਿ ਇਨ੍ਹਾਂ ਨੂੰ ਦੂਜੇ ਦਰਜੇ ਦੀ ਪਰਵਿਰਤੀ (second nature) ਤੱਕ ਆਖਿਆ ਜਾਣ ਲੱਗ ਪੈਂਦਾ ਹੈ। ਦੂਜੇ ਦਰਜੇ ਦੀ ਪਰਵਿਰਤੀ ਬਣੀ ਹੋਈ ਬੁਰੀ ਆਦਤ ਵੀ, ਰਵਾਇਤ ਵਾਂਙੂ, ਮਨੁੱਖੀ ਪ੍ਰਸੰਨਤਾ ਉੱਤੇ ਭਾਰੂ ਹੋ ਸਕਦੀ ਹੈ । ਬੌਧਿਕ ਨਿਯੰਤ੍ਰਣ ਵਿੱਚੋਂ ਨਿਕਲ ਜਾਣ ਵਾਲਾ ਹਰ ਅਭਿਆਸ, ਹਰ ਵਿਸ਼ਵਾਸ ਮਨੁੱਖ ਦਾ ਮਾਲਕ ਬਣ ਕੇ ਉਸ ਦੀ ਪ੍ਰਸੰਨਤਾ ਦੀ ਹਾਨੀ ਕਰ ਸਕਦਾ ਹੈ; ਸਾਡੀ ਪ੍ਰਸੰਨਤਾ ਮਿੱਤ੍ਰਾਂ ਅਤੇ ਸਹਾਇਕਾ ਦੇ ਸਾਥ ਵਿੱਚ ਹੈ। ਮਾਲਕਾਂ ਦੀ ਮਿਹਰ ਵਿੱਚ ਨਹੀਂ।
ਅਰਸਤੂ ਹਾਸਲ ਕਰਨ (to have-ਟੂ ਹੋਵ) ਨੂੰ ਆਦਤ (habit ਹੈਬਿਟ) ਸ਼ਬਦ ਦਾ ਧਾਤੂ ਮੰਨਦਾ ਸੀ। ਗੱਲ ਠੀਕ ਵੀ ਜਾਪਦੀ ਹੈ। ਸਕਾਟਲੈਂਡ ਦੇ ਲੋਕ ਹੈਵਿਗਜ਼ (havings) ਦੇ ਅਰਥ ਸਦਾਚਾਰ, ਸਦ-ਵਿਵਹਾਰ ਅਤੇ ਸ਼ੁਭ ਗੁਣ ਕਰਦੇ ਹਨ। ਸਦਾਚਾਰ ਅਤੇ ਸਦ- ਵਿਵਹਾਰ ਆਦਿਕ ਨੂੰ ਚੰਗੀਆਂ ਆਦਤਾਂ ਆਖਣ ਵਿੱਚ ਕੋਈ ਉਕਾਈ ਜਾਂ ਆਪੱਤੀ ਨਹੀਂ।